ਬਠਿੰਡਾ, 6 ਜਨਵਰੀ (ਸਿਵੀਆਂ)-ਪੰਜਾਬ ਸਰਕਾਰ ਵਲੋਂ ਬਠਿੰਡਾ ਥਰਮਲ ਪਲਾਂਟ ਸਮੇਤ ਪਾਵਰਕਾਮ ਦੀਆਂ ਵੱਖ-ਵੱਖ ਬਹੁਕਰੋੜੀ ਸਰਕਾਰੀ ਜ਼ਮੀਨਾਂ ਨੂੰ ਵੇਚਣ ਤੇ ਬਿਜਲੀ ਸੋਧ ਬਿੱਲ ਦੇ ਖ਼ਿਲਾਫ਼ ਅਤੇ ਰੋਪੜ ਵਿਖੇ ਅਤਿ-ਆਧੁਨੀਕ ਥਰਮਲ ਪਲਾਂਟ ਲਗਾਉਣ ਦੀ ਮੰਗ ਨੂੰ ਲੈ ਕੇ ਸੂਬੇ ਦੇ ਪਾਵਰ ਸੈਕਟਰ ਨਾਲ ਸਬੰਧਿਤ ਮੁਲਾਜ਼ਮਾਂ, ਇੰਜੀਨੀਅਰਾਂ ਤੇ ਪੈਨਸ਼ਨਰਾਂ ਦੀਆਂ ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਬਠਿੰਡਾ 'ਚ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਉਪਰੰਤ ਬਠਿੰਡਾ ਦੇ ਭਾਈ ਘਨੱਈਆ ਜੀ ਚੌਂਕ 'ਚ ਧਰਨਾ ਲਗਾ ਕੇ ਚੱਕਾ ਜਾਮ ਕੀਤਾ ਗਿਆ | ਇਸ ਤੋਂ ਪਹਿਲਾਂ ਪਾਵਰਕਾਮ ਦੇ ਪੱਛਮੀ ਜੋਨ ਦੇ ਬਠਿੰਡਾ ਦਫ਼ਤਰ ਮੂਹਰੇ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਪਾਵਰਕਾਮ ਦੀਆਂ ਵੱਖ-ਵੱਖ ਬਹੁਕਰੋੜੀ ਸਰਕਾਰੀ ਜ਼ਮੀਨਾਂ ਨੂੰ ਰੀਅਲ ਅਸਟੇਟ ਏਜੰਟਾਂ ਕੋਲ ਵੇਚਣ ਦੀ ਯੋਜਨਾ ਬਣਾ ਰਹੀ ਹੈ, ਜਦਕਿ ਇਹ ਜ਼ਮੀਨਾਂ ਲੈਂਡ ਅਕਵਿਜੀਸ਼ਨ ਕਾਨੰੂਨ 1894 ਤਹਿਤ ਖ਼ਰੀਦੀਆਂ ਗਈਆਂ ਸਨ, ਜਿੰਨ੍ਹਾਂ ਦੀ ਵਰਤੋਂ ਜਨਤਕ ਉਦੇਸ਼ ਲਈ ਹੋਣੀ ਚਾਹੀਦੀ ਹੈ, ਨਾ ਕੇ ਨਿੱਜੀ ਹੱਥਾਂ 'ਚ ਵੇਚਣ ਦੀ | ਉਨ੍ਹਾਂ ਕੇਂਦਰ ਸਰਕਾਰ ਦੇ ਬਿਜਲੀ ਸੋਧ ਬਿੱਲ ਦਾ ਵਿਰੋਧ ਕਰਦਿਆਂ ਇਸ ਤੁਰੰਤ ਰੱਦ ਕਰਨ ਦੀ ਮੰਗ ਕੀਤੀ | ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਹਾਲਤ ਵਿਚ ਪਾਵਰਕਾਮ ਦੇ ਵੱਖ-ਵੱਖ ਅਦਾਰਿਆਂ ਨਾਲ ਜੁੜੀਆਂ ਸਰਕਾਰੀ ਜ਼ਮੀਨਾਂ ਨੂੰ ਵੇਚਣ ਨਹੀਂ ਦਿੱਤਾ ਜਾਵੇਗਾ ਤੇ ਇਸ ਖ਼ਾਤਰ ਉਹ ਹਰ ਸੰਘਰਸ਼ ਵਿੱਢਣਗੇ | ਸੰਘਰਸ਼ ਦੀ ਕੜੀ ਵਜੋਂ ਉਹ ਬਠਿੰਡਾ ਤੋਂ ਬਾਅਦ 9 ਜਨਵਰੀ ਨੂੰ ਪਟਿਆਲਾ, 15 ਜਨਵਰੀ ਨੂੰ ਲੁਧਿਆਣਾ ਅਤੇ 20 ਜਨਵਰੀ ਨੂੰ ਜਲੰਧਰ 'ਚ ਵੱਡੇ ਰੋਸ ਪ੍ਰਦਰਸ਼ਨ ਕਰਨਗੇ ਤੇ ਜੇਕਰ ਸਰਕਾਰ ਨੇ ਉਕਤ ਫ਼ੈਸਲੇ ਵਾਪਸ ਨਾ ਲਏ ਤੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਪਾਵਰਕਾਮ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਮੂਹਰੇ ਸੂਬਾ ਪੱਧਰੀ ਧਰਨਾ ਲਗਾਇਆ ਜਾਵੇਗਾ | ਉਨ੍ਹਾਂ ਪੰਜਾਬ ਦੀਆਂ ਸੰਘਰਸ਼ਸ਼ੀਲ ਅਤੇ ਜਨਤਕ ਜਥੇਬੰਦੀਆਂ ਨੂੰ ਪੰਜਾਬ ਦੇ ਸਰਕਾਰੀ ਅਦਾਰਿਆਂ ਨੂੰ ਬਚਾਉਣ ਲਈ ਇੱਕਜੁੱਟ ਹੋ ਕੇ ਵੱਡੇ ਸੰਘਰਸ਼ ਵਿੱਢਣ ਦੀ ਅਪੀਲ ਕੀਤੀ ਹੈ |