ਤਲਵੰਡੀ ਸਾਬੋ, 21 ਫਰਵਰੀ (ਰਣਜੀਤ ਸਿੰਘ ਰਾਜੂ)-ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੇ ਵੱਡੇ ਪਿੰਡ ਭਾਗੀਵਾਂਦਰ 'ਚ ਭਾਰਤੀ ਜਨਤਾ ਪਾਰਟੀ ਨੂੰ ਉਦੋਂ ਵੱਡਾ ਬਲ ਮਿਲਿਆ ਜਦੋਂ ਪ੍ਰੇਮ ਸਿੰਘ ਦੁੱਨੇਵਾਲਾ ਦੀ ਪ੍ਰੇਰਣਾ ਸਦਕਾ ਕਰੀਬ 50 ਪਰਿਵਾਰਾਂ ਨੇ ਭਾਜਪਾ ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਕਨਵੀਨਰ ਬੀਬਾ ਪਰਮਪਾਲ ਕੌਰ ਸਿੱਧੂ ਦੀ ਮੌਜੂਦਗੀ 'ਚ ਆਪਣੀਆਂ ਪਿਤਰੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਭਾਜਪਾ 'ਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ | ਪਰਮਪਾਲ ਕੌਰ ਸਿੱਧੂ ਨੇ ਉਕਤ ਪਰਿਵਾਰਾਂ ਨੂੰ ਭਾਜਪਾ 'ਚ ਸ਼ਾਮਿਲ ਕਰਦਿਆਂ ਉਨ੍ਹਾਂ ਨੂੰ ਪਾਰਟੀ 'ਚ ਬਣਦਾ ਮਾਨ ਸਨਮਾਨ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਆਪਣੇ ਸੰਬੋਧਨ 'ਚ ਉਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਵਲੋਂ ਲੋਕਾਂ ਨੂੰ ਮੁਢਲੀਆਂ ਸਹੂਲਤਾ ਦੇਣ ਲਈ ਆਰੰਭ ਕੀਤੀਆਂ ਲੋਕ ਭਲਾਈ ਯੋਜਨਾਵਾਂ ਵਾਰੇ ਵਿਸਥਾਰ 'ਚ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕੇ ਕੇਂਦਰ ਸਰਕਾਰ ਵੱਲੋਂ ਹਰ ਵਰਗ ਨੂੰ ਸਹੂਲਤਾਂ ਦੇਣ ਲਈ ਵੱਖ-ਵੱਖ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਤੇ ਇਹ ਕੇਂਦਰੀ ਯੋਜਨਾਵਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਤ ਭਾਰਤ ਦੇ ਸੁਪਨੇ ਦਾ ਅਹਿਮ ਹਿੱਸਾ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਲੋਕ ਭਲਾਈ ਦੇ ਨਾਮ 'ਤੇ ਕੋਈ ਯੋਜਨਾ ਲਾਗੂ ਨਹੀਂ ਕਰ ਸਕੀ,ਹੋਰ ਤਾਂ ਹੋਰ ਭਗਵੰਤ ਮਾਨ ਦੀ ਸਰਕਾਰ ਕੇਂਦਰੀ ਯੋਜਨਾਵਾਂ ਨੂੰ ਸੂਬੇ 'ਚ ਲਾਗੂ ਕਰਨ ਨੂੰ ਲੈ ਕੇ ਵੀ ਲੋੜੀਂਦੇ ਉਪਰਾਲੇ ਨਹੀਂ ਕਰ ਰਹੀ ਜਿਸ ਕਰਕੇ ਸੂਬੇ ਦੇ ਵੱਡੀ ਗਿਣਤੀ ਲੋਕ ਕੇਂਦਰੀ ਲੋਕ ਭਲਾਈ ਯੋਜਨਾਵਾਂ ਦਾ ਫਾਇਦਾ ਨਹੀ ੳੇਠਾ ਸਕਦੇ | ਸੰਬੋਧਨ ਦੌਰਾਨ ਪਰਮਪਾਲ ਕੌਰ ਸਿੱਧੂ ਅਤੇ ਸੋਨੀਆ ਨਈਅਰ ਨੇ ਮੋਗਾ ਵਿਖ਼ੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਹੋਣ ਵਾਲੀ ਸੂਬਾ ਪੱਧਰੀ ਰੈਲ਼ੀ ਵਾਰੇ ਵੀ ਵਿਚਾਰ ਚਰਚਾ ਕੀਤੀ | ਇਸ ਮੌਕੇ ਸਾਬਕਾ ਮੈਂਬਰ ਬੂਟਾ ਸਿੰਘ,ਕੇਵਲ ਸਿੰਘ, ਕੁਲਦੀਪ ਕੌਰ,ਸੁਰੇਸ਼ ਕੁਮਾਰ ਅਤੇ ਮੀਡੀਆ ਕਨਵੀਨਰ ਰਤਨ ਸ਼ਰਮਾਂ ਮਲੂਕਾ ਤੋਂ ਇਲਾਵਾ ਵੱਡੀ ਗਿਣਤੀ ਭਾਜਪਾ ਵਰਕਰ ਹਾਜ਼ਰ ਸਨ |