ਬਠਿੰਡਾ, 2 ਫਰਵਰੀ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਦੇ ਕਿਸ਼ੋਰੀ ਰਾਮ ਰੋਡ ਵਿਖੇ ਸਥਿਤ ਇਕ ਪਲਾਟ ਨੂੰ ਮਾਂ ਅਤੇ ਧੀ ਵਲੋਂ ਜਾਅਲੀ ਕੁਰਸੀਨਾਮਾ ਤਿਆਰ ਕਰਵਾ ਅਤੇ ਸਾਬਕਾ ਕੌਂਸਲਰ ਤੋਂ ਤਸਦੀਕ ਕਰਵਾ ਕੇ ਸਰਕਾਰੀ ਰਿਕਾਰਡ 'ਚ ਆਪਣੇ ਨਾਮ ਦਰਜ ਕਰਵਾਇਆ ਗਿਆ ਹੈ | ਪੰਚਕੁਲਾ ਦੀ ਰਹਿਣ ਵਾਲੀ ਏਕਤਾ ਗੁਪਤਾ ਵਲੋਂ ਕੀਤੀ ਗਈ ਸ਼ਿਕਾਇਤ ਦੇ ਅਧਾਰ 'ਤੇ ਥਾਣਾ ਸਿਵਲ ਲਾਇਨ ਦੀ ਪੁਲਿਸ ਨੇ ਮਾਂ- ਧੀ ਅਤੇ ਇਕ ਸਾਬਕਾ ਕੌਂਸਲਰ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ | ਜਿੰਨ੍ਹਾਂ ਦੀ ਗਿ੍ਫ਼ਤਾਰੀ ਅਜੇ ਬਾਕੀ ਹੈ | ਇਸ ਮਾਮਲੇ ਸੰਬੰਧੀ ਥਾਣਾ ਸਿਵਲ ਲਾਇਨ ਦੇ ਸਹਾਇਕ ਥਾਣੇਦਾਰ ਰਘਵੀਰ ਸਿੰਘ ਨੇ ਦੱਸਿਆ ਕਿ ਪੰਚਕੁਲਾ ਦੀ ਰਹਿਣ ਵਾਲੀ ਏਕਤਾ ਗੁਪਤਾ ਨੇ ਉਨ੍ਹਾਂ ਨੂੰ ਬਿਆਨ ਦਰਜ ਕਰਵਾਏ ਕਿ ਉਸ ਦੇ ਪਿਤਾ ਅੱਛਰੂ ਗੁਪਤਾ ਦੀ ਮੌਤ ਹੋ ਚੁੱਕੀ ਹੈ ਤੇ ਉਨ੍ਹਾਂ ਦੇ ਨਾਮ ਉੱਪਰ ਇਕ ਪਲਾਟ ਸੀ, ਜਿਸ ਨੂੰ ਉਸ ਦੀ ਮਾਤਾ ਓਮਾ ਗੁਪਤਾ ਅਤੇ ਭੈਣ ਪ੍ਰਾਚੀ ਗੁਪਤਾ ਵਾਸੀ ਪੰਚਕੂਲਾ ਨੇ ਜਾਅਲੀ ਕੁਰਸੀਨਾਮਾ ਤਿਆਰ ਕਰਕੇ ਤੇ ਸਾਬਕਾ ਕੌਂਸਲਰ ਰਾਜਾ ਸਿੰਘ ਤੋਂ ਤਸਦੀਕ ਕਰਵਾ ਕੇ ਸਰਕਾਰੀ ਰਿਕਾਰਡ 'ਚ ਦਰਜ ਕਰਵਾਕੇ ਉਸ ਨਾਲ ਧੋਖਾਧੜੀ ਕੀਤੀ ਗਈ ਹੈ | ਪੁਲਿਸ ਨੇ ਉਕਤ ਮਾਮਲੇ ਦੀ ਪੜਤਾਲ ਕਰਨ ਤੋਂ ਬਾਦ ਓਮਾ ਗੁਪਤਾ, ਪ੍ਰਾਚੀ ਗੁਪਤਾ ਅਤੇ ਸਾਬਕਾ ਕੌਂਸਲਰ ਰਾਜਾ ਸਿੰਘ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਜਦਕਿ ਇਸ ਮਾਮਲੇ 'ਚ ਤਿੰਨਾਂ ਦੀ ਗਿ੍ਫ਼ਤਾਰੀ ਅਜੇ ਬਾਕੀ ਹੈ |