ਸ਼ਹੀਦਾਂ ਦੀ ਧਰਤੀ ਹੁਸੈਨੀਵਾਲਾ ਤੋਂ ‘ਬਦਲਾਅ ਜ਼ਰੂਰੀ ਹੈ’ ਰੈਲੀ ਲਈ ਮਸ਼ਾਲ ਮਾਰਚ ਰਵਾਨਾ
ਸੀ. ਪੀ.
ਅਜੀਤ ਡੈਸਕ
27-08-2026
ਹੁਸੈਨੀਵਾਲਾ (ਫ਼ਿਰੋਜ਼ਪੁਰ), 25 ਅਗਸਤ (ਗੁਰਿੰਦਰ ਸਿੰਘ)-ਭਾਰਤੀ ਕਮਿਊਨਿਸਟ ਪਾਰਟੀ ਵਲੋਂ 1 ਸਤੰਬਰ ਨੂੰ ਦਿੱਲੀ ਦੇ ਰਾਮ-ਲੀਲ੍ਹਾ ਮੈਦਾਨ ਵਿਖੇ ਕੀਤੀ ਜਾ ਰਹੀ ਵਿਸ਼ਾਲ ਦੇਸ਼-ਵਿਆਪੀ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪੰਜਾਬ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਸਮਾਰਕ ਹੁਸੈਨੀਵਾਲਾ ਤੋਂ ‘ਬਣੇਗਾ ਪ੍ਰਾਪਤੀ ਮੁਹਿੰਮ’ ਦੇ ਬੈਨਰ ਹੇਠ ਮਸ਼ਾਲ ਮਾਰਚ ਰਵਾਨਾ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਨੌਜਵਾਨਾਂ, ਵਿਦਿਆਰਥੀਆਂ, ਪਾਰਟੀ ਵਰਕਰਾਂ ਅਤੇ ਇਸਤਰੀ ਸਭਾ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਮਸ਼ਾਲ ਮਾਰਚ ਨੂੰ ਰਵਾਨਾ ਕਰਨ ਦੀ ਰਸਮ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਸੂਬਾਈ ਆਗੂ ਅਤੇ ਸੀ.ਪੀ.ਆਈ ਦੇ ਸੂਬਾ ਕੌਂਸਲ ਮੈਂਬਰ ਕਾਮਰੇਡ ਹੰਸ ਰਾਜ ਗੋਲਡਨ ਅਤੇ ਫ਼ਾਜ਼ਿਲਕਾ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸੁਰਿੰਦਰ ਸਿੰਘ ਢੰਡੀਆਂ ਨੇ ਸ਼ਹੀਦਾਂ ਦੀ ਬਲਦੀ ਮਸ਼ਾਲ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ, ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਧਾਨ ਸ਼ੁਬੇਗ ਝੰਗੜ ਭੈਣੀ, ਏ.ਆਈ.ਐਸ.ਐਫ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਧਰਮੂਵਾਲਾ ਅਤੇ ਜ਼ਿਲ੍ਹਾ ਸਕੱਤਰ ਸਟਾਲਿਨ ਲਮੋਚੜ੍ਹ ਸਮੇਤ ਸਮੁੱਚੀ ਟੀਮ ਨੂੰ ਸੌਂਪ ਕੇ ਕੀਤੀ। ਇਸ ਮੌਕੇ ਹੰਸ ਰਾਜ ਗੋਲਡਨ ਅਤੇ ਸੁਰਿੰਦਰ ਸਿੰਘ ਢੰਡੀਆਂ ਨੇ ਕਿਹਾ ਕਿ 1 ਸਤੰਬਰ ਦੀ ਦਿੱਲੀ ਰੈਲੀ ਵਿਚ ਸ਼ਾਮਲ ਹੋਣ ਲਈ ਪਾਰਟੀ ਵਰਕਰਾਂ, ਕਿਸਾਨਾਂ, ਮਜ਼ਦੂਰਾਂ, ਔਰਤਾਂ ਅਤੇ ਮੁਲਾਜ਼ਮਾਂ ਦੇ ਨਾਲ-ਨਾਲ ਨੌਜਵਾਨਾਂ ਵਿਚ ਵੀ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਬੇਰੁਜ਼ਗਾਰ ਜਵਾਨੀ ਨੂੰ ਰੁਜ਼ਗਾਰ ਦੀ ਗਾਰੰਟੀ ਦੇਣ ਲਈ ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ (ਬਣੇਗਾ) ਪਾਸ ਕਰਵਾਉਣ ਲਈ ਸੀ.ਪੀ.ਆਈ ਵਲੋਂ ਸੰਘਰਸ਼ ਤੇਜ਼ ਕੀਤਾ ਗਿਆ ਹੈ। ਚਰਨਜੀਤ ਸਿੰਘ ਛਾਂਗਾ ਰਾਏ ਅਤੇ ਰਮਨ ਧਰਮੂਵਾਲਾ ਨੇ ਕਿਹਾ ਕਿ ਹੁਸੈਨੀਵਾਲਾ ਤੋਂ ਰਵਾਨਾ ਹੋਇਆ ਮਸ਼ਾਲ ਮਾਰਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ‘ਬਦਲਾਅ ਜ਼ਰੂਰੀ ਹੈ’ ਰੈਲੀ ਦੀਆਂ ਤਿਆਰੀਆਂ ਅਤੇ ਨੌਜਵਾਨਾਂ-ਵਿਦਿਆਰਥੀਆਂ ਦੀ ਸ਼ਮੂਲੀਅਤ ਲਈ ਲਾਮਬੰਦੀ ਕਰੇਗਾ। ਉਨ੍ਹਾਂ ਕਿਹਾ ਕਿ ਰੈਲੀ ਵਿਚ ਬਣੇਗਾ ਵਲੰਟੀਅਰ ਵਿਸ਼ੇਸ਼ ਵਰਦੀ ਪਹਿਨ ਕੇ ‘ਬਨੇਗਾ ਪ੍ਰਾਪਤੀ ਮੁਹਿੰਮ’ ਦੇ ਬੈਨਰ ਹੇਠ ਸ਼ਾਮਲ ਹੋਣਗੇ ਅਤੇ ਰੁਜ਼ਗਾਰ, ਸਿੱਖਿਆ ਅਤੇ ਸਿਹਤ ਨਾਲ ਸਬੰਧਿਤ ਮੰਗਾਂ ਨੂੰ ਪ੍ਰਮੁੱਖਤਾ ਨਾਲ ਉਠਾਇਆ ਜਾਵੇਗਾ। ਇਸ ਮੌਕੇ ਗੁਰਦਿਆਲ ਢਾਬਾਂ, ਕੁਲਦੀਪ ਬਖ਼ੂਸ਼ਾਹ, ਰਾਜਵਿੰਦਰ ਨਿਉਲ਼ਾ, ਸੁਮਿੱਤਰਾ ਫ਼ਾਜ਼ਿਲਕਾ, ਰਮੇਸ਼ ਕਾਲਾ ਨਵਾਂ ਮੁੰਬਾ, ਸੁਖਦੇਵ ਸੈਦੋ ਕੇ ਹਿਠਾੜ, ਗੁਰਮੀਤ ਕੌਰ ਢੰਡੀਆਂ, ਹਰਜੀਤ ਢੰਡੀਆਂ, ਰਮੇਸ਼ ਪੀਰ ਮੁਹੰਮਦ, ਰਾਜ ਕੁਮਾਰ ਬਹਾਦਰ ਕੇ ਅਤੇ ਜਸਬੀਰ ਲਾਧੂਕਾ ਸਮੇਤ ਹੋਰ ਵਰਕਰ ਹਾਜ਼ਰ ਸਨ।