ਡੀ.ਏ.ਪੀ. ਖਾਦ ਦੀ ਭਾਰੀ ਕਿੱਲਤ ਨੂੰ ਲੈ ਕੇ ਭਾਕਿਯੂ ਪੰਜਾਬ ਵਲੋਂ ਹੰਗਾਮੀ ਮੀਟਿੰਗ, ਸਰਕਾਰ ਖ਼ਿਲਾਫ਼ ਸੰਘਰਸ਼ ਦੀ ਚਿਤਾਵਨੀ
ਫ਼ਿਰੋਜ਼ਪੁਰ, 28 ਸਤੰਬਰ (ਕੁਲਬੀਰ ਸਿੰਘ ਸੋਢੀ)- ਹਾੜ੍ਹੀ ਦੇ ਸੀਜ਼ਨ ਦੀ ਬਿਜਾਈ ਦਾ ਸਮਾਂ ਨੇੜੇ ਹੋਣ ਦੇ ਬਾਵਜੂਦ ਡੀ. ਏ.
ਡ
ਡੀ.ਏ.ਪੀ. ਖਾਦ ਦੀ ਭਾਰੀ ਕਿੱਲਤ ਸਬੰਧੀ ਹੋਈ ਭਾਕਿਯੂ ਪੰਜਾਬ ਦੀ ਹੰਗਾਮੀ ਮੀਟਿੰਗ ਦੌਰਾਨ ਹਾਜ਼ਰ ਆਗੂ ਅਤੇ ਮੈਂਬਰ। ਅਜੀਤ ਤਸਵੀਰ
29-09-2026
ਫ਼ਿਰੋਜ਼ਪੁਰ, 28 ਸਤੰਬਰ (ਕੁਲਬੀਰ ਸਿੰਘ ਸੋਢੀ)- ਹਾੜ੍ਹੀ ਦੇ ਸੀਜ਼ਨ ਦੀ ਬਿਜਾਈ ਦਾ ਸਮਾਂ ਨੇੜੇ ਹੋਣ ਦੇ ਬਾਵਜੂਦ ਡੀ.ਏ.ਪੀ. ਖਾਦ ਦੀ ਭਾਰੀ ਕਿੱਲਤ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਅਹਿਮ ਬੈਠਕ ਸੂਬਾ ਪ੍ਰਧਾਨ ਸਰਦਾਰ ਫੁਰਮਾਨ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿੱਲ ਕਰਮੂਵਾਲਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਖਾਦ ਦੀ ਘਾਟ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ, ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਖਾਦ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿੱਲ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ ਕਣਕ ਤੇ ਆਲੂ ਦੀ ਬਿਜਾਈ ਲਈ ਕੁੱਲ 5.50 ਲੱਖ ਮੀਟ੍ਰਿਕ ਟਨ ਡੀ.ਏ.ਪੀ. ਖਾਦ ਦੀ ਲੋੜ ਹੈ ਜਦਕਿ ਇਸ ਸਮੇਂ ਸੂਬੇ ਵਿਚ ਸਿਰਫ਼ 1.60 ਲੱਖ ਮੀਟ੍ਰਿਕ ਟਨ ਖਾਦ ਦਾ ਸਟਾਕ ਹੀ ਉਪਲਬਧ ਹੈ। ਉਨ੍ਹਾਂ ਅਨੁਸਾਰ ਸੂਬੇ ਵਿਚ ਲੋੜ ਦੇ ਮੁਕਾਬਲੇ 3.90 ਲੱਖ ਮੀਟ੍ਰਿਕ ਟਨ ਖਾਦ ਦੀ ਘਾਟ ਹੈ, ਜਿਸ ਕਾਰਨ ਕਿਸਾਨਾਂ ਨੂੰ ਬਿਜਾਈ ਦੇ ਸੀਜ਼ਨ ਦੌਰਾਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਸਾਨ ਆਗੂ ਨੇ ਦੋਸ਼ ਲਾਇਆ ਕਿ ਡੀ.ਏ.ਪੀ. ਦੀ ਕਿੱਲਤ ਦਾ ਫ਼ਾਇਦਾ ਉਠਾ ਕੇ ਕੁੱਝ ਪ੍ਰਾਈਵੇਟ ਡੀਲਰਾਂ ਵਲੋਂ ਖਾਦ ਦੀ ਕਥਿਤ ਬਲੈਕ ਮਾਰਕੀਟਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੁੱਝ ਥਾਵਾਂ ’ਤੇ ਕਿਸਾਨਾਂ ਨੂੰ ਡੀ.ਏ.ਪੀ. ਖਾਦ ਦੇਣ ਦੀ ਬਜਾਏ ਇਸ ਦੇ ਨਾਲ ਬੇਲੋੜੀਆਂ ਖੇਤੀ ਦਵਾਈਆਂ ਤੇ ਨੈਨੋ ਯੂਰੀਆ ਖ਼ਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿੱਲ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਖੇਤੀ ਲਾਗਤਾਂ ਵਿਚ ਵਾਧੇ ਤੇ ਫ਼ਸਲਾਂ ਦੀ ਪੈਦਾਵਾਰ ਨਾਲ ਜੁੜੀਆਂ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ’ਚ ਬਿਜਾਈ ਦੇ ਅਹਿਮ ਸਮੇਂ ਦੌਰਾਨ ਡੀ.ਏ.ਪੀ. ਖਾਦ ਦੀ ਘਾਟ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧਾ ਸਕਦੀ ਹੈ। ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਡੀ.ਏ.ਪੀ. ਖਾਦ ਦੀ ਸਪਲਾਈ ਸੁਚਾਰੂ ਨਾ ਕੀਤੀ ਗਈ ਤੇ ਕਥਿਤ ਬਲੈਕ ਮਾਰਕੀਟਿੰਗ ਤੇ ਖਾਦ ਨਾਲ ਹੋਰ ਵਸਤਾਂ ਦੀ ਜਬਰੀ ਵਿਕਰੀ ਨੂੰ ਨਾ ਰੋਕਿਆ ਗਿਆ ਤਾਂ ਜਥੇਬੰਦੀ ਵਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਮੀਟਿੰਗ ਵਿਚ ਕਿਸਾਨ ਆਗੂ ਲਖਵਿੰਦਰ ਸਿੰਘ ਸੰਧੂ ਮੀਤ ਪ੍ਰਧਾਨ ਪੰਜਾਬ, ਬਲਦੇਵ ਸਿੰਘ ਵਾਈਆ ਮੀਤ ਪ੍ਰਧਾਨ ਪੰਜਾਬ, ਪ੍ਰਗਟ ਸਿੰਘ ਲਹਿਰਾ ਕੋਰ ਕਮੇਟੀ ਮੈਂਬਰ ਪੰਜਾਬ, ਗੁਰਵਿੰਦਰ ਸਿੰਘ ਮੋਹਕਮਵਾਲਾ ਜ਼ਿਲ੍ਹਾ ਕੋਰ ਕਮੇਟੀ ਮੈਂਬਰ, ਨਿਸ਼ਾਨ ਸਿੰਘ ਫ਼ੌਜੀ ਬਲਾਕ ਪ੍ਰਧਾਨ ਮੱਖੂ, ਰਘਬੀਰ ਸਿੰਘ ਜੰਬਰ ਬਲਾਕ ਪ੍ਰਧਾਨ ਖੋਸਾ ਦਲ, ਸੁਖਚੈਨ ਸਿੰਘ ਬੰਡਾਲਾ ਬਲਾਕ ਪ੍ਰਧਾਨ ਜ਼ੀਰਾ ਤੇ ਸਤਵੰਤ ਸਿੰਘ ਗਿੱਲ ਸਮੇਤ ਹੋਰ ਕਿਸਾਨ ਆਗੂ ਹਾਜ਼ਰ ਸਨ।