ਮੁੱਦਕੀ ਦਾਣਾ ਮੰਡੀ ਵਿਖੇ ਸਫ਼ਾਈ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ
ਮੁੱਦਕੀ, 23 ਸਤੰਬਰ (ਭੁਪਿੰਦਰ ਸਿੰਘ)- ਸਥਾਨਕ ਕਸਬੇ ਦੇ ਗਿੱਲ ਰੋਡ ’ਤੇ ਬਣੀ ਪੱਕੀ ਦਾਣਾ ਮੰਡੀ ਦੀ ਸਫ਼ਾਈ ਨਾ ਹੋਣ ਕਾਰਨ ਬਿਮਾਰੀਆਂ ਦਾ ਘਰ ਬਣੀ ਹੋਈ ਹੈ। ਮੰਡੀ ਦੇ ਫੜ੍ਹ ਵਿਚ ਗੰਦੇ ਨਾਲੇ ਦਾ ਪਾਣੀ ਭਰਨ ਨਾਲ ਡੇਂਗੂ ਤੇ ਮਲੇਰੀਆ ਵਰਗੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ।
ਮ
ਮੁੱਦਕੀ ਦੀ ਗਿੱਲ ਰੋਡ ’ਤੇ ਬਣੀ ਦਾਣਾ ਮੰਡੀ ਦੀ ਮਾੜੀ ਹਾਲਤ ਦੀ ਇਕ ਤਸਵੀਰ। ਅਜੀਤ ਤਸਵੀਰ
24-09-2026
ਮੁੱਦਕੀ, 23 ਸਤੰਬਰ (ਭੁਪਿੰਦਰ ਸਿੰਘ)- ਸਥਾਨਕ ਕਸਬੇ ਦੇ ਗਿੱਲ ਰੋਡ ’ਤੇ ਬਣੀ ਪੱਕੀ ਦਾਣਾ ਮੰਡੀ ਦੀ ਸਫ਼ਾਈ ਨਾ ਹੋਣ ਕਾਰਨ ਬਿਮਾਰੀਆਂ ਦਾ ਘਰ ਬਣੀ ਹੋਈ ਹੈ। ਮੰਡੀ ਦੇ ਫੜ੍ਹ ਵਿਚ ਗੰਦੇ ਨਾਲੇ ਦਾ ਪਾਣੀ ਭਰਨ ਨਾਲ ਡੇਂਗੂ ਤੇ ਮਲੇਰੀਆ ਵਰਗੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਮੰਡੀ ਦੇ ਫੜ੍ਹ ਵਿਚ ਥਾਂ-ਥਾਂ ਘਾਹ ਉੱਗਿਆ ਹੋਇਆ ਹੈ ਤੇ ਮੁਸ਼ਕ ਮਾਰ ਰਿਹਾ ਹੈ। ਉੱਤੋਂ ਝੋਨੇ ਦਾ ਸੀਜ਼ਨ ਆਉਣ ਵਾਲਾ ਹੈ ਪਰ ਮਾਰਕੀਟ ਕਮੇਟੀ ਤਲਵੰਡੀ ਭਾਈ ਵਲੋਂ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਹੈ। ਕਿਸਾਨਾਂ ਦੀ ਝੋਨੇ ਦੀ ਫ਼ਸਲ ਪੱਕ ਕੇ ਲਗਭਗ ਤਿਆਰ ਹੋਣ ਕਿਨਾਰੇ ਹੈ ਪਰ ਮੰਡੀ ਮਹਿਕਮੇ ਵਲੋਂ ਮੰਡੀ ਦੀ ਸਫ਼ਾਈ ਨੂੰ ਲੈ ਕੇ ਚੁੱਪੀ ਧਾਰੀ ਹੋਈ ਹੈ। ਮੰਡੀ ਦੇ ਨਜ਼ਦੀਕ ਹੀ ਨਾਨਕ ਨਗਰੀ ਵਸੀ ਹੋਈ ਹੈ। ਮੰਡੀ ਵਿਚ ਫੈਲੇ ਗੰਦ ਕਾਰਨ ਨਾਨਕ ਨਗਰੀ ਵਾਸੀ ਪ੍ਰੇਸ਼ਾਨੀ ਦੇ ਆਲਮ ਵਿਚੋਂ ਗੁਜ਼ਰ ਰਹੇ ਹਨ। ਫੈਲੇ ਮੱਛਰ ਕਾਰਨ ਨਾਨਕ ਨਗਰੀ ਦੇ ਬੱਚੇ ਬਿਮਾਰ ਹੋ ਰਹੇ ਹਨ। ਕਿਸਾਨਾਂ ਦੀ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਤੋਂ ਮੰਗ ਹੈ ਕਿ ਜਲਦੀ ਤੋਂ ਜਲਦੀ ਮੰਡੀ ਦੀ ਸਫ਼ਾਈ ਕਰਵਾਈ ਜਾਵੇ ਤਾਂ ਜੋ ਉਹ ਆਪਣੀ ਝੋਨੇ ਦੀ ਫ਼ਸਲ ਨੂੰ ਮੰਡੀ ਦੇ ਸਾਫ਼ ਫੜ੍ਹ ਵਿਚ ਲਾਹ ਸਕਣ। ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਤਲਵੰਡੀ ਭਾਈ ਦੇ ਚੇਅਰਮੈਨ ਹਰਪ੍ਰੀਤ ਸਿੰਘ ਕਲਸੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲਦੀ ਹੀ 5 ਤੋਂ 10 ਦਿਨਾਂ ਵਿਚ ਮੰਡੀ ਦੀ ਸਫ਼ਾਈ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫ਼ਸਲ ਸੁੱਟਣ ਸਮੇਂ ਕਿਸਾਨਾਂ ਨੂੰ ਕੋਈ ਵੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਕਿਸਾਨਾਂ ਨੇ ਨਗਰ ਪੰਚਾਇਤ ਮੁੱਦਕੀ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਗਿੱਲ ਰੋਡ ’ ਤੇ ਮੰਡੀ ਦੇ ਕੋਲ ਗੰਦੇ ਪਾਣੀ ਦੀ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਤੇ ਸਮੇਂ ਸਿਰ ਗੰਦੇ ਨਾਲੇ ਦੀ ਸਫ਼ਾਈ ਕਰਵਾਈ ਜਾਵੇ ਤਾਂ ਜੋ ਗੰਦੇ ਨਾਲੇ ਦਾ ਪਾਣੀ ਟੁੱਟ ਕੇ ਮੰਡੀ ਦੇ ਫੜ੍ਹ ਵਿਚ ਨਾ ਪੈ ਸਕੇ।