ਪੁੱਤਰ ਦੇ ਕੈਨੇਡਾ ਪੁਲਿਸ ਦੀ ਹਿਰਾਸਤ ’ਚ ਹੋਣ ਦਾ ਡਰਾਵਾ ਦੇ ਕੇ ਮਹਿਲਾ ਤੋਂ 4.10 ਲੱਖ ਰੁਪਏ ਠੱਗੇ
ਫਿਰੋਜ਼ਪੁਰ, 20 ਸਤੰਬਰ (ਗੁਰਿੰਦਰ ਸਿੰਘ)-ਸਾਈਬਰ ਠੱਗਾਂ ਵਲੋਂ ਲੋਕਾਂ ਨੂੰ ਡਰਾ-ਧਮਕਾ ਕੇ ਆਨਲਾਈਨ ਪੈਸੇ ਹੜੱਪਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਥਾਣਾ ਸਾਈਬਰ ਕ੍ਰਾਈਮ ਦੀ ਪੁਲਿਸ ਨੇ ਪੁੱਤਰ ਕੈਨੇਡਾ ਪੁਲਿਸ ਦੀ ਹਿਰਾਸਤ ਵਿਚ ਹੋਣ ਦਾ ਡਰਾਵਾ ਦੇ ਕੇ ਇਕ ਮਹਿਲਾ ਤੋਂ 4.
ਫਿਰੋਜ਼ਪੁਰ, 20 ਸਤੰਬਰ (ਗੁਰਿੰਦਰ ਸਿੰਘ)-ਸਾਈਬਰ ਠੱਗਾਂ ਵਲੋਂ ਲੋਕਾਂ ਨੂੰ ਡਰਾ-ਧਮਕਾ ਕੇ ਆਨਲਾਈਨ ਪੈਸੇ ਹੜੱਪਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਥਾਣਾ ਸਾਈਬਰ ਕ੍ਰਾਈਮ ਦੀ ਪੁਲਿਸ ਨੇ ਪੁੱਤਰ ਕੈਨੇਡਾ ਪੁਲਿਸ ਦੀ ਹਿਰਾਸਤ ਵਿਚ ਹੋਣ ਦਾ ਡਰਾਵਾ ਦੇ ਕੇ ਇਕ ਮਹਿਲਾ ਤੋਂ 4.10 ਲੱਖ ਰੁਪਏ ਠੱਗਣ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਾਈਬਰ ਕ੍ਰਾਈਮ ਦੇ ਮੁਖੀ ਇੰਸਪੈਕਟਰ ਸੁਖਬੀਰ ਕੌਰ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਰਾਜਵਿੰਦਰ ਕੌਰ ਪਤਨੀ ਵਜੀਰ ਸਿੰਘ ਵਾਸੀ ਟਿੱਬੀ ਖੁਰਦ ਨੇ ਦੱਸਿਆ ਕਿ ਉਸ ਨੂੰ ਇਕ ਮੋਬਾਈਲ ਨੰਬਰ ਤੋਂ ਫੋਨ ਆਇਆ। ਫੋਨ ਕਰਨ ਵਾਲੇ ਵਿਅਕਤੀ ਨੇ ਉਸ ਨੂੰ ਦੱਸਿਆ ਕਿ ਉਸ ਦਾ ਬੇਟਾ ਕਿਸੇ ਗਲਤ ਵਿਅਕਤੀ ਤੋਂ ਲਿਫਟ ਲੈਣ ਕਾਰਨ ਕੈਨੇਡਾ ਪੁਲਿਸ ਦੀ ਹਿਰਾਸਤ ਵਿਚ ਹੈ। ਕਥਿਤ ਠੱਗ ਨੇ ਉਸ ਦੇ ਪੁੱਤਰ ਨੂੰ ਪੁਲਿਸ ਹਿਰਾਸਤ ਵਿਚੋਂ ਛੁਡਵਾਉਣ ਲਈ ਪੈਸਿਆਂ ਦੀ ਮੰਗ ਕੀਤੀ। ਸਿਕਾਇਤਕਰਤਾ ਅਨੁਸਾਰ ਉਕਤ ਵਿਅਕਤੀ ਦੀਆਂ ਗੱਲਾਂ ’ਤੇ ਭਰੋਸਾ ਕਰਦਿਆਂ ਉਸ ਵਲੋਂ 4.10 ਲੱਖ ਰੁਪਏ ਆਨਲਾਈਨ ਟਰਾਂਸਫਰ ਕਰ ਦਿੱਤੇ ਗਏ। ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਉਹ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਚੁੱਕੀ ਹੈ। ਉਪਰੰਤ ਉਸ ਨੇ ਸਾਈਬਰ ਹੈਲਪਲਾਈਨ 1930 ’ਤੇ ਸ਼ਿਕਾਇਤ ਦਰਜ ਕਰਵਾਈ। ਸਟੇਟ ਸਾਈਬਰ ਕ੍ਰਾਈਮ ਪੰਜਾਬ ਵਲੋਂ ਮਾਮਲੇ ਦੀ ਕੀਤੀ ਜਾਂਚ ਉਪਰੰਤ ਥਾਣਾ ਸਾਈਬਰ ਕ੍ਰਾਈਮ ਫਿਰੋਜ਼ਪੁਰ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਕਥਿਤ ਠੱਗਾਂ ਦੀ ਪਛਾਣ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।