ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਸ਼ਹਿਰ ਅੰਦਰ ਲੱਗੇ ਅਣਅਧਿਕਾਰਿਤ ਰਾਜਨੀਤਕ ਬੋਰਡਾਂ ’ਤੇ ਵੱਡੀ ਕਾਰਵਾਈ
ਫ਼ਿਰੋਜ਼ਪੁਰ, 6 ਅਕਤੂਬਰ (ਰਾਕੇਸ਼ ਚਾਵਲਾ, ਕੁਲਬੀਰ ਸਿੰਘ ਸੋਢੀ)-ਸ਼ਹਿਰ ਅੰਦਰ ਬਿਨਾਂ ਮਨਜ਼ੂਰੀ ਲਗਾਏ ਗਏ ਅਣਅਧਿਕਾਰਿਤ ਰਾਜਨੀਤਕ ਅਤੇ ਪ੍ਰਚਾਰਕ ਬੋਰਡਾਂ ਖ਼ਿਲਾਫ਼ ਨਗਰ ਕੌਂਸਲ ਵਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਨਗਰ ਕੌਂਸਲ ਦੀ ਟੀਮ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ, ਚੌਕਾਂ, ਮੁੱਖ ਸੜਕਾਂ ਅਤੇ ਜਨਤਕ ਥਾਵਾਂ ’ਤੇ ਲੱਗੇ ਬੋਰਡਾਂ ਨੂੰ ਹਟਾ ਦਿੱਤਾ ਗਿਆ।
ਫ਼ਿਰੋਜ਼ਪੁਰ, 6 ਅਕਤੂਬਰ (ਰਾਕੇਸ਼ ਚਾਵਲਾ, ਕੁਲਬੀਰ ਸਿੰਘ ਸੋਢੀ)-ਸ਼ਹਿਰ ਅੰਦਰ ਬਿਨਾਂ ਮਨਜ਼ੂਰੀ ਲਗਾਏ ਗਏ ਅਣਅਧਿਕਾਰਿਤ ਰਾਜਨੀਤਕ ਅਤੇ ਪ੍ਰਚਾਰਕ ਬੋਰਡਾਂ ਖ਼ਿਲਾਫ਼ ਨਗਰ ਕੌਂਸਲ ਵਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਨਗਰ ਕੌਂਸਲ ਦੀ ਟੀਮ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ, ਚੌਕਾਂ, ਮੁੱਖ ਸੜਕਾਂ ਅਤੇ ਜਨਤਕ ਥਾਵਾਂ ’ਤੇ ਲੱਗੇ ਬੋਰਡਾਂ ਨੂੰ ਹਟਾ ਦਿੱਤਾ ਗਿਆ। ਇਸ ਕਾਰਵਾਈ ਨਾਲ ਜਿੱਥੇ ਸ਼ਹਿਰ ਵਿਚ ਬੇਤਰਤੀਬ ਲੱਗੇ ਇਸ਼ਤਿਹਾਰੀ ਬੋਰਡਾਂ ਤੋਂ ਰਾਹਤ ਮਿਲੀ ਹੈ, ਉੱਥੇ ਹੀ ਆਪਣੀ ਰਾਜਨੀਤਕ ਅਤੇ ਸਮਾਜਿਕ ਮੌਜ਼ੂਦਗੀ ਦਰਸਾਉਣ ਲਈ ਬੋਰਡਾਂ ਰਾਹੀਂ ਮਸ਼ਹੂਰੀ ਕਰਵਾ ਰਹੇ ਆਗੂਆਂ ਨੂੰ ਵੀ ਝਟਕਾ ਲੱਗਿਆ ਹੈ। ਪਿਛਲੇ ਕੁਝ ਸਮੇਂ ਤੋਂ ਸ਼ਹਿਰ ਅੰਦਰ ਵੱਖ-ਵੱਖ ਰਾਜਨੀਤਕ ਪਾਰਟੀਆਂ ਨਾਲ ਸਬੰਧਤ ਆਗੂਆਂ, ਆਮ ਆਦਮੀ ਪਾਰਟੀ ਦੇ ਸੰਭਾਵੀ ਦਾਅਵੇਦਾਰਾਂ, ਸਮਾਜ ਸੇਵੀਆਂ ਅਤੇ ਹੋਰ ਸਰਗਰਮ ਵਿਅਕਤੀਆਂ ਵਲੋਂ ਵਧਾਈਆਂ, ਸ਼ੁਭਕਾਮਨਾਵਾਂ ਅਤੇ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਨਾਲ ਸਬੰਧਤ ਵੱਡੀ ਗਿਣਤੀ ਵਿਚ ਬੋਰਡ ਲਗਾਏ ਜਾ ਰਹੇ ਸਨ। ਨਗਰ ਕੌਂਸਲ ਵਲੋਂ ਕੀਤੀ ਗਈ ਕਾਰਵਾਈ ਦੌਰਾਨ ਅਜਿਹੇ ਕਈ ਬੋਰਡ ਹਟਾ ਦਿੱਤੇ ਗਏ। ਜਿਨ੍ਹਾਂ ਸਬੰਧੀ ਲੋੜੀਂਦੀ ਮਨਜ਼ੂਰੀ ਹੋਣ ਦੀ ਜਾਣਕਾਰੀ ਸਾਹਮਣੇ ਨਹੀਂ ਆਈ। ਸਿਆਸੀ ਅਤੇ ਸਮਾਜਿਕ ਹਲਕਿਆਂ ਵਿਚ ਨਗਰ ਕੌਂਸਲ ਦੀ ਇਸ ਕਾਰਵਾਈ ਨੂੰ ਲੈ ਕੇ ਚਰਚਾ ਛਿੜ ਗਈ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਵਿਚ ਲੱਗੇ ਬੋਰਡਾਂ ਕਾਰਨ ਸ਼ਹਿਰ ਦੀ ਦਿੱਖ ਪ੍ਰਭਾਵਿਤ ਹੋਣ ਦੇ ਨਾਲ-ਨਾਲ ਕਈ ਥਾਵਾਂ ’ਤੇ ਸੜਕਾਂ ਅਤੇ ਚੌਕਾਂ ਦੇ ਆਲੇ-ਦੁਆਲੇ ਦ੍ਰਿਸ਼ਟੀ ਰੁਕਾਵਟ ਵੀ ਪੈਦਾ ਹੁੰਦੀ ਹੈ। ਹੁਣ ਨਗਰ ਕੌਂਸਲ ਦੀ ਇਸ ਕਾਰਵਾਈ ਤੋਂ ਬਾਅਦ ਸਿਆਸੀ ਅਤੇ ਸਮਾਜਿਕ ਹਲਕਿਆਂ ਦੀ ਨਜ਼ਰ ਇਸ ਗੱਲ ’ਤੇ ਟਿਕੀ ਹੋਈ ਹੈ ਕਿ ਆਉਣ ਵਾਲੇ ਦਿਨਾਂ ਵਿਚ ਸ਼ਹਿਰ ਅੰਦਰ ਮੁੜ ਬਿਨਾਂ ਮਨਜ਼ੂਰੀ ਬੋਰਡ ਲਗਾਉਣ ਵਾਲਿਆਂ ਖ਼ਿਲਾਫ਼ ਕੌਂਸਲ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ।