ਬੁਢਲਾਡਾ, 5 ਜਨਵਰੀ (ਰਾਹੀ)-ਸ਼ਹਿਰ ਦੇ ਵੱਖ ਵੱਖ ਗੁਰੂ ਘਰਾਂ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 360ਵਾਂ ਆਗਮਨ ਪੁਰਬ ਸ਼ਰਧਾ ਤੇ ਉਤਸ਼ਾਹਪੂਰਵਕ ਮਨਾਇਆ ਗਿਆ | ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਸਜਾਏ ਦੀਵਾਨਾਂ 'ਚ ਢਾਡੀ ਜਥਾ ਮਨਜਿੰਦਰ ਸਿੰਘ ਮਿੰਟਾ ਸੁਨਾਮ ਵਾਲਿਆਂ ਵੱਲੋਂ ਗੁਰੂ ਸਾਹਿਬ ਦੇ ਜੀਵਨ ਸਬੰਧੀ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਹੋਰਨਾਂ ਸਥਾਨਕ ਰਾਗੀ ਸਿੰਘਾਂ ਨੇ ਰਸਭਿੰਨਾ ਕੀਰਤਨ ਸੁਣਾਇਆ | ਗੁਰੂਘਰ ਕਮੇਟੀ ਦੇ ਆਗੂ ਜਥੇਦਾਰ ਗਿਆਨ ਸਿੰਘ ਗਿੱਲ, ਬਾਬਾ ਦਰਸ਼ਨ ਸਿੰਘ ਕਾਰ ਸੇਵਾ ਵਾਲੇ, ਹੈੱਡ ਗ੍ਰੰਥੀ ਭਾਈ ਗੁਰਤੇਜ ਸਿੰਘ, ਅਕਾਲੀ ਆਗੂ ਬਲਵਿੰਦਰ ਸਿੰਘ ਹਾਕਮਵਾਲਾ, ਜਥੇਦਾਰ ਬਲਵੀਰ ਸਿੰਘ, ਹਰਬੰਸ ਸਿੰਘ, ਅਮਨਪ੍ਰੀਤ ਸਿੰਘ ਅਨੇਜਾ, ਪਰਮਜੀਤ ਸਿੰਘ ਅਨੇਜਾ, ਸੁਰਜੀਤ ਸਿੰਘ ਟੀਟਾ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ | ਇਸੇ ਤਰ੍ਹਾਂ ਗੁਰਦੁਆਰਾ ਸਿੰਘ ਸਭਾ (ਇਲਾਕਾ ਬਾਰ੍ਹਾ) ਵਿਖੇ ਤਿੰਨ ਦਿਨਾਂ ਗੁਰਪੁਰਬ ਸਮਾਗਮਾਂ ਦੀ ਸਮਾਪਤੀ ਮੌਕੇ ਗੁਰੂ ਘਰ ਦੇ ਹਜ਼ੂਰੀ ਰਾਗੀ ਗਿਆਨੀ ਹਰਦੇਵ ਸਿੰਘ, ਨਿਧਾਨ ਸਿੰਘ ਦੇ ਰਾਗੀ ਜਥੇ ਅਤੇ ਗਿਆਨੀ ਤਰਸੇਮ ਸਿੰਘ ਖੇਤਲਾ ਦੇ ਢਾਡੀ ਜਥੇ ਨੇ ਗੁਰੂ ਸਾਹਿਬ ਦੇ ਜੀਵਨ ਸੰਬੰਧੀ ਢਾਡੀ ਪ੍ਰਸੰਗ ਸੁਣਾਏ | ਇਸ ਮੌਕੇ ਸਥਾਨਕ ਸ਼ਹਿਰ ਅਤੇ ਇਲਾਕੇ ਦੇ ਲਗਭਗ 12 ਪਿੰਡਾਂ ਦੀਆਂ ਸੰਗਤਾਂ ਮੌਜੂਦ ਸਨ |