-ਅੰਮਿ੍ਤਪਾਲ ਸਿੰਘ ਵਲ੍ਹਾਣ-
ਬਠਿੰਡਾ, 1 ਫਰਵਰੀ- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤੇ ਕੇਂਦਰੀ ਬਜਟ-2026 ਦੀ ਜਿਥੇ ਭਾਜਪਾ ਨੇ ਸ਼ਲਾਘਾ ਕਰਦਿਆਂ ਲੋਕ ਪੱਖੀ 'ਬਜਟ' ਕਿਹਾ ਹੈ, ਉਥੇ ਵਿਰੋਧੀ ਧਿਰਾਂ 'ਆਪ, ਕਾਂਗਰਸ ਅਤੇ ਸ਼ੋ੍ਰਮਣੀ ਅਕਾਲੀ ਦਲ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਇਸ ਨੰੂ ਆਮ ਲੋਕਾਂ ਦੀਆਂ ਉਮੀਦਾਂ ਨਾਲ ਧੋਖਾ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਮਹਿੰਗਾਈ, ਬੇਰੁਜ਼ਗਾਰੀ, ਕਿਸਾਨੀ ਸੰਕਟ ਅਤੇ ਸਿਹਤ-ਸਿੱਖਿਆ ਵਰਗੇ ਮੱੁਢਲੇ ਮੁੱਦਿਆਂ 'ਤੇ 'ਬਜਟ' ਪੂਰੀ ਤਰ੍ਹਾਂ ਨਾਕਾਮ ਰਿਹਾ ਹੈ¢ ਕਿਸਾਨ-ਮਜ਼ਦੂਰ, ਮੁਲਾਜ਼ਮ ਅਤੇ ਜਨਤਕ ਧਿਰਾਂ ਨੇ ਵੀ 'ਬਜਟ' ਨੂੰ ਲੋਕ ਵਿਰੋਧੀ ਦੱਸਿਆ ਹੈ |
ਦੇਸ਼ ਨੂੰ ਵਿਕਾਸ ਦੇ ਨਵੇਂ ਮੋੜ 'ਤੇ ਲਿਜਾਣ ਵਾਲਾ 'ਕੇਂਦਰੀ ਬਜਟ'- ਦਿਆਲ ਸੋਢੀ
ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਦਿਆਲ ਸੋਢੀ ਨੇ ਕਿਹਾ ਕਿ 'ਕੇਂਦਰੀ ਬਜਟ' ਭਾਰਤ ਨੂੰ ਵਿਕਾਸ ਦੇ ਨਵੇਂ ਮੋੜ 'ਤੇ ਲਿਜਾਣ ਵਾਲਾ 'ਬਜਟ' ਹੈ। ਇਸ ਵਿਚ ਗਰੀਬ ਕਲਿਆਣ, ਰੋਜ਼ਗਾਰ ਸਿਰਜਣ ਅਤੇ ਆਰਥਿਕ ਮਜ਼ਬੂਤੀ 'ਤੇ ਖ਼ਾਸ ਧਿਆਨ ਦਿੱਤਾ ਗਿਆ ਹੈ। ਬੁਨਿਆਦੀ ਢਾਂਚੇ, ਸਿੱਖਿਆ ਅਤੇ ਸਿਹਤ ਖੇਤਰ ਲਈ ਕੀਤੇ ਗਏ ਪ੍ਰਬੰਧ ਆਉਣ ਵਾਲੇ ਸਾਲਾਂ ਵਿਚ ਬੜੇ ਸਾਰਥਿਕ ਨਤੀਜੇ ਦੇਣਗੇ।ਸੋਢੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਹਮੇਸ਼ਾ ਵਾਂਗ ਇਸ 'ਬਜਟ' ਵਿਚ ਵੀ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਨੂੰ ਤਰਜੀਹ ਦਿੱਤੀ ਹੈ। ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ, ਕਿਸਾਨਾਂ ਲਈ ਆਧੁਨਿਕ ਸਹੂਲਤਾਂ, ਨਾਰੀ ਸ਼ਕਤੀ ਨੂੰ ਆਤਮ ਨਿਰਭਰ ਬਣਾਉਣ, ਖੇਡਾਂ ਲਈ ਸਪੈਸ਼ਲ ਯੋਜਨਾ ਅਤੇ ਮੱਧ ਵਰਗ ਲਈ ਸਥਿਰਤਾ ਇਸ 'ਬਜਟ' ਦੀਆਂ ਵੱਡੀਆਂ ਖ਼ਾਸੀਅਤਾਂ ਹਨ। ਇਹ 'ਬਜਟ' ਸਪੱਸ਼ਟ ਕਰਦਾ ਹੈ ਕਿ ਭਾਜਪਾ ਸਰਕਾਰ ਦੇਸ਼ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕਰਦੀ। ਵਿਰੋਧੀ ਧਿਰਾਂ ਦੀ ਆਲੋਚਨਾ ਸਿਰਫ਼ ਰਾਜਨੀਤੀ ਤੱਕ ਸੀਮਤ ਹੈ, ਜਦਕਿ ਇਹ ਬਜਟ ਆਉਣ ਵਾਲੇ ਸਾਲਾਂ ਵਿਚ ਦੇਸ਼ ਨੂੰ ਆਰਥਿਕ ਤੌਰ 'ਤੇ ਹੋਰ ਮਜ਼ਬੂਤ ਬਣਾਏਗਾ।
'ਕੇਂਦਰੀ ਬਜਟ' ਵਿਚ ਪੰਜਾਬ ਲਈ ਕੁਝ ਨਹੀਂ, ਵੱਡੇ ਅੰਕੜੇ ਪਰ ਹੱਥ ਖਾਲੀ- ਨੀਲ ਗਰਗ
ਆਮ ਆਦਮੀ ਪਾਰਟੀ ਪੰਜਾਬ ਦੇ ਆਗੂ ਨੀਲ ਗਰਗ ਨੇ ਕੇਂਦਰ ਸਰਕਾਰ ਦੇ 'ਬਜਟ' 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਬਜਟ ਵੱਡੇ-ਵੱਡੇ ਅੰਕੜੇ ਅਤੇ ਖੋਖਲੇ ਐਲਾਨਾਂ ਨਾਲ ਤਾਂ ਭਰਪੂਰ ਹੈ ਪਰ ਪੰਜਾਬ ਲਈ ਇਸ ਵਿਚ ਕੁਝ ਵੀ ਨਹੀਂ। ਦੇਸ਼ ਦੇ ਅਨਾਜ ਭੰਡਾਰ ਵਿਚ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲਾ ਅਤੇ ਦੇਸ਼ ਦੀ ਸੁਰੱਖਿਆ ਵਿਚ ਸਭ ਤੋਂ ਅਹਿਮ ਭੂਮਿਕਾ ਨਿਭਾਉਣ ਵਾਲਾ ਪੰਜਾਬ ਇਸ 'ਬਜਟ' ਵਿਚ ਦੂਰਬੀਨ ਲੈ ਕੇ ਵੀ ਲੱਭਣ ਜੋਗਾ ਨਹੀਂ। ਨੀਲ ਗਰਗ ਨੇ ਕਿਹਾ ਕਿ 'ਬਜਟ' ਵਿਚ ਪੰਜਾਬ ਲਈ ਕਿਸੇ ਵੀ ਵਿਸ਼ੇਸ਼ ਆਰਥਿਕ ਪੈਕੇਜ, ਇੰਡਸਟ੍ਰੀਅਲ ਸਪੈਸ਼ਲ ਜ਼ੋਨ ਜਾਂ ਨਿਵੇਸ਼ ਇਨਸੈਂਟਿਵ ਦਾ ਕੋਈ ਜ਼ਿਕਰ ਨਹੀਂ ਹੈ। ਨੀਲ ਗਰਗ ਨੇ ਸਪੱਸ਼ਟ ਕਿਹਾ ਕਿ ਅਸਲੀ ਵਿਕਾਸ ਉਹ ਹੈ ਜਦੋਂ ਕਿਸਾਨ ਦੀ ਜੇਬ ਭਰਦੀ ਹੈ ਅਤੇ ਨੌਜਵਾਨ ਦੇ ਹੱਥ ਵਿਚ ਨੌਕਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਆਪਣੇ ਹੱਕ ਚਾਹੀਦੇ ਹਨ, ਖੋਖਲੇ ਵਾਅਦੇ ਨਹੀਂ।
