ਅਜੀਤਵਾਲ, 22 ਫਰਵਰੀ (ਹਰਦੇਵ ਸਿੰਘ ਮਾਨ)-ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬੀ ਲੇਖਕ ਪਾਠਕ ਮੰਚ ਢੁੱਡੀਕੇ ਵਲੋਂ ਪਿੰਡ ਢੁੱਡੀਕੇ ਵਿਖੇ ਮਾਂ ਬੋਲੀ ਦਿਵਸ ਮਨਾਉਂਦਿਆਂ ਪੰਜਾਬੀ ਮਾਂ ਬੋਲੀ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ | ਗਈ ਪਿੰਡ 'ਚ ਵੱਖ-ਵੱਖ ਪੜਾਵਾਂ 'ਤੇ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਪੰਜਾਬੀ ਪੜੋ੍ਹ, ਪੰਜਾਬੀ ਲਿਖੋ ਤੇ ਪੰਜਾਬੀ ਬੋਲੋ | ਮੰਚ ਦੇ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਨੇ ਬੜੇ ਪਿਆਰ ਭਰੇ ਲਹਿਜ਼ੇ ਨਾਲ ਬੋਲਦਿਆਂ ਕਿ ਸਾਨੂੰ ਹੋਰ ਭਾਸ਼ਾਵਾਂ ਸਿੱਖਣ ਦੀ ਲੋੜ ਹੈ, ਪਰ ਅਸੀ ਆਪਣੀ ਮਾਤ- ਭਾਸ਼ਾ ਨੂੰ ਛੱਡ ਕੇ ਹੋਰ ਭਾਸ਼ਾ ਰਾਹੀਂ ਸਫਲਤਾ ਪ੍ਰਾਪਤ ਨਹੀ ਕਰ ਸਕਦੇ | ਸਿਰਫ਼ ਆਪਣੀ ਮਾਂ ਬੋਲੀ ਰਾਹੀਂ ਹੀ ਅਸੀਂ ਅਗਾਹ ਵਧ ਸਕਦੇ ਹਾਂ | ਮੰਚ ਦੇ ਮੈਂਬਰਾਂ ਨੇ ਪੰਜਾਬੀ ਭਾਸ਼ਾ ਦੇ ਹੱਕ ਵਿਚ ਮਾਂ ਬੋਲੀ ਨਾਲ ਪਿਆਰ ਕਰੋ ਪਿਆਰ ਕਰੋ, ਮਾਂ ਬੋਲੀ ਨੂੰ ਛੱਡ ਜਾਉਗੇ, ਕੱਖਾਂ ਵਾਂਗ ਰੁਲ ਜਾਉਗੇ ਆਦਿ ਨਾਅਰੇ ਲਾ ਕੇ ਮਾਂ ਬੋਲੀ ਪੰਜਾਬੀ ਪ੍ਰਤੀ ਸਤਿਕਾਰ ਦਾ ਸੁਨੇਹਾ ਦਿੱਤਾ, ਜਿਸ ਵਿਚ ਪਿੰਡ ਵਾਸੀਆਂ ਨੇ ਉਤਸ਼ਾਹ ਦਿਖਾਇਆ ਤੇ ਮਾ. ਗੁਰਚਰਨ ਸਿੰਘ ਤੇ ਹੋਰ ਬੁਲਾਰਿਆਂ ਨੂੰ ਬੜੇ ਧਿਆਨ ਨਾਲ ਸੁਣਿਆ | ਇਸ ਮੌਕੇ ਸਰਬਜੀਤ ਸਿੰਘ ਗਿੱਲ, ਮਾਸਟਰ ਜੈਕਬ, ਹਰੀ ਸਿੰਘ ਢੁੱਡੀਕੇ, ਮਾਸਟਰ ਅਮਰਇੰਦਰ ਸਿੰਘ, ਅਰਸ਼ ਸਰਾਂ ਢੁੱਡੀਕੇ, ਤਰਨਜੀਤਪਾਲ ਸਿੰਘ ਲਵਲੀ, ਚਮਕੌਰ ਸਿੰਘ ਫ਼ੌਜੀ, ਜਗਤਾਰ ਸਿੰਘ ਘਾਲੀ, ਜਗਸੀਰ ਸਿੰਘ, ਹਰਮੀਤ ਸਿੰਘ, ਰਣਜੀਤ ਸਿੰਘ, ਸੁਰਜੀਤ ਸਿੰਘ ਸੀਤਾ, ਸੂਬੇਦਾਰ ਜੁਗਰਾਜ ਸਿੰਘ ਆਦਿ ਹਾਜ਼ਰ ਸਨ |