ਪੱਕੇ ਤੌਰ ’ਤੇ ਟਰੈਫ਼ਿਕ ਮੁਲਾਜ਼ਮ ਤਾਇਨਾਤ ਕਰਨ ਅਤੇ ਨਾਜਾਇਜ਼ ਕਬਜ਼ੇ ਹਟਾਉਣ ਦੀ ਲੋਕਾਂ ਨੇ ਕੀਤੀ ਮੰਗ
ਮੱਖੂ, 11 ਨਵੰਬਰ (ਵਰਿੰਦਰ ਮਨਚੰਦਾ)-ਕਸਬਾ ਮੱਖੂ ਦੇ ਰੇਲਵੇ ਰੋਡ ਅਤੇ ਨੈਸ਼ਨਲ ਹਾਈਵੇ ਨੰਬਰ-54 ’ਤੇ ਸਥਿਤ ਰੇਲਵੇ ਫਾਟਕ ਵਿਖੇ ਰੋਜ਼ਾਨਾ ਲੱਗਣ ਵਾਲੇ ਟਰੈਫ਼ਿਕ ਜਾਮ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲਵੇ ਰੋਡ ’ਤੇ ਬੈਂਕਾਂ ਵਾਲੇ ਇਲਾਕੇ ਵਿਚ ਦੁਕਾਨਦਾਰਾਂ ਵਲੋਂ ਦੁਕਾਨਾਂ ਦੇ ਬਾਹਰ ਸੜਕਾਂ ਅਤੇ ਫੁੱਟਪਾਥਾਂ ਉੱਤੇ ਸਮਾਨ ਰੱਖ ਕੇ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ।
ਮੱਖੂ, 11 ਨਵੰਬਰ (ਵਰਿੰਦਰ ਮਨਚੰਦਾ)-ਕਸਬਾ ਮੱਖੂ ਦੇ ਰੇਲਵੇ ਰੋਡ ਅਤੇ ਨੈਸ਼ਨਲ ਹਾਈਵੇ ਨੰਬਰ-54 ’ਤੇ ਸਥਿਤ ਰੇਲਵੇ ਫਾਟਕ ਵਿਖੇ ਰੋਜ਼ਾਨਾ ਲੱਗਣ ਵਾਲੇ ਟਰੈਫ਼ਿਕ ਜਾਮ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੇਲਵੇ ਰੋਡ ’ਤੇ ਬੈਂਕਾਂ ਵਾਲੇ ਇਲਾਕੇ ਵਿਚ ਦੁਕਾਨਦਾਰਾਂ ਵਲੋਂ ਦੁਕਾਨਾਂ ਦੇ ਬਾਹਰ ਸੜਕਾਂ ਅਤੇ ਫੁੱਟਪਾਥਾਂ ਉੱਤੇ ਸਮਾਨ ਰੱਖ ਕੇ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਇਸ ਕਾਰਨ ਰਾਹਗੀਰਾਂ, ਵਾਹਨ ਚਾਲਕਾਂ ਅਤੇ ਬੈਂਕਾਂ ਵਿਚ ਆਉਣ-ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਟਰੈਫ਼ਿਕ ਵਿਭਾਗ ਅਤੇ ਨਗਰ ਪੰਚਾਇਤ ਦੇ ਅਧਿਕਾਰੀਆਂ ਵਲੋਂ ਇਸ ਸਮੱਸਿਆ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਇਸੇ ਤਰ੍ਹਾਂ ਐਨ.ਐਚ.