'ਕੇਂਦਰੀ ਬਜਟ' 'ਚ ਪੰਜਾਬ ਨਾਲ ਧੱਕਾ, ਲੋਕਾਂ ਦੀਆਂ ਉਮੀਦਾਂ ਦਾ ਕਤਲ- ਟਹਿਲ ਸੰਧੂ
ਪੰਜਾਬ ਕਾਂਗਰਸ ਦੇ ਸੂਬਾ ਡੈਲੀਗੇਟ ਅਤੇ ਮਾਰਕਫੈੱਡ ਪੰਜਾਬ ਦੇ ਡਾਇਰੈਕਟਰ ਟਹਿਲ ਸਿੰਘ ਸੰਧੂ ਦਾ ਕਹਿਣਾ ਹੈ 'ਕੇਂਦਰੀ ਬਜਟ' ਵਿਚ ਪੰਜਾਬ ਨਾਲ ਸ਼ਰੇਆਮ ਧੱਕਾ ਕੀਤਾ ਹੈ। 'ਬਜਟ' ਵਿਚ ਨਾ ਪੰਜਾਬ ਲਈ ਕੋਈ ਰਾਹਤ ਹੈ, ਨਾ ਗ਼ਰੀਬਾਂ ਤੇ ਕਿਸਾਨਾਂ ਲਈ ਕੋਈ ਸਹਾਰਾ। ਮਹਿੰਗਾਈ ਆਸਮਾਨ ਛੂਹ ਰਹੀ ਹੈ ਅਤੇ ਆਮ ਆਦਮੀ ਦਾ ਲੱਕ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ, ਪਰ ਬੀਜੇਪੀ ਸਰਕਾਰ ਲੋਕਾਂ ਦੇ ਦੁੱਖਾਂ ਤੋਂ ਬੇਪ੍ਰਵਾਹ ਨਜ਼ਰ ਆ ਰਹੀ ਹੈ। ਭਾਜਪਾ ਦੇ ਰਾਜ ਵਿਚ ਲੋਕਾਂ ਦੀ ਆਰਥਿਕ ਹਾਲਤ ਇਸ ਹੱਦ ਤੱਕ ਖ਼ਰਾਬ ਹੋ ਗਈ ਹੈ ਕਿ ਘਰ ਚਲਾਉਣਾ ਮੁਸ਼ਕਲ ਹੋ ਗਿਆ ਹੈ। ਰੋਜ਼ਗਾਰ ਘਟਦਾ ਜਾ ਰਿਹਾ ਹੈ, ਕਿਸਾਨ ਕਰਜ਼ੇ ਹੇਠ ਦੱਬਿਆ ਹੋਇਆ ਹੈ ਅਤੇ ਗਰੀਬ ਵਰਗ ਭੁੱਖਮਰੀ ਦੇ ਕਿਨਾਰੇ ਖੜਾ ਹੈ। ਹੁਣ ਲੋਕਾਂ ਨੂੰ ਉਮੀਦ ਸੀ ਕਿ 'ਬਜਟ' ਵਿਚ ਕੁਝ ਰਾਹਤ ਮਿਲੇਗੀ, ਪਰ ਇਹ 'ਬਜਟ' ਤਾਂ ਉਮੀਦਾਂ ਦਾ ਕਤਲ ਸਾਬਤ ਹੋਇਆ ਹੈ। ਇਹ 'ਬਜਟ' ਗਰੀਬ, ਕਿਸਾਨ ਅਤੇ ਪੰਜਾਬ ਵਿਰੋਧੀ ਹੈ। ਬੀਜੇਪੀ ਸਰਕਾਰ ਸਿਰਫ਼ ਜੁਮਲਿਆਂ ਅਤੇ ਵੱਡੇ ਵਾਅਦਿਆਂ ਦੀ ਰਾਜਨੀਤੀ ਕਰ ਰਹੀ ਹੈ, ਜਦਕਿ ਹਕੀਕਤ ਵਿਚ ਆਮ ਲੋਕਾਂ ਦਾ ਦਿਵਾਲਾ ਨਿਕਲ ਚੁੱਕਾ ਹੈ।
ਖਿਡਾਰੀਆਂ ਦੀ ਅਸਲ ਹਾਲਤ ਤੋਂ 'ਬਜਟ' ਦੂਰ- ਜਗਦੀਸ਼ ਜੱਗੀ
ਗੌਰਮਿੰਟ ਫਿਜ਼ੀਕਲ ਐਜੂਕੇਸ਼ਨ ਟੀਚਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਜਗਦੀਸ਼ ਕੁਮਾਰ ਜੱਗੀ ਨੇ ਕਿਹਾ ਕਿ ਖੇਡਾਂ ਲਈ ਫ਼ੰਡ ਵਧਾਉਣ ਦੇ ਦਾਅਵੇ ਹਰ ਬਜਟ 'ਚ ਹੁੰਦੇ ਹਨ ਪਰ ਹਕੀਕਤ ਇਹ ਹੈ ਕਿ ਪਿੰਡਾਂ ਦੇ ਖਿਡਾਰੀ ਅਜੇ ਵੀ ਮੈਦਾਨਾਂ ਅਤੇ ਕੋਚਾਂ ਤੋਂ ਵਾਂਝੇ ਹਨ। ਇਹ ਬਜਟ ਖਿਡਾਰੀਆਂ ਦੀ ਅਸਲ ਹਾਲਤ ਤੋਂ ਬਹੁਤ ਦੂਰ ਹੈ। ਖੇਡਾਂ ਦੇ ਨਾਮ 'ਤੇ ਹਰ ਸਾਲ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਗਰਾਊਂਡਾਂ ਅਤੇ ਖਿਡਾਰੀਆਂ ਦੀ ਹਾਲਤ ਸੁਧਰਦੀ ਨਹੀਂ।ਬਜਟ ਵਿਚ ਖੇਡਾਂ ਅਤੇ ਖਿਡਾਰੀਆਂ ਲਈ ਵਿਸ਼ੇਸ਼ ਪੈਕੇਜ ਦੇ ਕੇ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਸੀ ਪਰ 'ਬਜਟ' ਨੇ ਖੇਡ ਖੇਤਰ ਨੂੰ ਨਿਰਾਸ਼ ਕੀਤਾ। ਖਿਡਾਰੀਆਂ ਨੂੰ ਸਿਰਫ਼ ਵਾਅਦਿਆਂ ਦੀ ਨਹੀਂ ਬਲਕਿ ਸਹੀ ਮਾਅਨਿਆਂ 'ਚ ਸਹਿਯੋਗ ਦੀ ਲੋੜ ਹੈ।
ਕਾਰਪੋਰੇਟ ਪੱਖੀ ਹੈ 'ਬਜਟ' 'ਚ ਛੋਟੇ ਦੁਕਾਨਦਾਰਾਂ ਤੋਂ ਮੋੜਿਆ ਮੁੱਖ- ਗਿਆਨ ਚੰਦ ਬਾਂਸਲ
ਸਮਾਜ ਸੇਵੀ ਗਿਆਨ ਚੰਦ ਬਾਂਸਲ ਨੇ ਕਿਹਾ ਕਿ 'ਕੇਂਦਰੀ ਬਜਟ' ਨੇ ਛੋਟੇ ਦੁਕਾਨਦਾਰਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਹੈ। ਆਨਲਾਈਨ ਵਪਾਰ ਅਤੇ ਮਾਲ ਕਲਚਰ ਨੇ ਪਹਿਲਾਂ ਹੀ ਰਵਾਇਤੀ ਦੁਕਾਨਦਾਰੀ ਦੀ ਕਮਰ ਤੋੜ ਦਿੱਤੀ ਹੈ, ਪਰ 'ਬਜਟ' ਵਿਚ ਇਸ ਤਬਾਹੀ ਤੋਂ ਬਚਾਅ ਲਈ ਇਕ ਵੀ ਠੋਸ ਐਲਾਨ ਨਹੀਂ ਕੀਤਾ ਗਿਆ। ਅੱਜ ਹਾਲਾਤ ਇਹ ਹਨ ਕਿ ਛੋਟੇ ਵਪਾਰੀ ਆਪਣੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਤੋਂ ਅਸਮਰੱਥ ਹੋ ਰਹੇ ਹਨ, ਪਰ ਸਰਕਾਰ ਨੂੰ ਇਹ ਵਰਗ ਯਾਦ ਹੀ ਨਹੀਂ ਆਇਆ।ਇਹ 'ਬਜਟ' ਕਾਰਪੋਰੇਟ ਹਿੱਤਾਂ ਨੂੰ ਤਾਂ ਰਾਹਤ ਦਿੰਦਾ ਹੈ, ਪਰ ਛੋਟੇ ਦੁਕਾਨਦਾਰਾਂ ਨੂੰ ਆਪਣੇ ਹਾਲ 'ਤੇ ਛੱਡ ਗਿਆ ਹੈ।'
ਮਹਿੰਗੀ ਉੱਚ ਸਿੱਖਿਆ ਬਾਰੇ 'ਬਜਟ' 'ਚ ਕੋਈ ਠੋਸ ਯੋਜਨਾ ਨਹੀਂ- ਗੁਰਚਰਨ ਸਿੰਘ ਬਰਾੜ
ਸਿੱਖਿਆ ਖੇਤਰ ਨਾਲ ਸਬੰਧ ਰੱਖਣ ਵਾਲੇ ਰਿਟਾ. ਡੀ.ਐਸ.ਐਸ. ਗੁਰਚਰਨ ਸਿੰਘ ਬਰਾੜ ਨੇ 'ਬਜਟ' ਨੂੰ ਨਿਰਾਸ਼ਾਜਨਕ ਦੱਸਦਿਆਂ ਕਿਹਾ ਕਿ ਡਿਜੀਟਲ ਸਿੱਖਿਆ ਦੀਆਂ ਗੱਲਾਂ ਤਾਂ ਹਰ 'ਬਜਟ' ਵਿਚ ਹੁੰਦੀਆਂ ਹਨ ਪਰ ਸਰਕਾਰੀ ਸਕੂਲਾਂ ਦੀ ਅਸਲ ਹਾਲਤ ਅਜੇ ਵੀ ਚਿੰਤਾਜਨਕ ਹੈ। ਸਰਕਾਰੀ ਸਕੂਲਾਂ ਵਿਚ ਵੱਡੀ ਗਿਣਤੀ ਅਧਿਆਪਕਾਂ ਦੀ ਘਾਟ ਹੈ, ਜਿਸ ਕਰਕੇ ਸਕੂਲ ਦੀ ਹਾਲਤ ਸੁਧਾਰਨ, ਅਧਿਆਪਕਾਂ ਦੀ ਘਾਟ ਪੂਰੀ ਕਰਨ ਅਤੇ ਮਹਿੰਗੀ ਉੱਚ ਸਿੱਖਿਆ ਬਾਰੇ 'ਬਜਟ' ਵਿਚ ਕੋਈ ਠੋਸ ਯੋਜਨਾ ਨਹੀਂ ਹੈ।
'ਬਜਟ' ਕਿਸਾਨਾਂ ਦੀ ਨਹੀਂ, ਸਗੋਂ ਕਾਰਪੋਰੇਟ ਖੇਤੀ ਦੀ ਸੋਚ ਨੂੰ ਅੱਗੇ ਵਧਾਉਂਦਾ- ਸ਼ਿੰਗਾਰਾ ਮਾਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ 'ਬਜਟ' ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਇਸ ਵਿਚ ਐਮ.ਐਸ.ਪੀ ਦੀ ਕਾਨੂੰਨੀ ਗਾਰੰਟੀ 'ਤੇ ਪੂਰੀ ਚੁੱਪੀ ਹੈ। ਡੀਜ਼ਲ, ਖਾਦ ਅਤੇ ਬੀਜਾਂ ਦੀ ਮਹਿੰਗਾਈ 'ਤੇ ਕੋਈ ਰਾਹਤ ਨਹੀਂ। ਇਹ 'ਬਜਟ' ਕਿਸਾਨਾਂ/ਮਜਦੂਰਾਂ ਦੀ ਨਹੀਂ, ਸਗੋਂ ਕਾਰਪੋਰੇਟ ਖੇਤੀ ਦੀ ਸੋਚ ਨੂੰ ਅੱਗੇ ਵਧਾਉਂਦਾ ਹੈ।' ਇਸ ਵਿਚ ਕਿਸਾਨਾਂ-ਮਜਦੂਰਾਂ ਲਈ ਕੁਝ ਵੀ ਨਹੀਂ ਦਿੱਤਾ ਗਿਆ, ਸਿਰਫ ਉਨ੍ਹਾਂ ਨੂੰ ਮੁੜ ਭਰੋਸਿਆਂ ਦੇ ਸਹਾਰੇ ਛੱਡ ਦਿੱਤਾ ਗਿਆ। ਇਸ 'ਬਜਟ' ਨਾਲ ਕਿਸਾਨਾਂ ਦੀ ਆਮਦਨ ਨਹੀਂ ਵਧਣੀ ਬਲਕਿ ਕਾਰਪੋਰੇਟ ਘਰਾਣਿਆਂ ਦੀ ਆਮਦਨ ਵਧੇਗੀ।
ਬਜਟ 'ਚ ਮਜ਼ਦੂਰਾਂ ਦੇ ਹਿੱਤ ਦੀ ਕੋਈ ਗੱਲ ਨਹੀਂ- ਨਸਰਾਲੀ,ਸੇਵੇਵਾਲਾ
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਅਤੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕੇਂਦਰ ਸਰਕਾਰ ਦੇ ਬਜਟ ਨੂੰ ਵੱਖ-ਵੱਖ ਵਰਗਾਂ ਸਮੇਤ ਮਜ਼ਦੂਰ ਮਾਰੂ ਦੱਸਦੇ ਹੋਏ ਕਿਹਾ ਕਿ ਬਜਟ 'ਚ ਮਜ਼ਦੂਰਾਂ ਦੇ ਹਿੱਤ ਦੀ ਕੋਈ ਗੱਲ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਲੋੜ ਸੀ ਕੇਂਦਰ ਸਰਕਾਰ ਅਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਬਜਟ 'ਚ ਪੁਰਾਣੇ ਮਨਰੇਗਾ ਕਾਨੂੰਨ ਦੀ ਬਹਾਲੀ ਦਾ ਪ੍ਰਸਤਾਵ ਰੱਖਦੇ ਤੇ ਇਸ ਦੇ ਬਜਟ 'ਚ ਹੋਰ ਵਾਧਾ ਕਰਕੇ ਮਜ਼ਦੂਰਾਂ ਦੀ ਆਰਥਿਕ ਤੌਰ 'ਤੇ ਬਾਂਹ ਫੜਦੇ, ਪਰ ਕਰਨਾ ਦੂਰ, ਸੋਚਿਆ ਵੀ ਨਹੀਂ ਗਿਆ।
ਪੰਜਾਬ ਵਿਰੋਧੀ ਹੈ ਕੇਂਦਰ ਸਰਕਾਰ ਦਾ ਬਜਟ- ਬਲਕਾਰ ਸਿੰਘ ਬਰਾੜ
ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਬਲਕਾਰ ਸਿੰਘ ਬਰਾੜ ਨੇ ਕੇਂਦਰੀ ਬਜਟ ਨੂੰ ਪੰਜਾਬ ਵਿਰੋਧੀ ਦੱਸਦਿਆਂ ਕਿਹਾ ਕਿ ਬਜਟ 'ਚ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਵਪਾਰੀਆਂ ਤੋਂ ਇਲਾਵਾ ਹੜ੍ਹਾਂ ਦੀ ਮਾਰ ਹੇਠਾਂ ਆਏ ਲੋਕਾਂ ਨੂੰ ਰਾਹਤ ਦੇਣ ਦੀ ਕੋਈ ਗੱਲ ਨਹੀਂ ਕੀਤੀ ਹੈ। ਬਰਾੜ ਨੇ ਕਿਹਾ ਕਿ ਕੇਂਦਰ ਦੀ ਅਗਵਾਈ ਵਾਲੀ ਭਾਜਪਾ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਲੈ ਕੇ ਪੰਜਾਬ 'ਚ ਸਰਕਾਰ ਬਣਾਉਣ ਦੀ ਇੱਛਾ ਤਾਂ ਰੱਖਦੀ ਹੈ ਪਰ ਪੰਜਾਬ ਦੀ ਤਰੱਕੀ ਨਹੀਂ ਚਾਹੁੰਦੀ। ਇਸ ਬਜਟ ਨੇ ਭਾਜਪਾ ਦੀ ਪੰਜਾਬ ਪ੍ਰਤੀ ਸੋਚ ਮੁੜ ਜ਼ਾਹਿਰ ਕੀਤੀ ਹੈ।
'ਬਜਟ' ਨੇ ਲੋਕਾਂ ਦੀਆਂ ਉਮੀਦਾਂ 'ਤੇ ਫੇਰਿਆ ਪਾਣੀ- ਡਾ. ਅਜੀਤਪਾਲ ਸਿੰਘ
