ਬਠਿੰਡਾ, 5 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਵਲੋਂ ਅਕਾਦਮਿਕ ਸੈਸ਼ਨ 2026-27 ਲਈ 50 ਪੋਸਟ ਗ੍ਰੈਜੂਏਟ ਡਿਗਰੀ ਪ੍ਰੋਗਰਾਮਾਂ ਵਿਚ ਸਾਂਝੀ ਯੂਨੀਵਰਸਿਟੀ ਦਾਖ਼ਲਾ ਪ੍ਰੀਖਿਆ ਸੀਯੂਈਟੀ (ਪੀਜੀ)-2026] ਦੇ ਮਾਧਿਅਮ ਰਾਹੀਂ ਦਾਖ਼ਲੇ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ | ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਵਿਚ ਦਾਖ਼ਲੇ ਦੇ ਇੱਛੁਕ ਵਿਦਿਆਰਥੀ ਸੀਯੂਈਟੀ (ਪੀਜੀ)-2026 ਲਈ 14 ਜਨਵਰੀ, 2026 ਤੱਕ ਰਾਸ਼ਟਰੀ ਪ੍ਰੀਖਿਆ ਏਜੰਸੀ ਦੀ ਅਧਿਕਾਰਿਕ ਵੈਬਸਾਈਟ ਰਾਹੀਂ ਆਨਲਾਈਨ ਅਰਜ਼ੀ ਜਮ੍ਹਾਂ ਕਰਵਾ ਸਕਦੇ ਹਨ | ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਦੇਸ਼ ਭਰ ਦੇ ਵਿਦਿਆਰਥੀਆਂ ਅਤੇ ਖ਼ਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੀਯੂਈਟੀ (ਪੀਜੀ)-2026 ਲਈ ਅਰਜ਼ੀ ਦੇ ਕੇ ਇਸ ਮੌਕੇ ਦਾ ਲਾਭ ਉਠਾਉਣ | ਉਨ੍ਹਾਂ ਨੇ ਕਿਹਾ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ ਘੱਟ ਫੀਸ 'ਤੇ ਗੁਣਵੱਤਾਪੂਰਕ ਉੱਚ ਸਿੱਖਿਆ, ਮਜ਼ਬੂਤ ਰਿਸਰਚ ਵਾਤਾਵਰਣ ਅਤੇ ਜੀਵੰਤ ਅਕਾਦਮਿਕ ਮਾਹੌਲ ਪ੍ਰਦਾਨ ਕਰਦੀ ਹੈ, ਜਿਸ ਨਾਲ ਵਿਦਿਆਰਥੀਆਂ ਨੂੰ ਮਜ਼ਬੂਤ ਅਕਾਦਮਿਕ ਆਧਾਰ ਦੇ ਨਾਲ ਅਕਾਦਮਿਕ, ਉਦਯੋਗਿਕ ਅਤੇ ਸਰਕਾਰੀ ਖੇਤਰਾਂ ਵਿਚ ਵਿਭਿੰਨ ਕੈਰੀਅਰ ਮੌਕਿਆਂ ਲਈ ਖੁਦ ਨੂੰ ਤਿਆਰ ਹੋਣ ਦਾ ਸੁਨਹਿਰੀ ਅਵਸਰ ਮਿਲਦਾ ਹੈ | ਪਿਛਲੇ ਅਕਾਦਮਿਕ ਸੈਸ਼ਨ ਤੱਕ ਯੂਨੀਵਰਸਿਟੀ ਵਿਚ 44 ਪੋਸਟ ਗ੍ਰੈਜੂਏਟ ਡਿਗਰੀ ਪ੍ਰੋਗਰਾਮ ਚਲਾਏ ਜਾ ਰਹੇ ਸਨ | ਇਸ ਤੋਂ ਇਲਾਵਾ, ਯੂਨੀਵਰਸਿਟੀ ਵਲੋਂ ਅਕਾਦਮਿਕ ਸੈਸ਼ਨ 2026-27 ਤੋਂ ਛੇ ਨਵੇਂ ਪੋਸਟ ਗ੍ਰੈਜੂਏਟ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ | ਇਨ੍ਹਾਂ ਵਿਚ ਐਮ.ਐਸਸੀ. ਕਮਿਊਨਿਟੀ ਮੈਡੀਸਿਨ ਅਤੇ ਹੈਲਥ, ਐਮ.ਐਸਸੀ. ਬਾਇਓਟੈਕਨੋਲੋਜੀ, ਐਮਬੀਏ ਹਾਸਪਿਟੈਲਿਟੀ ਅਤੇ ਟੂਰਿਜ਼ਮ ਮੈਨੇਜਮੈਂਟ, ਐਮ.ਏ. ਪਬਲਿਕ ਪਾਲਿਸੀ ਅਤੇ ਗਵਰਨੈਂਸ, ਐਮ.ਏ. ਸਿਵਿਲਾਈਜ਼ੇਸ਼ਨ ਸਟੱਡੀਜ਼, ਅਤੇ ਐਮ.ਏ. ਰਿਲੀਜਿਅਸ ਸਟੱਡੀਜ਼ ਸ਼ਾਮਲ ਹਨ, ਜੋ ਯੂਨੀਵਰਸਿਟੀ ਦੇ ਅਕਾਦਮਿਕ ਢਾਂਚੇ ਨੂੰ ਹੋਰ ਵਿਸ਼ਾਲ ਕਰਨਗੇ | ਪ੍ਰੋਗਰਾਮਾਂ ਸਬੰਧੀ ਵਿਸਥਾਰਿਤ ਜਾਣਕਾਰੀ ਵੈੱਬਸਾਈਟ ਤੋਂ ਹਾਸਲ ਕੀਤੀ ਜਾ ਸਕਦੀ ਹੈ |