-54 ’ਤੇ ਸਥਿਤ ਰੇਲਵੇ ਫਾਟਕ ’ਤੇ ਵੀ ਹਰ ਰੋਜ਼ ਲੰਬੀਆਂ ਵਾਹਨਾਂ ਦੀਆਂ ਕਤਾਰਾਂ ਲੱਗ ਜਾਂਦੀਆਂ ਹਨ। ਲੋਕਾਂ ਅਨੁਸਾਰ ਫਾਟਕ ਦੇ ਨਾਲ ਲੱਗਦੀ ਜਗ੍ਹਾ ’ਤੇ ਕੁੱਝ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਨੂੰ ਕਰੀਬ 25 ਤੋਂ 30 ਫੁੱਟ ਤੱਕ ਅੱਗੇ ਵਧਾ ਕੇ ਸਮਾਨ ਰੱਖਿਆ ਹੋਇਆ ਹੈ, ਜਿਸ ਕਾਰਨ ਸੜਕ ਦੀ ਚੌੜਾਈ ਘਟਣ ਨਾਲ ਆਵਾਜਾਈ ਵਿਚ ਰੁਕਾਵਟ ਪੈਦਾ ਹੁੰਦੀ ਹੈ। ਇਸ ਤੋਂ ਇਲਾਵਾ ਰੇਲਵੇ ਫਾਟਕ ਨੇੜੇ ਪੁਲ ਦੀ ਉਸਾਰੀ ਦਾ ਕੰਮ ਚੱਲਣ ਕਾਰਨ ਪਹਿਲਾਂ ਹੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਲੋਕਾਂ ਨੇ ਦੋਸ਼ ਲਾਇਆ ਕਿ ਫਾਟਕ ’ਤੇ ਡਿਊਟੀ ਲਈ ਤਾਇਨਾਤ ਟਰੈਫ਼ਿਕ ਮੁਲਾਜ਼ਮ ਕਈ ਵਾਰ ਆਪਣੀ ਨਿਰਧਾਰਤ ਥਾਂ ਛੱਡ ਕੇ ਆਸ-ਪਾਸ ਨਾਕੇ ਲਗਾ ਕੇ ਵਾਹਨਾਂ ਦੇ ਕਾਗਜ਼ਾਤ ਚੈੱਕ ਕਰਨ ਲੱਗ ਜਾਂਦੇ ਹਨ, ਜਿਸ ਕਾਰਨ ਫਾਟਕ ’ਤੇ ਟਰੈਫ਼ਿਕ ਵਿਵਸਥਾ ਹੋਰ ਵਿਗੜ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫਾਟਕ ’ਤੇ ਤਾਇਨਾਤ ਮੁਲਾਜ਼ਮਾਂ ਦੀ ਮੁੱਖ ਜ਼ਿੰਮੇਵਾਰੀ ਉੱਥੇ ਮੌਜੂਦ ਰਹਿ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਹੋਣੀ ਚਾਹੀਦੀ ਹੈ ਅਤੇ ਵਾਹਨਾਂ ਦੀ ਚੈਕਿੰਗ ਲਈ ਵੱਖਰੇ ਮੁਲਾਜ਼ਮ ਤਾਇਨਾਤ ਕੀਤੇ ਜਾਣ। ਇਲਾਕਾ ਨਿਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਐਨ.ਐਚ.-54 ਦੇ ਰੇਲਵੇ ਫਾਟਕ ’ਤੇ ਪੱਕੇ ਤੌਰ ’ਤੇ ਟਰੈਫ਼ਿਕ ਮੁਲਾਜ਼ਮ ਤਾਇਨਾਤ ਕੀਤੇ ਜਾਣ ਅਤੇ ਉਨ੍ਹਾਂ ਦੀ ਡਿਊਟੀ ਉੱਥੇ ਹੀ ਯਕੀਨੀ ਬਣਾਈ ਜਾਵੇ। ਇਸ ਦੇ ਨਾਲ ਹੀ ਇਹ ਨਗਰ ਪੰਚਾਇਤ ਮੱਖੂ ਤੋਂ ਮੰਗ ਕੀਤੀ ਕਿ ਡਾ.ਰਣਜੀਤ ਸਿੰਘ ਚੌਂਕ ਤੋਂ ਮੇਨ ਬਾਜ਼ਾਰ, ਰੇਲਵੇ ਰੋਡ ਅਤੇ ਰੇਲਵੇ ਫਾਟਕ ਦੇ ਆਲੇ-ਦੁਆਲੇ ਸੜਕਾਂ ਅਤੇ ਫੁੱਟਪਾਥਾਂ ਉੱਤੇ ਕੀਤੇ ਨਾਜਾਇਜ਼ ਕਬਜ਼ੇ ਤੁਰੰਤ ਹਟਾਏ ਜਾਣ ਤਾਂ ਜੋ ਆਮ ਲੋਕਾਂ ਨੂੰ ਰੋਜ਼ਾਨਾ ਦੀ ਟਰੈਫ਼ਿਕ ਸਮੱਸਿਆ ਤੋਂ ਨਿਜਾਤ ਮਿਲ ਸਕੇ।