ਜਮਹੂਰੀ ਅਧਿਕਾਰ ਸਭਾ ਦੇ ਆਗੂ ਤੇ ਸੇਵਾਮੁਕਤ ਡਿਪਟੀ ਮੈਡੀਕਲ ਕਮਿਸ਼ਨਰ ਡਾ. ਅਜੀਤਪਾਲ ਸਿੰਘ ਨੇ 'ਕੇਂਦਰੀ ਬਜਟ' ਨੂੰ ਕਾਰਪੋਰੇਟ ਪੱਖੀ ਕਰਾਰ ਦਿੰਦਿਆਂ ਕਿਸਾਨ, ਮਜ਼ਦੂਰ, ਵਿਦਿਆਰਥੀ ਤੇ ਮੁਲਾਜ਼ਮ ਮਾਰੂ ਦੱਸਿਆ। ਉਨ੍ਹਾਂ ਕਿਹਾ ਕਿ 'ਬਜਟ' 'ਚ ਪੁਰਾਣੀ ਪੈਨਸ਼ਨ ਸਕੀਮ, ਮਹਿੰਗਾਈ, ਬੇਰੁਜ਼ਗਾਰੀ, ਰਸੋਈ ਵਸਤਾਂ, ਸਿੱਖਿਆ, ਸਿਹਤ, ਇਨਕਮ ਟੈਕਸ, ਬਿਜਲੀ ਬਾਰੇ ਕੋਈ ਯੋਜਨਾ ਨਹੀਂ। ਕੁਲ ਮਿਲਾ ਕੇ 'ਬਜਟ' ਨੇ ਲੋਕਾਂ ਦੀਆਂ ਉਮੀਦਾਂ 'ਤੇ ਪਾਣੀ ਫੇਰਿਆ।
'ਬਜਟ' ਕਿਸਾਨਾਂ-ਮਜ਼ਦੂਰਾਂ ਤੇ ਪੇਂਡੂ ਭਾਰਤ ਨੂੰ ਨਿਰਾਸ਼ ਕਰਨ ਵਾਲਾ- ਸਰੂਪ ਸਿੰਘ ਰਾਮਾਂ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ-ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾਂ ਨੇ ਕਿਹਾ ਕਿ 'ਕੇਂਦਰੀ ਬਜਟ' ਕਿਸਾਨਾਂ, ਮਜ਼ਦੂਰਾਂ ਤੇ ਪੇਂਡੂ ਭਾਰਤ ਨੂੰ ਨਿਰਾਸ਼ ਕਰਨ ਵਾਲਾ ਹੈ। 'ਬਜਟ' 'ਚ ਕਿਸਾਨਾਂ ਲਈ ਕੋਈ ਕਰਜ਼ ਮੁਆਫ਼ੀ ਜਾਂ ਫ਼ਸਲਾਂ ਦੀ ਐਮ.ਐਸ.ਪੀ. ਦੀ ਕਾਨੂੰਨੀ ਗਰੰਟੀ ਨਹੀਂ। ਪੰਜਾਬ ਦੇ ਹੜ੍ਹ ਪੀੜਤ ਕਿਸਾਨਾਂ-ਮਜ਼ਦੂਰਾਂ ਲਈ ਕੋਈ ਰਾਹਤ ਨਹੀਂ। ਅੰਕੜਿਆਂ ਤੇ ਘੋਸ਼ਣਾਵਾਂ ਦਾ 'ਬਜਟ' ਦੇਸ਼ ਦੇ ਭੋਜਨ ਪ੍ਰਦਾਤਾਵਾਂ ਅਤੇ ਮਜ਼ਦੂਰ ਵਰਗ ਨੂੰ ਨਜ਼ਰਅੰਦਾਜ਼ ਕਰਦਾ ਹੈ।
'ਬਜਟ' 'ਚ ਮਹਿੰਗਾਈ, ਬੇਰੁਜ਼ਗਾਰੀ ਅਤੇ ਆਮਦਨ ਵਧਾਉਣ ਬਾਰੇ ਕੋਈ ਠੋਸ ਯੋਜਨਾ ਨਹੀਂ- ਡਾ. ਭੱਟੀ
ਕਾਂਗਰਸ ਦੀ ਮਹਿਲਾ ਆਗੂ ਡਾ. ਜੀਵਨਜੋਤ ਕੌਰ ਭੱਟੀ ਨੇ ਕਿਹਾ ਕਿ 'ਕੇਂਦਰ ਸਰਕਾਰ ਵਲੋਂ ਪਿਛਲੇ ਲੰਬੇ ਸਮੇਂ ਤੋਂ ਮਹਿਲਾ ਸਸ਼ਕਤੀਕਰਨ ਦੇ ਨਾਅਰੇ ਤਾਂ ਲਗਾਏ ਗਏ ਹਨ, ਪਰ ਘਰੇਲੂ ਕੰਮ-ਧੰਦਿਆਂ ਲਈ ਸੌਖੀ ਫੰਡਿੰਗ ਅਤੇ ਔਰਤਾਂ ਦੀ ਸੁਰੱਖਿਆ ਅਜੇ ਵੀ ਕਾਗ਼ਜ਼ਾਂ ਤੱਕ ਸੀਮਤ ਹੈ।' ਡਾ. ਭੱਟੀ ਨੇ ਕਿਹਾ ਕਿ ਇਹ 'ਬਜਟ' ਆਮ ਲੋਕਾਂ ਲਈ ਨਹੀਂ, ਸਗੋਂ ਚੁਣਾਵੀਂ ਵਰ੍ਹੇ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਗਿਆ ਦਸਤਾਵੇਜ਼ ਹੈ। ਇਸ 'ਚ ਮਹਿੰਗਾਈ, ਬੇਰੁਜ਼ਗਾਰੀ ਅਤੇ ਆਮਦਨ ਵਧਾਉਣ ਬਾਰੇ ਸਰਕਾਰ ਕੋਲ ਕੋਈ ਠੋਸ ਯੋਜਨਾ ਨਹੀਂ ਹੈ।
ਭਾਜਯੂਮੋ ਦੇ ਸੂਬਾ ਕਾਰਜਕਾਰੀ ਮੈਂਬਰ ਰਿਸ਼ੂ ਗਰਗ ਨੇ ਬਜਟ ਦੀ ਕੀਤੀ ਸ਼ਲਾਘਾ
ਰਾਮਾਂ ਮੰਡੀ, 1 ਫਰਵਰੀ (ਤਰਸੇਮ ਸਿੰਗਲਾ)- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਲਗਾਤਾਰ 9ਵੀਂ ਵਾਰ ਬਜਟ ਪੇਸ਼ ਕਰਕੇ ਇਤਿਹਾਸ ਰਚਿਆ ਗਿਆ ਹੈ। ਬਜਟ ਦੀ ਸ਼ਲਾਘਾ ਕਰਦੇ ਹੋਏ ਭਾਜਯੂਮੋ ਦੇ ਸੂਬਾ ਕਾਰਜਕਾਰੀ ਮੈਂਬਰ ਰਿਸ਼ੂ ਗਰਗ ਨੇ ਕਿਹਾ ਕਿ 2026-27 ਦੇ ਪੇਸ਼ ਕੀਤੇ ਬਜਟ ਵਿਚ ਨੌਜਵਾਨਾਂ ਦੇ ਹਿੱਤਾਂ ਦਾ ਧਿਆਨ ਰੱਖਿਆ ਗਿਆ ਹੈ, ਉਥੇ ਹੀ ਛੋਟੇ ਵਪਾਰੀਆਂ ਅਤੇ ਕਿਸਾਨਾਂ ਦੇ ਹਿੱਤਾਂ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ 2047 ਤੱਕ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਲਈ ਇਸ ਬਜਟ ਵਿੱਚ ਖ਼ਾਸ ਧਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਦੇਸ਼ ਤੇਜ਼ੀ ਨਾਲ ਤਰੱਕੀ ਦੇ ਰਾਹ ਵੱਲ ਅੱਗੇ ਵਧ ਰਿਹਾ ਹੈ। ਅੱਜ ਪੇਸ਼ ਕੀਤੇ ਗਏ ਬਜਟ ਵਿਚ ਜਿੱਥੇ ਆਮ ਵਰਤੋਂ ਦੀਆਂ ਵਸਤਾਂ ਤੋਂ ਇਲਾਵਾ ਜ਼ਰੂਰੀ ਦਵਾਈਆਂ ਨੂੰ ਟੈਕਸ ਵਿਚੋਂ ਛੋਟ ਦਿੱਤੀ ਗਈ ਹੈ, ਉਥੇ ਹੀ ਰੱਖਿਆ ਖੇਤਰ ਵੱਲ ਵੀ ਇਸ ਬਜਟ ਵਿਚ ਖ਼ਾਸ ਧਿਆਨ ਰੱਖਿਆ ਗਿਆ ਹੈ ਅਤੇ ਚੁਨੌਤੀਆਂ ਦੇ ਬਾਵਜੂਦ ਦੇਸ਼ ਨੂੰ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਬਣਾਇਆ ਹੈ।