ਬਠਿੰਡਾ, 23 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਵਿਖੇ ਭਾਰਤੀ ਗਿਆਨ ਪਰੰਪਰਾ ਦੇ ਪਾਠਕ੍ਰਮ ਵਿਚ ਏਕੀਕਰਨ ਵਿਸ਼ੇ 'ਤੇ ਛੇ ਦਿਨਾਂ ਦਾ ਸਿਖਲਾਈ ਪ੍ਰੋਗਰਾਮ ਸ਼ੁਰੂ ਹੋਇਆ | ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਉੱਚ ਸਿੱਖਿਆ ਵਿਚ ਭਾਰਤੀ ਗਿਆਨ ਪਰੰਪਰਾ ਦੀ ਮਹੱਤਤਾ ਅਤੇ ਸਮਕਾਲੀ ਪ੍ਰਸੰਗਿਕਤਾ ਉਜਾਗਰ ਕੀਤੀ | ਉਨ੍ਹਾਂ ਦੱਸਿਆ ਕਿ ਯੂਨੇਸਕੋ ਵਲੋਂ 1996 ਵਿਚ ਪ੍ਰਸਤਾਵਿਤ ਸਿੱਖਿਆ ਦੇ ਚਾਰ ਸਤੰਭ-ਜਾਣਨਾ ਸਿੱਖਣਾ, ਕਰਨਾ ਸਿੱਖਣਾ, ਇਕੱਠੇ ਰਹਿਣਾ ਸਿੱਖਣਾ ਅਤੇ ਆਪ ਬਣਨਾ ਸਿੱਖਣਾ, ਪ੍ਰਾਚੀਨ ਭਾਰਤੀ ਸਿੱਖਿਆ ਪ੍ਰਣਾਲੀਆਂ ਵਿਚ ਪਹਿਲਾਂ ਹੀ ਸਮੇਂ ਹੋਏ ਸੀ ਅਤੇ ਅੱਜ ਵੀ ਬਹੁਤ ਪ੍ਰਸੰਗਿਕ ਹੈ | ਪ੍ਰੋ. ਤਿਵਾਰੀ ਨੇ ਸਵੈ-ਬੋਧ ਦੀ ਮਹੱਤਤਾ ਉਤੇ ਜ਼ੋਰ ਦਿੰਦਿਆਂ ਕਿਹਾ ਕਿ ਸੱਭਿਆਚਾਰਕ ਵਿਰਾਸਤ ਦੀ ਸਮਝ ਜ਼ਿੰਮੇਵਾਰ ਨਾਗਰਿਕਤਾ ਅਤੇ ਰਾਸ਼ਟਰੀ ਵਿਕਾਸ ਲਈ ਬਹੁਤ ਜ਼ਰੂਰੀ ਹੈ | ਉਨ੍ਹਾਂ ਨੇ ਧਰਮ, ਅਰਥ, ਕਾਮ ਅਤੇ ਮੋਕਸ਼ ਦੇ ਪੁਰਸ਼ਾਰਥ ਨੂੰ ਜੀਵਨ ਦੇ ਨੈਤਿਕ, ਭੌਤਿਕ ਅਤੇ ਆਧਿਆਤਮਿਕ ਪੱਖਾਂ ਦਾ ਸੰਤੁਲਿਤ ਢਾਂਚਾ ਦੱਸਦਿਆਂ ਧਰਮ ਨੂੰ ਸਮਾਜਿਕ ਸਦਭਾਵਨਾ ਦਾ ਮਾਰਗਦਰਸ਼ਕ ਕਰਾਰ ਦਿੱਤਾ | ਆਪਣੇ ਸੰਬੋਧਨ ਦੇ ਅੰਤ ਵਿਚ ਉਨ੍ਹਾਂ ਨੇ ਭਾਗੀਦਾਰਾਂ ਨੂੰ ਭਾਰਤੀ ਗਿਆਨ ਪਰੰਪਰਾ ਨਾਲ ਜੁੜਨ ਅਤੇ ਰਾਸ਼ਟਰੀ ਸਿੱਖਿਆ ਨੀਤੀ 2020 ਅਨੁਸਾਰ ਯੂਨੀਵਰਸਿਟੀ ਪਾਠਕ੍ਰਮਾਂ ਵਿਚ ਇਸ ਦੇ ਏਕੀਕਰਨ ਦੀ ਅਪੀਲ ਕੀਤੀ | ਯੂਜੀਸੀ ਅਬਜ਼ਰਵਰ ਡਾ. ਮਦਨ ਕੁਮਾਰ ਝਾ ਨੇ ਵਾਈਸ-ਚਾਂਸਲਰ ਪ੍ਰੋ. ਤਿਵਾਰੀ ਦੇ ਯਤਨਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸੀਯੂ ਪੰਜਾਬ ਵਿਚ ਭਾਰਤੀ ਗਿਆਨ ਪਰੰਪਰਾ ਦੇ ਮੁੱਲਾਂ ਦਾ ਸੰਸਥਾਗਤ ਸਮਾਵੇਸ਼ ਯੂਨੀਵਰਸਿਟੀ ਦੇ ਆਦਰਸ਼ ਵਾਕ Tਆ ਨੋ ਭਦ੍ਰਾ ਕ੍ਰਤਵੋ ਯੰਤੁ ਵਿਸ਼ਵਤ' ਵਿੱਚ ਪ੍ਰਤੀਬਿੰਬਿਤ ਹੁੰਦਾ ਹੈ, ਜੋ ਸੰਸਾਰ ਦੇ ਹਰ ਕੋਨੇ ਤੋਂ ਉੱਤਮ ਵਿਚਾਰਾਂ ਨੂੰ ਸਵੀਕਾਰ ਕਰਨ ਦੀ ਭਾਵਨਾ ਦਾ ਪ੍ਰਤੀਕ ਹੈ | ਇਸ ਤੋਂ ਪਹਿਲਾਂ ਮਾਲਵੀਆ ਮਿਸ਼ਨ ਅਧਿਆਪਕ ਸਿਖਲਾਈ ਕੇਂਦਰ ਦੇ ਡਾਇਰੈਕਟਰ ਡਾ. ਵਿਨੋਦ ਆਰੀਆ ਨੇ ਭਾਗੀਦਾਰਾਂ ਦਾ ਸਵਾਗਤ ਕਰਦਿਆਂ ਪ੍ਰੋਗਰਾਮ ਦੀ ਰੂਪਰੇਖਾ ਪੇਸ਼ ਕੀਤੀ | ਵਰਕਸ਼ਾਪ ਕੋਆਰਡੀਨੇਟਰ ਪ੍ਰੋ. ਰਾਜਿੰਦਰ ਕੁਮਾਰ ਸੇਨ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਉਦੇਸ਼ ਅਧਿਆਪਕਾਂ ਨੂੰ ਉੱਚ ਸਿੱਖਿਆ ਦੇ ਪਾਠਕ੍ਰਮਾਂ ਵਿਚ ਭਾਰਤੀ ਗਿਆਨ ਪਰੰਪਰਾਵਾਂ ਨੂੰ ਸ਼ਾਮਲ ਕਰਨ ਲਈ ਵਿਹਾਰਕ ਸਿਖਲਾਈ ਪ੍ਰਦਾਨ ਕਰਨਾ ਹੈ | ਪਹਿਲੇ ਦਿਨ ਯੂਜੀਸੀ-ਆਈਕੇਐਸ ਵਿਸ਼ੇਸ਼ਗਿਆਨ ਰਾਜਿੰਦਰ ਰਾਣਾ (ਜੇ.ਸੀ.ਡੀ.ਏ.ਵੀ. ਕਾਲਜ, ਦਸੂਹਾ) ਅਤੇ ਡਾ. ਗੁਰਪ੍ਰੀਤ ਸਿੰਘ (ਚੰਡੀਗੜ੍ਹ ਯੂਨੀਵਰਸਿਟੀ) ਨੇ ਉੱਚ ਸਿੱਖਿਆ ਵਿਚ ਆਈਕੇਐਸ ਦੇ ਪਾਠਕ੍ਰਮ ਏਕੀਕਰਨ ਸਬੰਧੀ ਸੰਕਲਪਿਕ ਅਤੇ ਵਿਹਾਰਕ ਸੈਸ਼ਨ ਕਰਵਾਏ ਗਏ |