15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਸ਼ਹੀਦ ਗੰਜ ਪਬਲਿਕ ਸਕੂਲ ਮੁੱਦਕੀ ਦੀ ਦੋ ਰੋਜ਼ਾ ਐਥਲੈਟਿਕਸ ਮੀਟ ਸ਼ਾਨੋ-ਸ਼ੌਕਤ ਨਾਲ ਸੰਪੰਨ

ਮੁੱਦਕੀ, 15 ਨਵੰਬਰ (ਭਾਰਤ ਭੂਸ਼ਨ ਅਗਰਵਾਲ)- ਸੱਚਖੰਡ ਵਾਸੀ ਸੰਤ ਬਾਬਾ ਅਮਰਜੀਤ ਸਿੰਘ ਵਲੋਂ ਸਥਾਪਿਤ ਮਾਲਵੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਗੰਜ ਪਬਲਿਕ ਸਕੂਲ ਮੁੱਦਕੀ ਵਿਖੇ ਅਨੁਸ਼ਾਸਨ, ਸਮਰਪਣ, ਮਿਹਨਤ ਅਤੇ ਖੇਡ ਭਾਵਨਾ ਨੂੰ ਸਮਰਪਿਤ ਦੋ ਰੋਜ਼ਾ ਐਥਲੈਟਿਕਸ ਮੀਟ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਈ। ਐਥਲੈਟਿਕਸ ਮੀਟ ਦਾ ਆਗਾਜ਼ 14 ਨਵੰਬਰ ਨੂੰ ਸਕੂਲ ਪ੍ਰਬੰਧਕੀ ਕਮੇਟੀ ਦੇ ਮੈਨੇਜਰ ਵਿਰਸਾ ਸਿੰਘ ਸੰਧੂ ਅਤੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਵਲੋਂ ਸਾਂਝੇ ਤੌਰ ’ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਕੇ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 16-11-2026
ਮੁੱਦਕੀ, 15 ਨਵੰਬਰ (ਭਾਰਤ ਭੂਸ਼ਨ ਅਗਰਵਾਲ)- ਸੱਚਖੰਡ ਵਾਸੀ ਸੰਤ ਬਾਬਾ ਅਮਰਜੀਤ ਸਿੰਘ ਵਲੋਂ ਸਥਾਪਿਤ ਮਾਲਵੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਗੰਜ ਪਬਲਿਕ ਸਕੂਲ ਮੁੱਦਕੀ ਵਿਖੇ ਅਨੁਸ਼ਾਸਨ, ਸਮਰਪਣ, ਮਿਹਨਤ ਅਤੇ ਖੇਡ ਭਾਵਨਾ ਨੂੰ ਸਮਰਪਿਤ ਦੋ ਰੋਜ਼ਾ ਐਥਲੈਟਿਕਸ ਮੀਟ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਈ। ਐਥਲੈਟਿਕਸ ਮੀਟ ਦਾ ਆਗਾਜ਼ 14 ਨਵੰਬਰ ਨੂੰ ਸਕੂਲ ਪ੍ਰਬੰਧਕੀ ਕਮੇਟੀ ਦੇ ਮੈਨੇਜਰ ਵਿਰਸਾ ਸਿੰਘ ਸੰਧੂ ਅਤੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਵਲੋਂ ਸਾਂਝੇ ਤੌਰ ’ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਕੇ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੰਜੀਵ ਜੈਨ, ਪ੍ਰਬੰਧਕੀ ਕਮੇਟੀ ਦੇ ਮੀਤ ਪ੍ਰਧਾਨ ਗੋਪਿੰਦਰ ਸਿੰਘ ਮੱਲ੍ਹੀ, ਖਜ਼ਾਨਚੀ ਜਸਬੀਰ ਸਿੰਘ, ਮੈਂਬਰ ਗੁਰਤੇਜ ਸਿੰਘ ਪਤਲੀ, ਭੁਪਿੰਦਰ ਸਿੰਘ ਪਤਲੀ, ਸ਼ਹੀਦ ਗੰਜ ਕਾਲਜ ਫ਼ਾਰ ਵੂਮੈਨ ਦੇ ਚੇਅਰਮੈਨ ਰਛਪਾਲ ਸਿੰਘ ਮੱਲ੍ਹੀ ਅਤੇ ਸੀਨੀਅਰ ਕੋਆਰਡੀਨੇਟਰ ਮੀਨੂੰ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਚਾਰੇ ਹਾਊਸਾਂ ਵਲੋਂ ਐਨ.ਸੀ.ਸੀ. ਦੇ ਵਿਦਿਆਰਥੀਆਂ ਦੀ ਅਗਵਾਈ ਹੇਠ ਮਾਰਚ ਪਾਸਟ ਕੀਤਾ ਗਿਆ ਤੇ ਇਸ ਨੂੰ ਮੰਚ ’ਤੇ ਸੁਸ਼ੋਭਿਤ ਸ਼ਖ਼ਸੀਅਤਾਂ ਵਲੋਂ ਸਲਾਮੀ ਦਿੱਤੀ ਗਈ। ਸਕੂਲ ਦੇ ਰਾਸ਼ਟਰੀ ਪੱਧਰ ਦੇ ਖਿਡਾਰੀਆਂ ਵਲੋਂ ਓਲੰਪਿਕ ਮਸ਼ਾਲ ਜਗਾ ਕੇ ਖੇਡ ਭਾਵਨਾ ਅਤੇ ‘ਤੇਜ਼, ਉੱਚਾ, ਮਜ਼ਬੂਤ ਅਤੇ ਇਕੱਠੇ’ ਦੇ ਸੰਕਲਪ ਨੂੰ ਦ੍ਰਿੜ੍ਹ ਕਰਵਾਇਆ ਗਿਆ। ਵਿਦਿਆਰਥੀਆਂ ਵਲੋਂ ਪੇਸ਼ ਕੀਤਾ ਗਿਆ ਪੀ.ਟੀ. ਸ਼ੋਅ ਅਤੇ ਚੀਅਰਲੀਡਰਜ਼ ਦੀ ਪੇਸ਼ਕਾਰੀ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਖੇਡ ਸਮਾਗਮ ਦੇ ਪਹਿਲੇ ਦਿਨ ਲੜਕਿਆਂ ਅਤੇ ਲੜਕੀਆਂ ਦੇ ਜੂਨੀਅਰ ਤੇ ਸੀਨੀਅਰ ਵਰਗਾਂ ਦੇ ਅੰਤਰ-ਹਾਊਸ ਸ਼ਾਟਪੁੱਟ ਅਤੇ ਲੰਬੀ ਛਾਲ ਦੇ ਫਾਈਨਲ ਮੁਕਾਬਲੇ ਕਰਵਾਏ ਗਏ। ਇਸ ਦੇ ਨਾਲ ਹੀ ਰੱਸਾਕਸ਼ੀ ਦੇ ਸੈਮੀਫਾਈਨਲ ਅਤੇ ਫੁੱਟਬਾਲ ਤੇ ਵਾਲੀਬਾਲ ਦੇ ਰੌਮਾਂਚਕ ਸੈਮੀਫਾਈਨਲ ਮੁਕਾਬਲੇ ਵੀ ਹੋਏ। ਦੂਜੇ ਦਿਨ ਲੜਕੇ ਅਤੇ ਲੜਕੀਆਂ ਦੇ ਜੂਨੀਅਰ ਤੇ ਸੀਨੀਅਰ ਵਰਗਾਂ ਦੇ ਫਾਈਨਲ ਮੁਕਾਬਲਿਆਂ ਤੋਂ ਇਲਾਵਾ ਲੜਕਿਆਂ ਦੇ ਫੁੱਟਬਾਲ ਅਤੇ ਵਾਲੀਬਾਲ ਦੇ ਫਾਈਨਲ ਮੈਚ ਕਰਵਾਏ ਗਏ। ਐਥਲੈਟਿਕਸ ਦੇ ਵਿਅਕਤੀਗਤ ਮੁਕਾਬਲਿਆਂ ਵਿਚ 100, 200, 400 ਅਤੇ 600 ਮੀਟਰ ਦੌੜਾਂ ਦੇ ਵੱਖ-ਵੱਖ ਵਰਗਾਂ ਦੇ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ 4 ਗੁਣਾ 100 ਅਤੇ 4 ਗੁਣਾ 400 ਮੀਟਰ ਰਿਲੇਅ ਦੌੜਾਂ ਵਿਚ ਵੀ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਧਿਆਪਕਾਂ ਲਈ ਕਰਵਾਈਆਂ ਗਈਆਂ ਮਨੋਰੰਜਕ ਖੇਡਾਂ ਨੇ ਵੀ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਖੇਡ ਮੁਕਾਬਲਿਆਂ ਦੇ ਨਾਲ-ਨਾਲ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਪੰਜਾਬੀ ਸੱਭਿਆਚਾਰ ਦੇ ਪ੍ਰਤੀਕ ਭੰਗੜੇ ਅਤੇ ਗਿੱਧੇ ਨੇ ਸਮਾਗਮ ਨੂੰ ਚਾਰ ਚੰਨ ਲਗਾ ਦਿੱਤੇ। ਸਮਾਗਮ ਦੇ ਆਖਰੀ ਪੜਾਅ ’ਤੇ ਜੇਤੂ ਖਿਡਾਰੀਆਂ ਅਤੇ ਟੀਮਾਂ ਨੂੰ ਸਨਮਾਨਿਤ ਕਰਨ ਲਈ ਸ਼ਾਨਦਾਰ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਸਕੂਲ ਪ੍ਰਿੰਸੀਪਲ ਸੰਜੀਵ ਜੈਨ ਅਤੇ ਪ੍ਰਬੰਧਕੀ ਕਮੇਟੀ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਜੇਤੂ ਖਿਡਾਰੀਆਂ ਨੂੰ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮਿਆਂ ਦੇ ਨਾਲ ਸੁੰਦਰ ਬੁੱਕੇ ਦੇ ਕੇ ਸਨਮਾਨਿਤ ਕੀਤਾ ਗਿਆ। ਸਮੁੱਚੀ ਐਥਲੈਟਿਕਸ ਮੀਟ ਦੇ ਨਤੀਜਿਆਂ ਅਨੁਸਾਰ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਹਾਊਸ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰਆਲ ਜੇਤੂ ਕੱਪ ਆਪਣੇ ਨਾਮ ਕੀਤਾ, ਜਦਕਿ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਹਾਊਸ ਦੂਜੇ ਸਥਾਨ ’ਤੇ ਰਹਿੰਦਿਆਂ ਟਰਾਫੀ ਦਾ ਹੱਕਦਾਰ ਬਣਿਆ। ਸਮਾਗਮ ਦੇ ਅੰਤ ਵਿਚ ਪ੍ਰਿੰਸੀਪਲ ਸੰਜੀਵ ਜੈਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਦਾ ਅਸਲ ਮਕਸਦ ਸਿਰਫ਼ ਵਿਦਿਆਰਥੀਆਂ ਨੂੰ ਅਕਾਦਮਿਕ ਖੇਤਰ ਵਿਚ ਕਾਮਯਾਬ ਬਣਾਉਣਾ ਹੀ ਨਹੀਂ, ਸਗੋਂ ਉਨ੍ਹਾਂ ਨੂੰ ਸਰੀਰਕ ਤੌਰ ’ਤੇ ਤੰਦਰੁਸਤ, ਮਾਨਸਿਕ ਤੌਰ ’ਤੇ ਮਜ਼ਬੂਤ, ਅਨੁਸ਼ਾਸਿਤ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣਾ ਵੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਬਾਲ ਦਿਵਸ ਦੀ ਵਧਾਈ ਦਿੰਦਿਆਂ ਮੋਬਾਈਲ ਫ਼ੋਨਾਂ ਦੀ ਬੇਲੋੜੀ ਵਰਤੋਂ ਤੋਂ ਬਚਣ ਅਤੇ ਆਪਣਾ ਵਧੇਰੇ ਸਮਾਂ ਖੇਡ ਮੈਦਾਨਾਂ ਵਿਚ ਬਿਤਾਉਣ ਲਈ ਪ੍ਰੇਰਿਤ ਕੀਤਾ। ਅੰਤ ਵਿਚ ਉਨ੍ਹਾਂ ਸਮਾਗਮ ਨੂੰ ਸਫਲ ਬਣਾਉਣ ਲਈ ਪਹੁੰਚੀਆਂ ਸਮੂਹ ਸਤਿਕਾਰਯੋਗ ਸ਼ਖ਼ਸੀਅਤਾਂ, ਪ੍ਰਬੰਧਕੀ ਕਮੇਟੀ, ਅਧਿਆਪਕਾਂ, ਵਿਦਿਆਰਥੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸੇਵਾ ਮੁਕਤ ਪੈਨਸ਼ਨਰਾਂ ਲਈ ਸੇਵਾ ਮੇਲਾ 19 ਤੋਂ ਅਗਲੀ ਖ਼ਬਰ ਸ਼ੈਲਰ ਮਾਲਕਾਂ ਵਲੋਂ ਝੋਨੇ ’ਤੇ ਲਗਾਏ ਜਾ ਰਹੇ ਬੇਵਜ੍ਹਾ ਕੱਟਾਂ ਕਾਰਨ ਕਿਸਾਨਾਂ ਦਾ ਹੋ ਰਿਹਾ ਹੈ ਭਾਰੀ ਆਰਥਿਕ ਨੁਕਸਾਨ ਸ਼...
Ad Position 24