2 ਸਾਲਾ ਮਾਸੂਮ ਨੂੰ ਕੁੱਤੇ ਵਲੋਂ ਬੁਰੀ ਤਰ੍ਹਾਂ ਨੋਚੇ ਜਾਣ ਦੀ ਘਟਨਾ ਮਗਰੋਂ ਲੋਕਾਂ ’ਚ ਰੋਸ
ਕੈਂਟ ਬੋਰਡ ਨੇ ਖਾਨਾਪੂਰਤੀ ਲਈ ਚਲਾਈ ਆਵਾਰਾ ਕੁੱਤਿਆਂ ਨੂੰ ਫੜਨ ਦੀ ਮੁਹਿੰਮ ਫ਼ਿਰੋਜ਼ਪੁਰ, 9 ਸਤੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਛਾਉਣੀ ਖੇਤਰ ਵਿਚ ਆਵਾਰਾ ਅਤੇ ਹਮਲਾਵਰ ਕੁੱਤਿਆਂ ਦੇ ਵੱਧ ਰਹੇ ਖ਼ੌਫ਼ ਨੇ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਲਿਆ, ਜਦੋਂ ਕਰੀਬ 2 ਸਾਲਾ ਮਾਸੂਮ ਬੱਚੇ ਨੂੰ ਕੁੱਤੇ ਨੇ ਬੁਰੀ ਤਰ੍ਹਾਂ ਨੋਚ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਬੱਚੇ ਨੂੰ ਤੁਰੰਤ ਇਲਾਜ ਲਈ ਫ਼ਿਰੋਜ਼ਪੁਰ ਦੇ ਬਾਗ਼ੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਜਾਰੀ ਹੈ।
ਕੁੱਤਿਆਂ ਵਲੋਂ ਬੁਰੀ ਤਰ੍ਹਾਂ ਨੋਚੇ ਜਾਣ ਪਿੱਛੋਂ ਨਿੱਜੀ ਹਸਪਤਾਲ ਵਿਖੇ ਜੇਰੇ ਇਲਾਜ 2 ਸਾਲਾ ਮਾਸੂਮ ਬੱਚਾ।(ਹੇਠਾਂ) ਆਵਾਰਾ ਕੁੱਤਿਆਂ ਨੂੰ ਫੜਨ ਆਏ ਕੈਂਟ ਬੋਰਡ ਦੇ ਕਰਮਚਾਰੀ। ਅਜੀਤ ਤਸਵੀਰ
10-09-2026
ਫ਼ਿਰੋਜ਼ਪੁਰ, 9 ਸਤੰਬਰ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਛਾਉਣੀ ਖੇਤਰ ਵਿਚ ਆਵਾਰਾ ਅਤੇ ਹਮਲਾਵਰ ਕੁੱਤਿਆਂ ਦੇ ਵੱਧ ਰਹੇ ਖ਼ੌਫ਼ ਨੇ ਉਸ ਸਮੇਂ ਗੰਭੀਰ ਰੂਪ ਧਾਰਨ ਕਰ ਲਿਆ, ਜਦੋਂ ਕਰੀਬ 2 ਸਾਲਾ ਮਾਸੂਮ ਬੱਚੇ ਨੂੰ ਕੁੱਤੇ ਨੇ ਬੁਰੀ ਤਰ੍ਹਾਂ ਨੋਚ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਬੱਚੇ ਨੂੰ ਤੁਰੰਤ ਇਲਾਜ ਲਈ ਫ਼ਿਰੋਜ਼ਪੁਰ ਦੇ ਬਾਗ਼ੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਜਾਰੀ ਹੈ। ਇਸ ਦਰਦਨਾਕ ਘਟਨਾ ਤੋਂ ਬਾਅਦ ਛਾਉਣੀ ਵਾਸੀਆਂ ਵਿਚ ਭਾਰੀ ਰੋਸ ਪੈਦਾ ਹੋ ਗਿਆ ਤੇ ਲੋਕਾਂ ਵਲੋਂ ਕੈਂਟ ਬੋਰਡ ਦੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਤਿੱਖੇ ਸਵਾਲ ਚੁੱਕੇ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਲੰਮੇ ਸਮੇਂ ਤੋਂ ਆਵਾਰਾ ਕੁੱਤਿਆਂ ਦੇ ਝੁੰਡ ਘੁੰਮ ਰਹੇ ਹਨ ਤੇ ਬੱਚਿਆਂ, ਬਜ਼ੁਰਗਾਂ ਤੇ ਰਾਹਗੀਰਾਂ ਲਈ ਲਗਾਤਾਰ ਖ਼ਤਰਾ ਬਣੇ ਹੋਏ ਹਨ ਪਰ ਇਸ ਸਮੱਸਿਆ ਨੂੰ ਸਮੇਂ ਸਿਰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਲੋਕਾਂ ਦੇ ਭਾਰੀ ਰੋਸ ਤੇ ਮਾਸੂਮ ਬੱਚੇ ਦੇ ਗੰਭੀਰ ਜ਼ਖ਼ਮੀ ਹੋਣ ਦੀ ਘਟਨਾ ਤੋਂ ਬਾਅਦ ਹੁਣ ਕੈਂਟ ਬੋਰਡ ਹਰਕਤ ਵਿਚ ਆਇਆ ਹੈ। ਕੈਂਟ ਬੋਰਡ ਵੱਲੋਂ ਆਵਾਰਾ ਕੁੱਤਿਆਂ ਨੂੰ ਫੜਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਵੱਖ-ਵੱਖ ਇਲਾਕਿਆਂ ਵਿਚ ਟੀਮਾਂ ਭੇਜ ਕੇ ਆਵਾਰਾ ਅਤੇ ਹਮਲਾਵਰ ਕੁੱਤਿਆਂ ਨੂੰ ਫੜਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਛਾਉਣੀ ਵਾਸੀਆਂ ਨੇ ਕੈਂਟ ਬੋਰਡ ਦੀ ਇਸ ਅਚਾਨਕ ਕਾਰਵਾਈ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਹੱਲ ਕੀਤਾ ਗਿਆ ਹੁੰਦਾ ਤਾਂ ਸ਼ਾਇਦ ਇਕ ਮਾਸੂਮ ਬੱਚੇ ਨੂੰ ਇਸ ਤਰ੍ਹਾਂ ਦਰਦਨਾਕ ਹਾਦਸੇ ਦਾ ਸ਼ਿਕਾਰ ਨਾ ਹੋਣਾ ਪੈਂਦਾ। ਲੋਕਾਂ ਨੇ ਦੋਸ਼ ਲਗਾਇਆ ਕਿ ਹੁਣ ਘਟਨਾ ਵਾਪਰਨ ਤੇ ਲੋਕਾਂ ਦੇ ਰੋਸ ਤੋਂ ਬਾਅਦ ਕੈਂਟ ਬੋਰਡ ਵਲੋਂ ਸਿਰਫ਼ ਖਾਨਾਪੂਰਤੀ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਕਈ ਵਾਰ ਆਵਾਰਾ ਕੁੱਤਿਆਂ ਦੇ ਝੁੰਡਾਂ ਸਬੰਧੀ ਪ੍ਰਸ਼ਾਸਨ ਤੇ ਸਬੰਧਿਤ ਵਿਭਾਗਾਂ ਨੂੰ ਜਾਣੂ ਕਰਵਾਇਆ ਗਿਆ ਸੀ ਪਰ ਕੋਈ ਪੱਕਾ ਤੇ ਪ੍ਰਭਾਵਸ਼ਾਲੀ ਹੱਲ ਨਹੀਂ ਕੀਤਾ ਗਿਆ। ਲੋਕਾਂ ਨੇ ਇਹ ਵੀ ਮੰਗ ਕੀਤੀ ਕਿ ਸਿਰਫ਼ ਕੁੱਝ ਦਿਨਾਂ ਦੀ ਮੁਹਿੰਮ ਚਲਾ ਕੇ ਮਾਮਲੇ ਨੂੰ ਠੰਢੇ ਬਸਤੇ ਵਿਚ ਨਾ ਪਾਇਆ ਜਾਵੇ, ਸਗੋਂ ਛਾਉਣੀ ਖੇਤਰ ਵਿਚ ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਸਥਾਈ ਹੱਲ ਲਈ ਯੋਜਨਾਬੱਧ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਪ੍ਰਸ਼ਾਸਨ ਵਲੋਂ ਆਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਕਈ ਵਾਰ ਕੁੱਝ ਡੌਂਗ ਲਵਰਜ਼ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਵਲੋਂ ਇਸ ਦਾ ਵਿਰੋਧ ਕੀਤਾ ਜਾਂਦਾ ਹੈ।