ਅਗਨੀਵੀਰ ਭਰਤੀ ਰੈਲੀ ਦੇ 8ਵੇਂ ਦਿਨ ਬਠਿੰਡਾ ਦੇ 1100 ਨੌਜਵਾਨਾਂ ਨੇ ਦਿਖਾਇਆ ਜੋਸ਼
500 ਉਮੀਦਵਾਰਾਂ ਦੇ ਹੋਏ ਮੈਡੀਕਲ ਟੈਸਟ
ਫ਼ਿਰੋਜ਼ਪੁਰ, 25 ਅਗਸਤ (ਗੁਰਿੰਦਰ ਸਿੰਘ)-ਸਥਾਨਕ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਫਿਰੋਜ਼ਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ਅਤੇ ਬਠਿੰਡਾ ਜ਼ਿਲ੍ਹਿਆਂ ਦੇ ਨੌਜਵਾਨਾਂ ਲਈ ਚੱਲ ਰਹੀ ਅਗਨੀਵੀਰ ਭਰਤੀ ਰੈਲੀ ਦੇ 8ਵੇਂ ਦਿਨ ਬਠਿੰਡਾ ਜ਼ਿਲ੍ਹੇ ਦੇ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਉਤਸ਼ਾਹ ਨਾਲ ਭਾਗ ਲਿਆ। ਅੱਜ ਬਠਿੰਡਾ ਜ਼ਿਲ੍ਹੇ ਦੇ 1100 ਨੌਜਵਾਨਾਂ ਨੇ ਸਰੀਰਕ ਟੈਸਟ ਵਿਚ ਹਿੱਸਾ ਲੈ ਕੇ ਭਾਰਤੀ ਫੌਜ ਵਿਚ ਭਰਤੀ ਹੋਣ ਲਈ ਆਪਣੀ ਸਰੀਰਕ ਸਮਰੱਥਾ ਦਾ ਪ੍ਰਦਰਸ਼ਨ ਕੀਤਾ।
8
8ਵੇਂ ਦਿਨ ਅਗਨੀਵੀਰ ਭਰਤੀ ਰੈਲੀ ਵਿਚ ਹਿੱਸਾ ਲੈਂਦੇ ਬਠਿੰਡਾ ਜ਼ਿਲ੍ਹੇ ਦੇ ਨੌਜਵਾਨ। ਅਜੀਤ ਤਸਵੀਰ
26-08-2026
ਫ਼ਿਰੋਜ਼ਪੁਰ, 25 ਅਗਸਤ (ਗੁਰਿੰਦਰ ਸਿੰਘ)-ਸਥਾਨਕ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਫਿਰੋਜ਼ਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ਅਤੇ ਬਠਿੰਡਾ ਜ਼ਿਲ੍ਹਿਆਂ ਦੇ ਨੌਜਵਾਨਾਂ ਲਈ ਚੱਲ ਰਹੀ ਅਗਨੀਵੀਰ ਭਰਤੀ ਰੈਲੀ ਦੇ 8ਵੇਂ ਦਿਨ ਬਠਿੰਡਾ ਜ਼ਿਲ੍ਹੇ ਦੇ ਨੌਜਵਾਨਾਂ ਨੇ ਵੱਡੀ ਗਿਣਤੀ ਵਿਚ ਉਤਸ਼ਾਹ ਨਾਲ ਭਾਗ ਲਿਆ। ਅੱਜ ਬਠਿੰਡਾ ਜ਼ਿਲ੍ਹੇ ਦੇ 1100 ਨੌਜਵਾਨਾਂ ਨੇ ਸਰੀਰਕ ਟੈਸਟ ਵਿਚ ਹਿੱਸਾ ਲੈ ਕੇ ਭਾਰਤੀ ਫੌਜ ਵਿਚ ਭਰਤੀ ਹੋਣ ਲਈ ਆਪਣੀ ਸਰੀਰਕ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਜਦਕਿ 500 ਉਮੀਦਵਾਰਾਂ ਦੇ ਮੈਡੀਕਲ ਟੈਸਟ ਵੀ ਕਰਵਾਏ ਗਏ। ਭਰਤੀ ਦਫ਼ਤਰ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਨੀਵੀਰ ਭਰਤੀ ਰੈਲੀ ਨੂੰ ਲੈ ਕੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਅੱਜ ਬਠਿੰਡਾ ਜ਼ਿਲ੍ਹੇ ਤੋਂ ਵੱਡੀ ਗਿਣਤੀ ਵਿਚ ਉਮੀਦਵਾਰ ਭਰਤੀ ਰੈਲੀ ਵਿਚ ਪਹੁੰਚੇ ਅਤੇ ਨਿਰਧਾਰਤ ਮਾਪਦੰਡਾਂ ਅਨੁਸਾਰ ਵੱਖ-ਵੱਖ ਸਰੀਰਕ ਪ੍ਰੀਖਿਆਵਾਂ ਵਿਚ ਭਾਗ ਲਿਆ। ਤੜਕਸਾਰ ਤੋਂ ਹੀ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਚ ਨੌਜਵਾਨਾਂ ਦੀਆਂ ਕਤਾਰਾਂ ਲੱਗੀਆਂ ਰਹੀਆਂ। ਭਰਤੀ ਪ੍ਰਕਿਰਿਆ ਤਹਿਤ ਉਮੀਦਵਾਰਾਂ ਦੀ ਸਰੀਰਕ ਯੋਗਤਾ ਦੀ ਜਾਂਚ ਕਰਨ ਉਪਰੰਤ ਯੋਗ ਉਮੀਦਵਾਰਾਂ ਨੂੰ ਅਗਲੇ ਪੜਾਅ ਲਈ ਭੇਜਿਆ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ 500 ਨੌਜਵਾਨਾਂ ਦੇ ਮੈਡੀਕਲ ਟੈਸਟ ਵੀ ਕਰਵਾਏ ਗਏ। ਭਰਤੀ ਦਫ਼ਤਰ ਵਲੋਂ ਪੂਰੀ ਪ੍ਰਕਿਰਿਆ ਨਿਰਧਾਰਤ ਨਿਯਮਾਂ ਅਤੇ ਮਾਪਦੰਡਾਂ ਅਨੁਸਾਰ ਪਾਰਦਰਸ਼ੀ ਢੰਗ ਨਾਲ ਕਰਵਾਈ ਜਾ ਰਹੀ ਹੈ। ਅਗਨੀਵੀਰ ਭਰਤੀ ਰੈਲੀ ਵਿਚ ਹਿੱਸਾ ਲੈਣ ਲਈ ਆਏ ਨੌਜਵਾਨਾਂ ਵਿਚ ਦੇਸ਼ ਦੀ ਸੇਵਾ ਕਰਨ ਦਾ ਜਜ਼ਬਾ ਅਤੇ ਭਾਰਤੀ ਫੌਜ ਦਾ ਹਿੱਸਾ ਬਣਨ ਦੀ ਤਾਂਘ ਸਪੱਸ਼ਟ ਤੌਰ ’ਤੇ ਦੇਖਣ ਨੂੰ ਮਿਲੀ। ਕਈ ਨੌਜਵਾਨਾਂ ਨੇ ਕਿਹਾ ਕਿ ਫੌਜ ਵਿਚ ਭਰਤੀ ਹੋ ਕੇ ਦੇਸ਼ ਦੀ ਰੱਖਿਆ ਵਿਚ ਆਪਣਾ ਯੋਗਦਾਨ ਪਾਉਣਾ ਉਨ੍ਹਾਂ ਦਾ ਸੁਪਨਾ ਹੈ ਅਤੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਹ ਲੰਬੇ ਸਮੇਂ ਤੋਂ ਸਰੀਰਕ ਤਿਆਰੀ ਕਰ ਰਹੇ ਹਨ। ਭਰਤੀ ਦਫ਼ਤਰ ਦੇ ਬੁਲਾਰੇ ਨੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਕਿ ਉਹ ਭਰਤੀ ਪ੍ਰਕਿਰਿਆ ਨਾਲ ਸਬੰਧਤ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਗਲਤ ਜਾਣਕਾਰੀ ਜਾਂ ਵਿਚੋਲਿਆਂ ਦੇ ਝਾਂਸੇ ਵਿਚ ਨਾ ਆਉਣ। ਉਨ੍ਹਾਂ ਕਿਹਾ ਕਿ ਭਰਤੀ ਪ੍ਰਕਿਰਿਆ ਪੂਰੀ ਤਰ੍ਹਾਂ ਨਿਰਧਾਰਤ ਨਿਯਮਾਂ ਅਨੁਸਾਰ ਕੀਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਚੱਲ ਰਹੀ ਇਹ ਅਗਨੀਵੀਰ ਭਰਤੀ ਰੈਲੀ ਕਈ ਜ਼ਿਲ੍ਹਿਆਂ ਦੇ ਨੌਜਵਾਨਾਂ ਲਈ ਭਾਰਤੀ ਫੌਜ ਵਿਚ ਸੇਵਾ ਕਰਨ ਦਾ ਸੁਨਹਿਰੀ ਮੌਕਾ ਬਣੀ ਹੋਈ ਹੈ। ਰੈਲੀ ਦੇ ਅਗਲੇ ਦਿਨਾਂ ਵਿਚ ਵੀ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਉਮੀਦਵਾਰਾਂ ਦੇ ਸਰੀਰਕ ਅਤੇ ਮੈਡੀਕਲ ਟੈਸਟ ਕਰਵਾਏ ਜਾਣਗੇ।