9 ਵਾਰਡਾਂ ਦੀ ਸੀਵਰੇਜ ਸਮੱਸਿਆ ਨੂੰ ਲੈ ਕੇ ਭਾਜਪਾ ਆਗੂ ਦੀਪਕ ਸ਼ਰਮਾ ਨੇ ਸੌਂਪਿਆ ਮੰਗ ਪੱਤਰ
ਗੁਰੂਹਰਸਹਾਏ, 5 ਸਤੰਬਰ (ਕਪਿਲ ਕੰਧਾਰੀ)-ਭਾਜਪਾ ਆਗੂ ਦੀਪਕ ਸ਼ਰਮਾ ਵਲੋਂ ਗੁਰੂਹਰਸਹਾਏ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਲੰਬੇ ਸਮੇਂ ਤੋਂ ਚੱਲ ਰਹੀ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਆਵਾਜ਼ ਬੁਲੰਦ ਕਰਦਿਆਂ ਐੱਸ. ਡੀ.
ਭ
ਭਾਜਪਾ ਆਗੂ ਦੀਪਕ ਸ਼ਰਮਾ ਦੀ ਅਗਵਾਈ ਹੇਠ ਸੁਪਰਡੈਂਟ ਕੇਵਲ ਕ੍ਰਿਸ਼ਨ ਨੂੰ ਮੰਗ ਪੱਤਰ ਸੌਂਪਦਾ ਹੋਇਆ ਵਫ਼ਦ। ਤਸਵੀਰ-ਕਪਿਲ ਕੰਧਾਰੀ
06-09-2026
ਗੁਰੂਹਰਸਹਾਏ, 5 ਸਤੰਬਰ (ਕਪਿਲ ਕੰਧਾਰੀ)-ਭਾਜਪਾ ਆਗੂ ਦੀਪਕ ਸ਼ਰਮਾ ਵਲੋਂ ਗੁਰੂਹਰਸਹਾਏ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਲੰਬੇ ਸਮੇਂ ਤੋਂ ਚੱਲ ਰਹੀ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਆਵਾਜ਼ ਬੁਲੰਦ ਕਰਦਿਆਂ ਐੱਸ.ਡੀ.ਐੱਮ. ਦਫ਼ਤਰ ਦੇ ਸੁਪਰਡੈਂਟ ਕੇਵਲ ਕ੍ਰਿਸ਼ਨ ਨੂੰ ਮੰਗ ਪੱਤਰ ਸੌਂਪਿਆ ਗਿਆ। ਇਹ ਮੰਗ ਪੱਤਰ ਦੀਪਕ ਸ਼ਰਮਾ ਦੀ ਅਗਵਾਈ ਹੇਠ ਇਕ ਵਫ਼ਦ ਵਲੋਂ ਦਿੱਤਾ ਗਿਆ। ਦੀਪਕ ਸ਼ਰਮਾ ਨੇ ਦੱਸਿਆ ਕਿ ਵਾਰਡ ਨੰਬਰ 3, 4, 5, 6, 7, 8, 13, 14 ਅਤੇ 15 ਦੇ ਵਸਨੀਕ ਪਿਛਲੇ ਲਗਭਗ ਸਾਢੇ ਚਾਰ ਸਾਲਾਂ ਤੋਂ ਸੀਵਰੇਜ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਸੀਵਰੇਜ ਜਾਮ ਹੋਣ, ਮੈਨਹੋਲ ਓਵਰਫਲੋ ਹੋਣ, ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਤੇ ਬਦਬੂ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ-ਸਮੇਂ ਦੀਆਂ ਸਰਕਾਰਾਂ ਤੇ ਸਬੰਧਿਤ ਵਿਭਾਗਾਂ ਵਲੋਂ ਸ਼ਹਿਰ ਦੇ ਸੀਵਰੇਜ ਸਿਸਟਮ ਨੂੰ ਸੁਚੱਜੇ ਤੇ ਤਕਨੀਕੀ ਢੰਗ ਨਾਲ ਵਿਕਸਤ ਕੀਤਾ ਜਾਂਦਾ ਤਾਂ ਸ਼ਹਿਰ ਵਾਸੀਆਂ ਨੂੰ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪੈਂਦਾ। ਉਨ੍ਹਾਂ ਕਿਹਾ ਕਿ ਲੋਕ ਲੰਬੇ ਸਮੇਂ ਤੋਂ ਗਲੀਆਂ ਅਤੇ ਨਾਲੀਆਂ ਦੀਆਂ ਸਮੱਸਿਆਵਾਂ ਵਿਚ ਉਲਝੇ ਹੋਏ ਹਨ ਪਰ ਸਥਾਈ ਹੱਲ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ। ਭਾਜਪਾ ਆਗੂ ਨੇ ਮੰਗ ਕੀਤੀ ਕਿ ਪੂਰੇ ਸੀਵਰੇਜ ਨੈੱਟਵਰਕ ਦਾ ਤਕਨੀਕੀ ਸਰਵੇਖਣ ਕਰਵਾਇਆ ਜਾਵੇ ਤੇ ਸੀਵਰੇਜ ਲਾਈਨਾਂ ਦੀ ਸਫ਼ਾਈ ਅਤੇ ਡੀ-ਸਿਲਟਿੰਗ ਕਰਵਾਈ ਜਾਵੇ। ਇਸ ਤੋਂ ਇਲਾਵਾ ਖ਼ਰਾਬ ਜਾਂ ਨਾਕਾਫ਼ੀ ਪਾਈਪਾਂ ਦੀ ਮੁਰੰਮਤ ਜਾਂ ਲੋੜ ਅਨੁਸਾਰ ਤਬਦੀਲੀ ਕੀਤੀ ਜਾਵੇ। ਉਨ੍ਹਾਂ ਵਾਰਡ-ਵਾਈਜ਼ ਸਮਾਂਬੱਧ ਐਕਸ਼ਨ ਪਲਾਨ ਤਿਆਰ ਕਰਕੇ ਸੀਵਰੇਜ ਸਮੱਸਿਆ ਦਾ ਸਥਾਈ ਹੱਲ ਕਰਨ ਦੀ ਵੀ ਮੰਗ ਕੀਤੀ। ਇਸ ਦੇ ਨਾਲ ਹੀ ਦੀਪਕ ਸ਼ਰਮਾ ਨੇ ਗੁਰੂਹਰਸਹਾਏ ਸ਼ਹਿਰ ਵਿਚ ਵਿਗਿਆਨਕ ਢੰਗ ਨਾਲ ਸੋਲਿਡ ਵੈਸਟ ਮੈਨੇਜਮੈਂਟ ਅਤੇ ਟਰੀਟਮੈਂਟ ਪਲਾਂਟ ਸਥਾਪਤ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਕੂੜਾ ਡੰਪਿੰਗ ਸਥਾਨ ਧਾਰਮਿਕ ਸਥਾਨਾਂ ਤੇ ਸਰਕਾਰੀ ਗਰਲਜ਼ ਸਕੂਲ ਦੇ ਨੇੜੇ ਹੋਣ ਕਾਰਨ ਸਿਹਤ, ਵਾਤਾਵਰਨ ਤੇ ਸਫ਼ਾਈ ਦੇ ਪੱਖੋਂ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਵਿਗਿਆਨਕ ਕੂੜਾ ਪ੍ਰਬੰਧਨ ਤੇ ਟਰੀਟਮੈਂਟ ਪਲਾਂਟ ਸਥਾਪਤ ਨਹੀਂ ਹੁੰਦਾ, ਉਦੋਂ ਤੱਕ ਸ਼ਹਿਰ ਵਿਚ ਕੂੜੇ ਦੀ ਇਕੱਤਰਤਾ, ਢੁਆਈ ਅਤੇ ਸੁਰੱਖਿਅਤ ਨਿਪਟਾਰੇ ਦੀ ਢੁਕਵੀਂ ਵਿਵਸਥਾ ਯਕੀਨੀ ਬਣਾਈ ਜਾਵੇ। ਦੀਪਕ ਸ਼ਰਮਾ ਨੇ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੋਂ ਦੋਵਾਂ ਸਮੱਸਿਆਵਾਂ ਦੇ ਤੁਰੰਤ ਅਤੇ ਸਮਾਂਬੱਧ ਹੱਲ ਦੀ ਮੰਗ ਕੀਤੀ। ਇਸ ਮੌਕੇ ਨਰੇਸ਼ ਸਿਕਰੀ, ਭਾਜਪਾ ਮੰਡਲ ਪ੍ਰਧਾਨ ਕਾਕਾ ਸਹਿਗਲ, ਨਿਤਿਨ ਕੁਮਾਰ ਤੋਂ ਇਲਾਵਾ ਹੋਰ ਪਾਰਟੀ ਆਗੂ, ਸਾਥੀ ਅਤੇ ਇਲਾਕਾ ਵਾਸੀ ਮੌਜੂਦ ਸਨ।