ਬਠਿੰਡਾ, 1 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਪਿਛਲੇ ਹਫ਼ਤੇ ਹੋਈ ਯੂਨੀਵਰਸਿਟੀ ਕੋਰਟ ਦੀ 14ਵੀਂ ਮੀਟਿੰਗ 'ਚ ਅਕਾਦਮਿਕ ਸੈਸ਼ਨ 2024-25 ਲਈ ਸਾਲਾਨਾ ਰਿਪੋਰਟ, ਵਿੱਤੀ ਸਾਲ 2024-25 ਲਈ ਵਿੱਤੀ ਰਿਪੋਰਟ ਨੂੰ ਮਨਜ਼ੂਰੀ ਦਿੱਤੀ ਗਈ | ਯੂਨੀਵਰਸਿਟੀ ਦੀ ਸਭ ਤੋਂ ਉੱਚੀ ਵਿਧਾਨਕ ਸੰਸਥਾ, ਯੂਨੀਵਰਸਿਟੀ ਕੋਰਟ ਨੇ ਸਰਬਸੰਮਤੀ ਨਾਲ ਇਨ੍ਹਾਂ ਦਸਤਾਵੇਜ਼ਾਂ ਨੂੰ ਸੰਸਦ ਦੇ ਦੋਵਾਂ ਸਦਨਾਂ ਵਿਚ ਪੇਸ਼ ਕਰਨ ਲਈ ਸਿੱਖਿਆ ਮੰਤਰਾਲੇ ਨੂੰ ਸੌਂਪਣ ਅਤੇ ਜਨਤਾ ਨੂੰ ਪ੍ਰਸਾਰਿਤ ਕਰਨ ਦੀ ਮਨਜ਼ੂਰੀ ਦੇ ਦਿੱਤੀ | ਯੂਨੀਵਰਸਿਟੀ ਕੋਰਟ ਦੇ ਚੇਅਰਮੈਨ-ਕਮ-ਚਾਂਸਲਰ ਪ੍ਰੋਫੈਸਰ ਜਗਬੀਰ ਸਿੰਘ ਤੇ ਸਾਰੇ ਮੈਂਬਰਾਂ ਦਾ ਸਵਾਗਤ ਕਰਦਿਆਂ ਵਾਇਸ-ਚਾਂਸਲਰ ਪ੍ਰੋਫੈਸਰ ਰਾਘਵੇਂਦਰ ਪ੍ਰਸ਼ਾਦ ਤਿਵਾਰੀ ਨੇ ਉਨ੍ਹਾਂ ਦੇ ਨਿਰੰਤਰ ਮਾਰਗ ਦਰਸ਼ਨ ਤੇ ਸਮਰਥਨ ਲਈ ਉਨ੍ਹਾਂ ਸਭ ਦਾ ਧੰਨਵਾਦ ਕੀਤਾ | ਉਨ੍ਹਾਂ ਨੇ 19 ਦਸੰਬਰ, 2024 ਨੂੰ ਹੋਈ ਆਖਰੀ ਮੀਟਿੰਗ ਤੋਂ ਬਾਅਦ ਯੂਨੀਵਰਸਿਟੀ ਦੀ ਪ੍ਰਗਤੀ ਦੀ ਵਿਸਤਿ੍ਤ ਪ੍ਰੈਜ਼ਨਟੇਸ਼ਨ ਸਾਂਝਾ ਕੀਤੀ, ਜਿਸ 'ਚ ਅਕਾਦਮਿਕ, ਖੋਜ ਤੇ ਬੁਨਿਆਦੀ ਢਾਂਚੇ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਗਿਆ | ਵਾਈਸ-ਚਾਂਸਲਰ ਪ੍ਰੋਫੈਸਰ ਰਾਘਵੇਂਦਰ ਪ੍ਰਸ਼ਾਦ ਤਿਵਾਰੀ ਨੇ ਦੱਸਿਆ ਕਿ ਸਾਲ 2025 ਦੌਰਾਨ ਯੂਨੀਵਰਸਿਟੀ ਨੇ ਐਨ. ਆਈ. ਆਰ. ਐਫ. 2025 (ਯੂਨੀਵਰਸਿਟੀ ਕੈਟਾਗਰੀ) ਵਿਚ 77ਵਾਂ ਸਥਾਨ ਪ੍ਰਾਪਤ ਕਰਦੇ ਹੋਏ ਲਗਾਤਾਰ ਸੱਤਵੇਂ ਸਾਲ ਦੇਸ਼ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ 'ਚ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ, ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਰੈਂਕਿੰਗਜ਼ 2026 ਵਿਚ 601-800 ਗਲੋਬਲ ਰੈਂਕ ਬੈਂਡ 'ਚ ਸਥਾਨ ਪ੍ਰਾਪਤ ਕਰਕੇ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਕੀਤੀ | ਖੇਤੀਬਾੜੀ-ਅਧਾਰਤ ਸਟਾਰਟ-ਅੱਪਸ ਨੂੰ ਉਤਸ਼ਾਹਿਤ ਕਰਨ ਲਈ ਯੂਨੀਵਰਸਿਟੀ ਕੋਰਟ ਦੇ ਮੈਂਬਰਾਂ ਵਲੋਂ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਤੋਂ ਇਕ ਸਲਾਹਕਾਰ ਪੈਨਲ ਬਣਾਉਣ ਦਾ ਪ੍ਰਸਤਾਵ ਰੱਖਿਆ | ਮੀਟਿੰਗ ਦੌਰਾਨ ਹੋਈ ਚਰਚਾ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਯੂਨੀਵਰਸਿਟੀ ਕੋਰਟ ਆਉਣ ਵਾਲੇ ਸਾਲਾਂ 'ਚ ਬਿਹਤਰ ਸ਼ਾਸਨ, ਗੁਣਵੱਤਾ ਵਾਲੀ ਸਿੱਖਿਆ ਅਤੇ ਸਮਾਜ 'ਤੇ ਸਕਾਰਾਤਮਕ ਪ੍ਰਭਾਵ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ |