ਮਹਾਂਰੈਲੀ ਲਈ ਸੜਕਾਂ ਤੋਂ ਗ਼ਾਇਬ ਹੋਈਆਂ ਬਹੁਤੀਆਂ ਸਰਕਾਰੀ ਅਤੇ ਨਿੱਜੀ ਬੱਸਾਂ, ਮੁਸਾਫ਼ਰ ਹੋਏ ਖੱਜਲ-ਖੁਆਰ
ਫ਼ਿਰੋਜ਼ਪੁਰ, 26 ਨਵੰਬਰ (ਗੁਰਿੰਦਰ ਸਿੰਘ)-ਆਮ ਆਦਮੀ ਪਾਰਟੀ ਵਲੋਂ ਮੋਗਾ ਵਿਖੇ ਕਰਵਾਈ ਗਈ ‘ਖ਼ੁਸ਼ਹਾਲ ਪੰਜਾਬ ਮਹਾਂ ਰੈਲੀ’ ਵਿਚ ਭੀੜ ਜੁਟਾਉਣ ਲਈ ਸੂਬੇ ਭਰ ਤੋਂ ਕਰੀਬ 3000 ਬੱਸਾਂ ਮੋਗਾ ਭੇਜਣ ਦਾ ਅਸਰ ਆਮ ਲੋਕਾਂ ਦੀ ਆਵਾਜਾਈ ’ਤੇ ਵੀ ਦੇਖਣ ਨੂੰ ਮਿਲਿਆ। ਵੱਡੀ ਗਿਣਤੀ ਵਿਚ ਸਰਕਾਰੀ ਅਤੇ ਨਿੱਜੀ ਬੱਸਾਂ ਰੈਲੀ ਦੀ ਡਿਊਟੀ ’ਤੇ ਲਗਾਏ ਜਾਣ ਕਾਰਨ ਵੱਖ-ਵੱਖ ਰੂਟਾਂ ’ਤੇ ਬੱਸਾਂ ਦੀ ਘਾਟ ਰਹੀ, ਜਿਸ ਦਾ ਖ਼ਮਿਆਜ਼ਾ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ, ਖ਼ਾਸ ਕਰਕੇ ਮਹਿਲਾਵਾਂ, ਮੁਲਾਜ਼ਮਾਂ ਅਤੇ ਹੋਰ ਕੰਮਕਾਜੀ ਲੋਕਾਂ ਨੂੰ ਭੁਗਤਣਾ ਪਿਆ।
ਫ਼ਿਰੋਜ਼ਪੁਰ, 26 ਨਵੰਬਰ (ਗੁਰਿੰਦਰ ਸਿੰਘ)-ਆਮ ਆਦਮੀ ਪਾਰਟੀ ਵਲੋਂ ਮੋਗਾ ਵਿਖੇ ਕਰਵਾਈ ਗਈ ‘ਖ਼ੁਸ਼ਹਾਲ ਪੰਜਾਬ ਮਹਾਂ ਰੈਲੀ’ ਵਿਚ ਭੀੜ ਜੁਟਾਉਣ ਲਈ ਸੂਬੇ ਭਰ ਤੋਂ ਕਰੀਬ 3000 ਬੱਸਾਂ ਮੋਗਾ ਭੇਜਣ ਦਾ ਅਸਰ ਆਮ ਲੋਕਾਂ ਦੀ ਆਵਾਜਾਈ ’ਤੇ ਵੀ ਦੇਖਣ ਨੂੰ ਮਿਲਿਆ। ਵੱਡੀ ਗਿਣਤੀ ਵਿਚ ਸਰਕਾਰੀ ਅਤੇ ਨਿੱਜੀ ਬੱਸਾਂ ਰੈਲੀ ਦੀ ਡਿਊਟੀ ’ਤੇ ਲਗਾਏ ਜਾਣ ਕਾਰਨ ਵੱਖ-ਵੱਖ ਰੂਟਾਂ ’ਤੇ ਬੱਸਾਂ ਦੀ ਘਾਟ ਰਹੀ, ਜਿਸ ਦਾ ਖ਼ਮਿਆਜ਼ਾ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ, ਖ਼ਾਸ ਕਰਕੇ ਮਹਿਲਾਵਾਂ, ਮੁਲਾਜ਼ਮਾਂ ਅਤੇ ਹੋਰ ਕੰਮਕਾਜੀ ਲੋਕਾਂ ਨੂੰ ਭੁਗਤਣਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਾਈਵੇਟ ਬੱਸਾਂ ਤੋਂ ਇਲਾਵਾ ਪੰਜਾਬ ਰੋਡਵੇਜ਼ ਫ਼ਿਰੋਜ਼ਪੁਰ ਡਿਪੂ ਦੀਆਂ 107 ਵਿਚੋਂ 55 ਬੱਸਾਂ ਰੈਲੀ ਵਿਚ ਵਰਕਰਾਂ ਨੂੰ ਲਿਜਾਣ ਲਈ ਭੇਜੀਆਂ ਗਈਆਂ। ਇਸ ਕਾਰਨ ਹੋਰਨਾਂ ਰੂਟਾਂ ਤੋਂ ਇਲਾਵਾ ਪੰਜਾਬ ਰੋਡਵੇਜ਼ ਦੇ ਮਨੋਪਲੀ ਫ਼ਿਰੋਜ਼ਪੁਰ-ਫ਼ਾਜ਼ਿਲਕਾ ਰੂਟ ’ਤੇ ਵੀ ਬੱਸ ਸੇਵਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਬੱਸਾਂ ਦੀ ਘਾਟ ਕਾਰਨ ਯਾਤਰੀਆਂ ਨੂੰ ਬੱਸ ਅੱਡਿਆਂ ’ਤੇ ਲੰਮਾ ਸਮਾਂ ਉਡੀਕ ਕਰਨੀ ਪਈ। ਭਾਵੇਂ ਕੁਝ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਆਪਣੇ ਨਿਰਧਾਰਤ ਰੂਟਾਂ ’ਤੇ ਚੱਲੀਆਂ, ਪਰ ਕਈ ਬੱਸਾਂ ਦੇ ਟਾਈਮ ਮਿਸ ਹੋਣ ਕਾਰਨ ਉਪਲਬਧ ਬੱਸਾਂ ਵਿਚ ਸਵਾਰੀਆਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਇਸ ਕਾਰਨ ਕਈ ਯਾਤਰੀਆਂ ਨੂੰ ਖੜ੍ਹੇ ਹੋ ਕੇ ਸਫ਼ਰ ਕਰਨ ਲਈ ਮਜਬੂਰ ਹੋਣਾ ਪਿਆ। ਰਾਜਨੀਤਿਕ ਰੈਲੀਆਂ ਲਈ ਵੱਡੀ ਗਿਣਤੀ ਵਿਚ ਸਰਕਾਰੀ ਬੱਸਾਂ ਦੀ ਵਰਤੋਂ ਨੇ ਜਨਤਕ ਆਵਾਜਾਈ ਦੇ ਪ੍ਰਬੰਧਾਂ ਅਤੇ ਆਮ ਯਾਤਰੀਆਂ ਦੀਆਂ ਮੁਸ਼ਕਲਾਂ ਨੂੰ ਮੁੜ ਚਰਚਾ ਵਿਚ ਲਿਆ ਦਿੱਤਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਰੋਡਵੇਜ਼, ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਹਿਲਾਂ ਰੈਲੀ ਲਈ ਬੱਸਾਂ ਨਾ ਭੇਜਣ ਦਾ ਐਲਾਨ ਕੀਤਾ ਗਿਆ ਸੀ ਪਰ ਬੀਤੀ ਦੇਰ ਸ਼ਾਮ ਸਰਕਾਰ ਅਤੇ ਯੂਨੀਅਨ ਵਿਚਕਾਰ ਆਊਟਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ ’ਤੇ ਕਰਨ ਸੰਬੰਧੀ ਹੋਏ ਸਮਝੌਤੇ ਤੋਂ ਬਾਅਦ ਰੋਡਵੇਜ਼ ਮੁਲਾਜ਼ਮਾਂ ਨੇ ਆਪਣਾ ਫ਼ੈਸਲਾ ਬਦਲਦਿਆਂ ਬੱਸਾਂ ਰੈਲੀ ਲਈ ਭੇਜ ਦਿੱਤੀਆਂ।