ਰਾਮਪੁਰਾ ਫੂਲ, 2 ਫਰਵਰੀ (ਹੇਮੰਤ ਕੁਮਾਰ ਸ਼ਰਮਾ)-ਭਾਕਿਯੂ ਕ੍ਰਾਂਤੀਕਾਰੀ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਕਮੇਟੀ ਦੀ ਅਹਿਮ ਮੀਟਿੰਗ ਫੂਲ ਟਾਊਨ ਦੇ ਗੁਰੂਦੁਆਰਾ ਸ਼੍ਰੀ ਅਕਾਲਗੜ੍ਹ ਸਾਹਿਬ ਵਿਖੇ ਹੋਈ | ਮੀਟਿੰਗ ਦੀ ਅਗਵਾਈ ਜ਼ਿਲ੍ਹਾ ਸੀ: ਮੀਤ ਪ੍ਰਧਾਨ ਦਰਸ਼ਨ ਢਿੱਲੋਂ ਫੂਲ਼ ਨੇ ਕੀਤੀ ਜਦਕਿ ਸੂਬਾ ਚੇਅਰਮੈਨ ਸੁਰਜੀਤ ਸਿੰਘ ਫੂਲ਼ ਦੁਆਰਾ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ ਗਈ | ਮੀਟਿੰਗ ਦੌਰਾਨ ਵੱਖ ਵੱਖ ਏਜੰਡਿਆਂ ਉਪਰ ਵਿਸਥਾਰ ਨਾਲ ਵਿਚਾਰ ਚਰਚਾ ਸਮੇਤ ਪਿਛਲੇ ਮੋਰਚਿਆਂ ਵਿਚ ਜਥੇਬੰਦੀ ਦੀ ਹਾਜ਼ਰੀ ਜਦਕਿ ਅਗਾਊਾ ਸੱਦਿਆਂ ਸੰਬੰਧੀ ਵਿਉਂਤਬੰਦੀ ਉਲੀਕੀ ਗਈ | ਸੂਬਾ ਚੇਅਰਮੈਨ ਸੁਰਜੀਤ ਸਿੰਘ ਫੂਲ਼ ਨੇ ਦੱਸਿਆ ਕਿ ਬੀਤੇ ਦਸੰਬਰ ਮਹੀਨੇ ਦੌਰਾਨ ਕਿਸਾਨ ਮਜ਼ਦੂਰ ਮੋਰਚੇ ਦੁਆਰਾ ਜੋ ਰਹਿੰਦੀਆਂ ਮੰਗਾਂ ਜਿਹਨਾਂ ਵਿਚ ਮੁੱਖ ਮੰਗਾਂ ਸ਼ੰਭੂ ਮੋਰਚੇ ਦੇ ਨੁਕਸਾਨ ਦੀ ਭਰਪਾਈ, ਬਿਜਲੀ ਬਿੱਲ, ਵੀਬੀ ਜੀ ਰਾਮ ਜੀ ਨਰੇਗਾ ਬਿੱਲ ਸੰਬੰਧੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਭੂਮਿਕਾ ਸੰਬੰਧੀ ਆਦਿ ਨੂੰ ਲੈ ਕੇ ਪੰਜਾਬ ਸਰਕਾਰ ਦੁਆਰਾ ਵਾਰ-ਵਾਰ ਮੀਟਿੰਗ ਤੋਂ ਟਾਲਾ ਕਰਨ ਦੀ ਵਾਅਦਾਖਿਲਾਫ਼ੀ ਨੂੰ ਲੈ ਕੇ 5 ਫ਼ਰਵਰੀ ਨੂੰ ਸੂਬੇ ਅੰਦਰ ਵੱਖ-ਵੱਖ ਕੈਬਨਿਟ ਮੰਤਰੀਆਂ ਤੇ ਹਲਕਾ ਵਿਧਾਇਕਾਂ ਦੇ ਘਰਾਂ ਅੱਗੇ ਇਕ ਦਿਨ ਲਈ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਵਿਚ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਰਿਹਾਇਸ਼ ਰਾਮਪੁਰਾ ਫੂਲ਼ ਵਿਖੇ ਇਸ ਸੱਦੇ ਨੂੰ ਲਾਗੂ ਕੀਤਾ ਜਾਵੇਗਾ | ਇਸ ਮੌਕੇ ਮੀਟਿੰਗ ਦੌਰਾਨ ਕਿਸਾਨ ਆਗੂ ਗੋਰਾ ਡਿੱਖ, ਜ਼ਿਲ੍ਹਾ ਸਹਾਇਕ ਸਕੱਤਰ ਬੂਟਾ ਬਾਜਵਾ ਕੋਠਾ ਗੁਰੂ, ਬਲਾਕ ਫੂਲ ਪ੍ਰਧਾਨ ਗੁਰਪ੍ਰੀਤ ਢਿਪਾਲੀ, ਡਿੱਖ ਇਕਾਈ ਪ੍ਰਧਾਨ ਸੁਖਦੀਪ ਸਿੰਘ, ਫੂਲ਼ ਇਕਾਈ ਪ੍ਰਧਾਨ ਰੁਲਦੂ ਸਿੰਘ ਤੇ ਖਜ਼ਾਨਚੀ ਹਰਜਿੰਦਰ ਸ਼ਰਮਾ, ਦਰਸ਼ਨ ਸਿੰਘ ਚੋਟੀਆਂ ਸਮੇਤ ਹੋਰ ਵੀ ਕਿਸਾਨ ਆਗੂ ਹਾਜ਼ਰ ਸਨ |