ਤਲਵੰਡੀ ਸਾਬੋ, 23 ਫਰਵਰੀ (ਰਣਜੀਤ ਸਿੰਘ ਰਾਜੂ)- ਉੱਪ ਮੰਡਲ ਨਾਲ ਲੱਗਦੀ ਹਰਿਆਣਾ ਦੀ ਹੱਦ 'ਚ ਪੈਂਦੇ ਪਿੰਡ ਦਾਦੂ ਦੇ ਗੁਰਦੁਆਰਾ ਗ੍ਰੰਥਸਰ ਸਾਹਿਬ ਵਿਖੇ ਉੱਘੇ ਸਿੱਖ ਪ੍ਰਚਾਰਕ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਹੇਠ ਜਿੱਥੇ ਸਾਲਾਨਾ ਗੁਰਮਤਿ ਸਮਾਗਮ ਸਜਾਏ ਗਏ ਉੱਥੇ ਹਰ ਸਾਲ ਵਾਂਗ ਐਤਕੀਂ ਵੀ ਲੋੜਵੰਦ ਪਰਿਵਾਰਾਂ ਦੀਆਂ 21 ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ | ਜਥੇਦਾਰ ਦਾਦੂਵਾਲ ਦੇ ਨਿੱਜੀ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਵਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਗਿਆ ਕਿ ਇਸ ਸਾਲ ਦੇ ਸਮਾਗਮ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਰਕੇ ਕਰਵਾਏ ਗਏ | ਗੁਰਮਤਿ ਸਮਾਗਮ ਦੌਰਾਨ ਕਥਾ ਕੀਰਤਨ ਰਾਹੀਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਹਜ਼ਾਰਾਂ ਦੀ ਗਿਣਤੀ 'ਚ ਮੌਜੂਦ ਸੰਗਤਾਂ ਨੂੰ ਗੁਰਇਤਿਹਾਸ ਤੋਂ ਜਾਣੂੰ ਕਰਵਾਇਆ | ਇਸ ਮੌਕੇ 21 ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ ਤੇ ਉਨ੍ਹਾਂ ਨੂੰ ਘਰੇਲੂ ਵਰਤੋਂ ਦੇ ਸਾਜੋ ਸਮਾਨ ਤੋਂ ਇਲਾਵਾ 21-21 ਹਜ਼ਾਰ ਰੁਪਏ ਸ਼ਗਨ ਦੇ ਰੂਪ 'ਚ ਦਿੱਤੇ ਗਏ | ਸਮਾਗਮ ਦੌਰਾਨ ਸੰਬੋਧਨ ਹੁੰਦਿਆਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਵੀਰ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਜਥੇਦਾਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਸਿੰਘ ਸਾਹਿਬ ਗਿ: ਗੁਰਦਿਆਲ ਸਿੰਘ ਮੁੱਖ ਗ੍ਰੰਥੀ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੇ ਹੋਰਨਾਂ ਸ਼ਖ਼ਸੀਅਤਾਂ ਨੇ ਜਥੇਦਾਰ ਦਾਦੂਵਾਲ ਵਲੋਂ ਧਰਮ ਪ੍ਰਚਾਰ ਦੇ ਨਾਲ ਨਾਲ ਸਮਾਜਿਕ ਕਾਰਜਾਂ ਚ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ | ਸਮਾਗਮ ਦੌਰਾਨ ਬਾਬਾ ਰਜਿੰਦਰ ਸਿੰਘ ਇਸਰਾਣੇ ਵਾਲੇ, ਬਾਬਾ ਬਰਿੰਦਰ ਸਿੰਘ ਜਗਮਾਲਵਾਲੀ, ਬਾਬਾ ਜੀਵਨ ਸਿੰਘ ਹਾਂਗਕਾਂਗ, ਬਾਬਾ ਮਹੇਸ਼ ਮੁਨੀ ਉਦਾਸੀਨ ਵੱਡਾ ਅਖਾੜਾ ਕੁਰੂਕਸ਼ੇਤਰ, ਬਾਬਾ ਕਰਨੈਲ ਸਿੰਘ ਝੰਮਟ ਵਾਲੇ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਜਥੇ ਵਲੋਂ ਭਾਈ ਗੁਰਪ੍ਰੀਤ ਸਿੰਘ, ਭਾਈ ਗੁਰਸੇਵਕ ਸਿੰਘ ਰੰਗੀਲਾ, ਬਾਬਾ ਈਸ਼ਰ ਸਿੰਘ ਹੈਦਰਾਬਾਦ, ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਪੰਜਾਬ, ਰਵਿੰਦਰ ਸਿੰਘ ਬਡਖਾਲਸਾ ਓ.ਅੱੈਸ.ਡੀ ਮੁੱਖ ਮੰਤਰੀ ਹਰਿਆਣਾ, ਐੱਮ.ਐੱਸ ਬੈਨੀਪਾਲ ਬਿਹਾਰ ਸਰਕਾਰ ਵਲੋਂ, ਭਾਈ ਗੁਰਦੀਪ ਸਿੰਘ ਬਠਿੰਡਾ ਪ੍ਰਧਾਨ ਸ਼ੇਰੇ ਪੰਜਾਬ ਅਕਾਲੀ ਦਲ, ਬਲਵਿੰਦਰ ਸਿੰਘ ਲਾਡੀ ਸਾਬਕਾ ਵਿਧਾਇਕ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਮੀਤ ਸਿੰਘ ਰਾਮਸਰ ਸਮੇਤ ਮੈਂਬਰ ਤੇ ਸਾਬਕਾ ਮੈਂਬਰ, ਮਨਜੀਤ ਸਿੰਘ ਭੋਮਾ ਚੇਅਰਮੈਨ ਧਰਮ ਪ੍ਰਚਾਰ (ਪੰਜਾਬ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਐਡਵੋਕੇਟ ਛਿੰਦਰਪਾਲ ਸਿੰਘ ਬਰਾੜ, ਪੰਥਕ ਸੇਵਾ ਲਹਿਰ ਦੇ ਆਗੂਆਂ ਸਮੇਤ ਵੱਡੀ ਗਿਣਤੀ ਧਾਰਮਿਕ/ਰਾਜਨੀਤਿਕ ਆਗੂ ਹਾਜ਼ਰ ਸਨ | ਸਮਾਗਮ ਦੌਰਾਨ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ 6 ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ |