12 ਮੰਡੀਆਂ ਵਿਚ ਖ਼ਰੀਦ ਕਾਰਜ ਤੇਜ਼ੀ ਨਾਲ ਜਾਰੀ, ਕਿਸਾਨਾਂ ਨੂੰ ਨਿਰਧਾਰਿਤ ਮਾਪਦੰਡਾਂ ਅਨੁਸਾਰ ਫ਼ਸਲ ਲਿਆਉਣ ਦੀ ਅਪੀਲ
ਮੱਖੂ, 27 ਅਕਤੂਬਰ (ਵਰਿੰਦਰ ਮਨਚੰਦਾ)-ਦਾਣਾ ਮੰਡੀ ਮੱਖੂ ਅਧੀਨ ਪੈਂਦੀਆਂ ਮੁੱਖ ਮੰਡੀ ਅਤੇ ਸਬ ਯਾਰਡਾਂ ਵਿਚ ਝੋਨੇ ਦੀ ਸਰਕਾਰੀ ਖ਼ਰੀਦ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਵੱਖ-ਵੱਖ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ 26 ਅਕਤੂਬਰ ਤੱਕ ਵੱਡੀ ਮਾਤਰਾ ’ਚ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ।
ਚ
ਚੇਅਰਮੈਨ ਨਛੱਤਰ ਸਿੰਘ ਵਰਪਾਲ
28-10-2026
ਮੱਖੂ, 27 ਅਕਤੂਬਰ (ਵਰਿੰਦਰ ਮਨਚੰਦਾ)-ਦਾਣਾ ਮੰਡੀ ਮੱਖੂ ਅਧੀਨ ਪੈਂਦੀਆਂ ਮੁੱਖ ਮੰਡੀ ਅਤੇ ਸਬ ਯਾਰਡਾਂ ਵਿਚ ਝੋਨੇ ਦੀ ਸਰਕਾਰੀ ਖ਼ਰੀਦ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਵੱਖ-ਵੱਖ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ 26 ਅਕਤੂਬਰ ਤੱਕ ਵੱਡੀ ਮਾਤਰਾ ’ਚ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਮੱਖੂ ਦੇ ਚੇਅਰਮੈਨ ਨਛੱਤਰ ਸਿੰਘ ਵਰਪਾਲ ਨੇ ਦੱਸਿਆ ਕਿ ਮੰਡੀਆਂ ਵਿਚ ਖ਼ਰੀਦ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਕਿਸਾਨਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 26 ਅਕਤੂਬਰ ਤੱਕ ਮਾਰਕਫੈੱਡ ਵਲੋਂ 1,60,87 0 ਕੁਇੰਟਲ ਝੋਨੇ ਦੀ ਖ਼ਰੀਦ ਕੀਤੀ ਗਈ ਹੈ ਅਤੇ 72,200 ਕੁਇੰਟਲ ਦੀ ਲਿਫ਼ਟਿੰਗ ਹੋ ਚੁੱਕੀ ਹੈ। ਇਸੇ ਤਰ੍ਹਾਂ ਪਨਸਪ ਵਲੋਂ 2,37,397 ਕੁਇੰਟਲ ਝੋਨੇ ਦੀ ਖ਼ਰੀਦ ਅਤੇ 1,03,025 ਕੁਇੰਟਲ ਦੀ ਲਿਫ਼ਟਿੰਗ ਕੀਤੀ ਗਈ ਹੈ। ਪਨਗਰੇਨ ਵਲੋਂ 1,34,770 ਕੁਇੰਟਲ ਝੋਨੇ ਦੀ ਖ਼ਰੀਦ ਅਤੇ 59,020 ਕੁਇੰਟਲ ਦੀ ਲਿਫ਼ਟਿੰਗ ਕੀਤੀ ਗਈ ਹੈ, ਜਦਕਿ ਵੇਅਰਹਾਊਸ ਵਲੋਂ 88,440 ਕੁਇੰਟਲ ਝੋਨੇ ਦੀ ਖ਼ਰੀਦ ਅਤੇ 36,200 ਕੁਇੰਟਲ ਦੀ ਲਿਫ਼ਟਿੰਗ ਦਰਜ ਕੀਤੀ ਗਈ ਹੈ। ਚੇਅਰਮੈਨ ਵਰਪਾਲ ਨੇ ਦੱਸਿਆ ਕਿ ਮਾਰਕੀਟ ਕਮੇਟੀ ਮੱਖੂ ਅਧੀਨ ਕੁੱਲ 12 ਮੰਡੀਆਂ ਆਉਂਦੀਆਂ ਹਨ, ਜਿਨ੍ਹਾਂ ਵਿਚ ਮੁੱਖ ਦਾਣਾ ਮੰਡੀ ਮੱਖੂ ਤੋਂ ਇਲਾਵਾ ਵਿੰਝੋਕੇ (ਕੁਤਬਪੁਰਾ), ਸ਼ੀਹਾਂ ਪਾੜੀ, ਬਹਿਕ ਪਛਾੜੀਆਂ, ਲੋਹਕੇ ਕਲਾਂ, ਠੱਠਾ ਸਾਹਿਬ, ਵਲਾਇਤ ਸ਼ਾਹ ਵਾਲਾ, ਬਾਹਰ ਵਾਲੀ, ਜੋਗੇ ਵਾਲਾ, ਅਮੀਰ ਸ਼ਾਹ ਵਾਲਾ, ਪੀਰ ਮੁਹੰਮਦ ਅਤੇ ਬੁਰਜ ਮੁਹੰਮਦ ਸ਼ਾਹ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਸਬੰਧਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਖ਼ਰੀਦ ਪ੍ਰਬੰਧਾਂ ਦੀ ਦੇਖ-ਰੇਖ ਕੀਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਝੋਨੇ ਦੀ ਫ਼ਸਲ ਨਿਰਧਾਰਿਤ ਮਾਪਦੰਡਾਂ ਅਨੁਸਾਰ ਤਿਆਰ ਕਰਕੇ ਹੀ ਮੰਡੀਆਂ ਵਿਚ ਲਿਆਉਣ ਤਾਂ ਜੋ ਖ਼ਰੀਦ ਸਮੇਂ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫ਼ਸਲ ਦੀ ਸਮੇਂ ਸਿਰ ਖ਼ਰੀਦ ਅਤੇ ਲਿਫ਼ਟਿੰਗ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਮੰਡੀ ਵਿਚ ਉਨ੍ਹਾਂ ਨੂੰ ਲੋੜੀਂਦੀਆਂ ਸਹੂਲਤਾਂ ਦੇਣ ਲਈ ਵੀ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਹਰਦੀਪ ਸਿੰਘ, ਮਨਪ੍ਰੀਤ ਸਿੰਘ, ਹੀਰਾ ਸਿੰਘ, ਸੁੱਖ ਸੰਧੂ ਅਤੇ ਹੋਰ ਹਾਜ਼ਰ ਸਨ।