ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਣਿਆਂ ’ਚ 9 ਮੁਕੱਦਮੇ ਦਰਜ ਕਰਕੇ ਦੋਸ਼ੀਆਂ ਨੂੰ ਕੀਤਾ ਕਾਬੂ
ਫ਼ਾਜ਼ਿਲਕਾ, 4 ਅਕਤੂਬਰ(ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਅਧੀਨ ਆਉਂਦੇ ਵੱਖ ਵੱਖ ਥਾਣਿਆਂ ਵਿਚ ਪੰਜਾਬ ਪੁਲਿਸ ਵਲੋਂ ਵੱਖ ਮੁਕਦਮੇ ਦਰਜ ਕਰਦਿਆਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਆਉਂਦੇ ਥਾਣਾ ਫ਼ਾਜ਼ਿਲਕਾ, ਜਲਾਲਾਬਾਦ, ਅਬੋਹਰ, ਖੂਈਆ ਸਰਵਰ ਅਤੇ ਬਹਾਵਵਾਲਾ ਵਿਖੇ ਪਰਚੇ ਦਰਜ਼ ਕੀਤੇ ਗਏ ਹਨ।
ਫ਼ਾਜ਼ਿਲਕਾ, 4 ਅਕਤੂਬਰ(ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਅਧੀਨ ਆਉਂਦੇ ਵੱਖ ਵੱਖ ਥਾਣਿਆਂ ਵਿਚ ਪੰਜਾਬ ਪੁਲਿਸ ਵਲੋਂ ਵੱਖ ਮੁਕਦਮੇ ਦਰਜ ਕਰਦਿਆਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਆਉਂਦੇ ਥਾਣਾ ਫ਼ਾਜ਼ਿਲਕਾ, ਜਲਾਲਾਬਾਦ, ਅਬੋਹਰ, ਖੂਈਆ ਸਰਵਰ ਅਤੇ ਬਹਾਵਵਾਲਾ ਵਿਖੇ ਪਰਚੇ ਦਰਜ਼ ਕੀਤੇ ਗਏ ਹਨ। ਜਲਾਲਾਬਾਦ-ਜਲਾਲਾਬਾਦ ਥਾਣਾ ਸਦਰ ਪੁਲਿਸ ਨੇ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਖ਼ਿਲਾਫ਼ ਪਰਚਾ ਦਰਜ਼ ਕੀਤਾ ਹੈ। ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਸੁਖੇਰਾ ਬੋਦਲਾ ਤੋਂ ਫੱਤੂ ਵਾਲਾ ਨੂੰ ਜਾ ਰਹੀ ਸੀ ਤਾਂ ਰੇਤ ਦੇ ਖੱਡੇ ਨੇੜੇ ਸਾਹਮਣੇ ਤੋਂ ਇਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਵੇਖ ਕੇ ਆਪਣੇ ਹੱਥ ਵਿਚ ਫੜੀ ਪਾਰਦਰਸ਼ੀ ਮੋਮੀ ਲਿਫਾਫੀ ਹੇਠਾਂ ਸੁੱਟ ਕੇ ਖਿਸਕਣ ਲੱਗਿਆ। ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਤਲਾਸ਼ੀ ਕੀਤੀ ਤਾਂ ਉਸ ਕੋਲੋਂ 2 ਗ੍ਰਾਮ ਹੈਰੋਇਨ ਬਰਾਮਦ ਹੋਈ। ਵਿਅਕਤੀ ਦੀ ਪਛਾਣ ਮਨਪ੍ਰੀਤ ਸਿੰਘ ਉਰਫ ਮੰਨੀ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਮੋਹਕਮ ਅਰਾਈਆ ਵਜੋਂ ਹੋਈ ਹੈ। ਜਿਸ ਦੇ ਖ਼ਿਲਾਫ਼ ਪਰਚਾ ਦਰਜ਼ ਕਰਕੇ ਕਾਬੂ ਕਰ ਲਿਆ ਹੈ। ਜਲਾਲਾਬਾਦ- ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ 12 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਸਬ ਇੰਸਪੈਕਟਰ ਸ਼ਮੀਨਾ ਕੰਬੋਜ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਲੱਲਾ ਬਸਤੀ ਦੇ ਬੈਕਸਾਈਡ ਸਮਾਧ ਤੋਂ ਥੋੜ੍ਹਾ ਅੱਗੇ ਖਾਲੀ ਪਏ ਫੜ੍ਹਾਂ ਕੋਲ ਪੁੱਜੀ ਤਾਂ ਉੱਥੇ 2 ਵਿਅਕਤੀ ਖੜ੍ਹੇ ਦਿਖਾਈ ਦਿੱਤੇ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਇਕਦਮ ਘਬਰਾ ਕੇ ਹੱਥ ਲਿਫਾਫਾ ਰੰਗ ਕਾਲਾ ਹੇਠਾਂ ਸੁੱਟ ਕੇ ਮੌਕੇ ਤੋਂ ਖਿਸਕਣ ਲੱਗੇ। ਜਿਨ੍ਹਾਂ ਨੂੰ ਮੌਕੇ ’ਤੇ ਕਾਬੂ ਕਰਕੇ ਉਨ੍ਹਾਂ ਵੱਲੋਂ ਸੁੱਟਿਆ ਲਿਫਾਫਾ ਚੈੱਕ ਕਰਨ ’ਤੇ 12 ਗ੍ਰਾਮ ਹੈਰੋਇਨ ਬਰਾਮਦ ਹੋਈ। ਵਿਅਕਤੀਆਂ ਦੀ ਪਛਾਣ ਹਰਮਿੰਦਰ ਸਿੰਘ ਉਰਫ ਪ੍ਰਿੰਸ ਪੁੱਤਰ ਕਰਨੈਲ ਸਿੰਘ ਵਾਸੀ ਦਸ਼ਮੇਸ਼ ਨਗਰੀ ਜਲਾਲਾਬਾਦ ਅਤੇ ਅਮਨਜੋਤ ਉਰਫ ਅੰਗਰੇਜ ਪੁੱਤਰ ਕਰਨੈਲ ਸਿੰਘ ਵਾਸੀ ਬਜਾਜ ਸਟਰੀਟ ਜਲਾਲਾਬਾਦ ਵਜੋਂ ਹੋਈ ਹੈ। ਜਿਨ੍ਹਾਂ ’ਤੇ ਪਰਚਾ ਦਰਜ ਕੀਤਾ ਗਿਆ ਹੈ। ਫਾਜ਼ਿਲਕਾ- ਥਾਣਾ ਖੂਈ ਖੇੜਾ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਹੋਲਦਾਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਖੂਈਖੇੜਾ ਤੋਂ ਕੱਚੇ ਰਸਤੇ ਪਿੰਡ ਸਜਰਾਣਾ ਨੂੰ ਜਾ ਰਹੀ ਸੀ ਕੱਚੇ ਰਸਤੇ ਸਜਰਾਣਾ ਜੋ ਨਵੀਂ ਬਣ ਰਹੀ ਸੜਕ ਦੀ ਪੁਲ ਦੇ ਥੱਲੇ ਸੀ ਤਾਂ ਪਿੰਡ ਖੂਈਖੇੜਾ ਦੀ ਤਰਫੋਂ ਇਕ ਮੋਨਾ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ। ਜਿਸ ਨੇ ਪੁਲਿਸ ਪਾਰਟੀ ਦੀ ਗੱਡੀ ਨੂੰ ਵੇਖ ਕੇ ਖੇਤਾਂ ਵੱਲ ਨੂੰ ਖਿਸਕਣ ਲੱਗਿਆ। ਜਿਸ ਨੂੰ ਕਾਬੂ ਕਰਕੇ ਉਸ ਕੋਲੋਂ ਫਿੱਕੇ ਗੁਲਾਬੀ ਰੰਗ ਦੀਆਂ 25 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਵਿਅਕਤੀ ਦੀ ਪਛਾਣ ਸੁਰਜੀਤ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਪਿੰਡ ਸਜਰਾਣਾ ਵਜੋਂ ਹੋਈ ਹੈ। ਫਾਜ਼ਿਲਕਾ- ਫ਼ਾਜ਼ਿਲਕਾ ਥਾਣਾ ਸਿਟੀ ਪੁਲਿਸ ਨੇ ਚੋਰੀ ਦੀ ਮੋਟਰਸਾਈਕਲ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਥਾਣੇਦਾਰ ਜਗਦੀਸ਼ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਚੈਕਿੰਗ ਦੇ ਸਬੰਧ ਵਿਚ ਮੌਜੂਦ ਸੀ ਤਾਂ ਇੱਕ ਵਿਅਕਤੀ ਕੋਲੋਂ ਇਕ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਹੋਇਆ। ਵਿਅਕਤੀ ਦੀ ਪਛਾਣ ਗੌਰਵ ਉਰਫ ਚੂਰੀ ਪੁੱਤਰ ਸੋਨੂ ਮਸੀਹ ਵਾਸੀ ਉੱਡਾ ਵਾਲੀ ਬਸਤੀ ਫਾਜ਼ਿਲਕਾ ਵਜੋਂ ਹੋਈ ਹੈ। ਅਬੋਹਰ- ਥਾਣਾ ਸਿਟੀ 1 ਅਬੋਹਰ ਪੁਲਿਸ ਨੇ 9 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਮੋਹਨ ਲਾਲ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਲਿੰਕ ਰੋਡ ਸੀਡ ਫਾਰਮ ਪੱਕਾ ਅਬੋਹਰ ਤੋਂ ਹੁੰਦੇ ਕੱਚੇ ਰਸਤੇ ਵੱਲ ਜਾ ਰਹੀ ਸੀ ਤਾਂ ਕੱਚੇ ਰਸਤੇ ਦੇ ਕਿਨਾਰੇ ਇਕ ਨੌਜਵਾਨ ਵਿਅਕਤੀ ਖੜ੍ਹਾ ਦਿਖਾਈ ਦਿੱਤਾ। ਜਿਸ ਨੂੰ ਸ਼ੱਕ ਦੀ ਬਿਨਾਹ ’ਤੇ ਚੈੱਕ ਕਰਨ ਲਈ ਗੱਡੀ ਰੁਕਵਾਈ ਜੋ ਨੌਜਵਾਨ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਖਿਸਕਣ ਲੱਗਿਆ ਅਤੇ ਆਪਣੀ ਲੋਅਰ ਦੀ ਜੇਬ ਵਿਚੋਂ ਹੱਥ ਮਾਰ ਕੇ ਕੁਝ ਜ਼ਮੀਨ ’ਤੇ ਸੁੱਟ ਦਿੱਤਾ। ਸਾਥੀ ਕਰਮਚਾਰੀ ਦੀ ਮਦਦ ਨਾਲ ਨੌਜਵਾਨ ਵਿਅਕਤੀ ਨੂੰ ਕਾਬੂ ਕਰਕੇ ਜ਼ਮੀਨ ’ਤੇ ਸੁੱਟੀ ਚੀਜ਼ ਚੈੱਕ ਕੀਤੀ ਤਾਂ ਮੋਮੀ ਲਿਫਾਫੇ ਵਿਚੋਂ 9 ਗ੍ਰਾਮ ਹੈਰੋਇਨ ਬਰਾਮਦ ਹੋਈ। ਵਿਅਕਤੀ ਦੀ ਪਛਾਣ ਗੁਰਲਾਲ ਉਰਫ ਗੁਰੇਲਾਲ ਉਰਫ ਗੋਰੀ ਪੁੱਤਰ ਜੈ ਚੰਦ ਵਾਸੀ ਗਲੀ ਨੰਬਰ 07 ਇੰਦਰਾ ਨਗਰੀ ਅਬੋਹਰ ਵਜੋਂ ਹੋਈ ਹੈ। ਅਬੋਹਰ- ਥਾਣਾ ਖੂਈਆ ਸਰਵਰ ਪੁਲਿਸ ਨੇ ਨਸ਼ੇ ਦੀ ਹਾਲਤ ਵਿਚ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਸਬ ਇੰਸਪੈਕਟਰ ਸ਼ਿਵਸ਼ੰਕਰ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਦੌਰਾਨ ਪਿੰਡ ਖੂਈਆ ਸਰਵਰ, ਦੌਲਤਪੁਰਾ, ਦਲਮੀਰਖੇੜਾ ਆਦਿ ਨੂੰ ਜਾ ਰਹੀ ਸੀ ਤਾਂ ਦੌਲਤਪੁਰਾ ਟੀ-ਪੁਆਇੰਟ ਪੁੱਜੀ ਤਾਂ ਸਾਹਮਣੇ ਤੋਂ ਇੱਕ ਮੋਨਾ ਨੌਜਵਾਨ ਨਸ਼ੇ ਦੀ ਹਾਲਤ ਵਿਚ ਆਉਂਦਾ ਦਿਖਾਈ ਦਿੱਤਾ। ਜਿਸ ਨੂੰ ਪੁਲਿਸ ਪਾਰਟੀ ਦੀ ਮਦਦ ਨਾਲ ਕਾਬੂ ਕਰਕੇ ਡੋਪ ਟੈਸਟ ਕਰਵਾਉਣ ’ਤੇ ਟੈਸਟ ਪਾਜ਼ੇਟਿਵ ਆਇਆ। ਵਿਅਕਤੀ ਦੀ ਪਛਾਣ ਸ਼ਾਮ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਦਲਮੀਰਖੇੜਾ ਵਜੋਂ ਹੋਈ ਹੈ। ਅਬੋਹਰ- ਥਾਣਾ ਸਿਟੀ 2 ਅਬੋਹਰ ਪੁਲਿਸ ਨੇ ਨਸ਼ੇ ਦੀ ਹਾਲਤ ਵਿਚ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਹੈੱਡ ਕਾਂਸਟੇਬਲ ਰਾਜੇਸ਼ ਸਾਂਗਵਾਲ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਕੰਧਵਾਲਾ ਰੋਡ ’ਤੇ ਪੈਟਰੋਲ ਪੰਪ ਦੇ ਪਿੱਛੇ ਜਾਂਦੇ ਕੱਚੇ ਰਸਤੇ ’ਤੇ ਕੰਧਵਾਲਾ ਰੋਡ ਤੋਂ ਰਜੀਵ ਨਗਰ ਨੂੰ ਜਾਂਦੇ ਰਸਤੇ ’ਤੇ ਕਰੀਬ 200 ਮੀਟਰ ਅੱਗੇ ਪੁੱਜੀ ਤਾਂ 2 ਨੌਜਵਾਨ ਨਸ਼ੇ ਦੀ ਹਾਲਤ ਵਿਚ ਝੂਲਦੇ ਫਿਰਦੇ ਦਿਖਾਈ ਦਿੱਤੇ। ਜਿਨ੍ਹਾਂ ਨੂੰ ਕਾਬੂ ਕਰਕੇ ਡੋਪ ਟੈਸਟ ਕਰਵਾਉਣ ’ਤੇ ਟੈਸਟ ਪਾਜ਼ੀਟਿਵ ਆਇਆ। ਵਿਅਕਤੀਆਂ ਦੀ ਪਛਾਣ ਤਰੁਨ ਸਿਡਾਨਾ ਪੁੱਤਰ ਸੁਖਦੇਵ ਸਿਡਾਨਾ ਵਾਸੀ ਗਲੀ ਨੰਬਰ 16 ਨਵੀਂ ਅਬਾਦੀ ਅਬੋਹਰ ਅਤੇ ਕੁਲਦੀਪ ਸਿੰਘ ਉਰਫ ਚਮਕੀਲਾ ਪੁੱਤਰ ਬਲਵੀਰ ਸਿੰਘ ਵਾਸੀ ਨੇੜੇ ਨਿਊ ਸ਼ਿਵ ਮੰਦਿਰ ਢਾਣੀ ਬਿਸ਼ੇਸ਼ਰਨਾਥ ਅਬੋਹਰ ਵਜੋਂ ਹੋਈ ਹੈ। ਅਬੋਹਰ- ਥਾਣਾ ਬਹਾਵਵਾਲਾ ਪੁਲਿਸ ਨੇ ਨਸ਼ੇ ਦੀ ਹਾਲਤ ਵਿਚ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਸਹਾਇਕ ਥਾਣੇਦਾਰ ਸਤਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਦੇ ਦੌਰਾਨ ਸ਼ੱਕੀ ਵਹੀਕਲਾਂ ਅ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਨਰਾਇਣਪੁਰਾ ਤੋਂ ਪਿੰਡ ਵਜੀਦਪੁਰ ਭੋਮਾ ਆ ਰਹੀ ਸੀ ਤਾਂ ਜਦ ਪੁਲਿਸ ਪਾਰਟੀ ਪਿੰਡ ਨਰਾਇਣਪੁਰਾ ਤੇ ਪਿੰਡ ਵਜੀਦਪੁਰ ਭੋਮਾ ਵਾਲੀ ਸਾਈਡ ਪੁੱਜੀ ਤਾਂ ਸਾਹਮਣੇ ਤੋਂ 2 ਨੌਜਵਾਨ ਲੜਕੇ ਨਸ਼ੇ ਦੀ ਲੋਰ ਵਿਚ ਝੂਮਦੇ ਹੋਏ ਆਉਂਦੇ ਦਿਖਾਈ ਦਿੱਤੇ। ਜਿਨ੍ਹਾਂ ਦਾ ਨਸ਼ਾ ਕੀਤਾ ਹੋਇਆ ਜਾਪਦਾ ਹੋਣ ’ਤੇ ਡੋਪ ਟੈਸਟ ਕਰਵਾਇਆ ਗਿਆ ਤਾਂ ਨਸ਼ਾ ਕੀਤਾ ਪਾਇਆ ਗਿਆ। ਵਿਅਕਤੀਆਂ ਦੀ ਪਛਾਣ ਪਵਨ ਕੁਮਾਰ ਪੁੱਤਰ ਰਤਨ ਲਾਲ ਅਤੇ ਸੰਦੀਪ ਕੁਮਾਰ ਪੁੱਤਰ ਬਨਵਾਰੀ ਲਾਲ ਵਾਸੀ ਪਿੰਡ ਕੁੱਲਾਰ ਵਜੋਂ ਹੋਈ ਹੈ। ਅਬੋਹਰ- ਥਾਣਾ ਬਹਾਵਵਾਲਾ ਪੁਲਿਸ ਨੇ 10 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸ਼ੱਕੀ ਵਹੀਕਲਾਂ ਵਾ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਅਮਰਪੁਰਾ ਤੋਂ ਰਾਹੀਂ ਲਿੰਕ ਰੋਡ ਕੰਧਵਾਲਾ ਅਮਰਕੋਟ ਜਾ ਰਹੀ ਸੀ ਤਾਂ ਸਾਹਮਣੇ ਆ ਰਹੇ ਇਕ ਨੌਜਵਾਨ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੀ ਜੇਬ ਚੋਂ ਕੋਈ ਵਸਤੂ ਜ਼ਮੀਨ ’ਤੇ ਸੁੱਟ ਦਿੱਤੀ। ਜਦੋਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਤਲਾਸ਼ੀ ਕੀਤੀ ਗਈ ਤਾਂ ਇੱਕ ਪੱਤਾ ਜਿਸ ਵਿਚ 10 ਗੋਲੀਆਂ ਐਲਪ੍ਰਾਜ਼ੋਲਮ ਬਰਾਮਦ ਹੋਈਆਂ। ਵਿਅਕਤੀ ਦੀ ਪਛਾਣ ਚਰਨਜੀਤ ਉਰਫ ਧਰੂਵ ਪੁੱਤਰ ਸੁਭਾਸ਼ ਚੰਦਰ ਵਾਸੀ ਕੰਧਵਾਲਾ ਅਮਰਕੋਟ ਵਜੋਂ ਹੋਈ ਹੈ। ਉਕਤ ਮਾਮਲਿਆਂ ਵਿਚ ਵੱਖ ਵੱਖ ਧਰਾਵਾਂ ਤਹਿਤ ਪਰਚੇ ਦਰਜ਼ ਕਰਕੇ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ।