ਮਾਨਸਾ ਸ਼ਹਿਰ 'ਚ ਟਰੈਫ਼ਿਕ ਸਮੱਸਿਆ ਤੋਂ ਲੋਕ ਡਾਹਢੇ ਦੁਖੀ ਬੱਸ ਸਟੈਂਡ ਚੌਂਕ, ਰੇਲਵੇ ਫਾਟਕ ਤੇ ਵਾਟਰ ਵਰਕਸ ਰੋਡ 'ਤੇ ਰਹਿੰਦੀ ਏ ਖਚਾਖਚ ਭੀੜ
ਅਜੀਤ ਡੈਸਕ
07-01-2026
ਬੱਸ ਸਟੈਂਡ ਤੇ ਵਾਟਰ ਵਰਕਸ ਰੋਡ 'ਤੇ ਰਹਿੰਦੀ ਏ ਭੀੜ -ਮਾਨਸਾ ਬੱਸ ਸਟੈਂਡ ਚੌਂਕ 'ਤੇ ਹਰ ਵੇਲੇ ਖਚਾਖਚ ਭੀੜ ਰਹਿੰਦੀ ਹੈ | ਇੱਥੇ ਆਟੋ, ਈ-ਰਿਕਸ਼ਾ ਅਤੇ ਸਬਜ਼ੀ/ਫਲਾਂ ਦੀਆਂ ਰੇੜੀਆਂ ਲੱਗਣ ਕਰ ਕੇ ਖੂਬ ਇਕੱਠ ਰਹਿੰਦਾ ਹੈ | ਦੁਪਹਿਰ ਵੇਲੇ ਤਾਂ ਇੱਥੇ ਜਾਮ ਵਰਗੀ ਸਥਿਤੀ ਬਣ ਜਾਂਦੀ ਹੈ ਕਿਉਂਕਿ ਰਾਹਗੀਰਾਂ ਦੇ ਨਾਲ ਵਹੀਕਲਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ | ਇਸ ਤੋਂ ਇਲਾਵਾ ਦੁਕਾਨਦਾਰਾਂ ਨੇ ਵੀ ਸਮਾਨ ਆਪਣੀ ਹਦੂਦ ਤੋਂ ਕਿਤੇ ਬਾਹਰ ਜਾ ਕੇ ਰੱਖਿਆ ਹੁੰਦਾ ਹੈ ਅਤੇ ਮੋਬਾਈਲ ਫ਼ੋਨ ਦੁਕਾਨਾਂ ਦੇ ਬੋਰਡ ਸ਼ਰੇਆਮ ਸੜਕਾਂ 'ਤੇ ਰੱਖੇ ਆਮ ਵੇਖੇ ਜਾ ਸਕਦੇ ਹਨ | ਇਹੀ ਸਥਿਤੀ ਵਾਟਰ ਵਰਕਸ ਰੋਡ 'ਤੇ ਬਣੀ ਰਹਿੰਦੀ ਹੈ | ਸਿਵਲ ਹਸਪਤਾਲ ਤੋਂ ਇਲਾਵਾ ਬੈਂਕ ਅਤੇ ਬਹੁਤੇ ਸਕੂਲ ਇੱਧਰਲੇ ਪਾਸੇ ਹੋਣ ਕਰ ਕੇ ਵੱਡੀ ਗਿਣਤੀ 'ਚ ਲੋਕ ਕੰਮ-ਧੰਦਿਆਂ ਲਈ ਆਉਂਦੇ-ਜਾਂਦੇ ਰਹਿੰਦੇ ਹਨ |
ਕਚਹਿਰੀ ਰੋਡ 'ਤੇ ਵੀ ਰੇੜੀਆਂ/ਫੜੀਆਂ ਵਾਲਿਆਂ ਦੀ ਭਰਮਾਰ -ਕਚਹਿਰੀ ਰੋਡ 'ਤੇ ਵੀ ਰੇੜੀਆਂ/ਫੜੀਆਂ ਵਾਲਿਆਂ ਦੀ ਭਰਮਾਰ ਹੁੰਦੀ ਹੈ | ਕਈਆਂ ਨੇ ਤਾਂ ਮੁੱਖ ਸੜਕ 'ਤੇ ਪੱਕੇ ਅੱਡੇ ਸਥਾਪਿਤ ਕਰ ਲਏ ਹਨ ਅਤੇ ਬਹੁਤੇ ਸ਼ਾਮ ਵੇਲੇ ਪਿੰਡਾਂ 'ਚੋਂ ਆ ਕੇ ਇੱਥੇ ਸਬਜ਼ੀ ਆਦਿ ਵੇਚਦੇ ਹਨ | ਸੜਕ ਦੇ ਦੋਵੇਂ ਪਾਸੇ ਵੱਡੀ ਗਿਣਤੀ 'ਚ ਸਬਜ਼ੀਆਂ ਤੇ ਫਲਾਂ ਵਾਲੇ ਆਪਣਾ ਸਮਾਨ ਵੇਚਦੇ ਹਨ, ਜਿਸ ਕਰ ਕੇ ਇੱਥੇ ਵੀ ਕਈ ਵਾਰ ਟਰੈਫ਼ਿਕ ਤਾਣੀ ਉਲਝ ਜਾਂਦੀ ਹੈ | ਸ਼ਹਿਰੀਆਂ ਦੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਟਰੈਫ਼ਿਕ ਸਮੱਸਿਆ ਦਾ ਹੱਲ ਕਰਨ ਦੇ ਨਾਲ ਹੀ ਨਾਜਾਇਜ਼ ਕਬਜ਼ੇ ਛੁਡਾਏ ਜਾਣ |