ਝੁਨੀਰ, 23 ਫਰਵਰੀ (ਸਿੰਗਲਾ)- ਮੈਰਿਜ ਪੈਲੇਸਾਂ ਵਿਚ ਚੱਲ ਰਹੇ ਵਿਆਹ ਪ੍ਰੋਗਰਾਮਾਂ ਦੌਰਾਨ ਸ਼ਰਾਬ ਨੂੰ ਸਰਕਾਰ ਵਲੋਂ ਤੈਅ ਕੀਤੇ ਰੇਟਾਂ ਤੋਂ ਡੇਢ ਗੁਣਾ ਜ਼ਿਆਦਾ ਭਾਅ 'ਤੇ ਵੇਚ ਕੇ ਠੇਕੇਦਾਰਾਂ ਵਲੋਂ ਕੀਤੀ ਜਾ ਰਹੀ ਹੈ ਲੁੱਟ ਦਾ ਦੋਸ਼ ਲਗਾਉਂਦਿਆਂ ਜ਼ਿਲ੍ਹਾ ਮਾਨਸਾ ਤੋਂ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਸਿੱਧੂ ਕੋਟਧਰਮੂ ਨੇ ਕਿਹਾ ਕਿ ਜ਼ਿਲੇ੍ਹ ਵਿਚ ਚੱਲ ਰਹੇ ਵਿਆਹਾਂ ਦੇ ਪ੍ਰੋਗਰਾਮਾਂ ਵਿਚ ਸ਼ਰਾਬ ਦੇ ਠੇਕੇਦਾਰਾਂ ਵਲੋਂ ਵਿਆਹ ਵਾਲੇ ਲੋਕਾਂ ਤੋਂ ਸ਼ਰਾਬ ਦੇ ਸਰਕਾਰੀ ਰੇਟਾਂ ਤੋਂ ਦੁੱਗਣੇ ਪੈਸੇ ਲਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਠੇਕੇਦਾਰ ਸਰਕਾਰ ਵਲੋਂ ਦਿੱਤੇ ਹੁਕਮਾਂ ਨੂੰ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਸਿੱਕੇ ਟੰਗ ਕੇ ਲੋਕਾਂ ਦੀ ਮਜਬੂਰੀ ਦਾ ਫ਼ਾਇਦਾ ਉਠਾ ਕੇ ਜੇਬਾਂ 'ਤੇ ਡਾਕੇ ਮਾਰ ਰਹੇ ਹਨ | ਉਨ੍ਹਾਂ ਦੱਸਿਆ ਕਿ ਠੇਕੇਦਾਰਾਂ ਵਲੋਂ ਥਾਂ-ਥਾਂ ਬਿਨਾਂ ਮਨਜ਼ੂਰੀ ਤੋਂ ਸ਼ਰਾਬ ਦੀਆਂ ਦੁਕਾਨਾਂ ਖੋਲ੍ਹੀਆਂ ਜਾ ਰਹੀਆਂ ਹਨ ਅਤੇ ਅਦਾਲਤੀ ਹੁਕਮਾਂ ਨੂੰ ਦਰਕਿਨਾਰ ਕਰਦੇ ਹੋਏ ਹਾਈਵੇ 'ਤੇ ਵੱਡੇ ਵੱਡੇ ਠੇਕੇ ਖੋਲੇ੍ਹ ਜਾ ਰਹੇ ਹਨ, ਜੋ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਵੱਲ ਧੱਕ ਰਹੇ ਹਨ | ਉਨ੍ਹਾਂ ਆਖਿਆ ਕਿ ਅਫ਼ਸਰਾਂ ਦੀ ਮਿਲੀਭੁਗਤ ਨਾਲ ਠੇਕੇਦਾਰਾਂ ਵਲੋਂ ਲੋਕਾਂ ਦੀ ਹੁੰਦੀ ਲੁੱਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਨਜਾਇਜ਼ ਸ਼ਰਾਬ ਦੀਆਂ ਦੁਕਾਨਾਂ ਨੂੰ ਬੰਦ ਕਰਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਇਸ ਮੁੱਦੇ 'ਤੇ 28 ਫਰਵਰੀ ਨੂੰ ਮਾਨਸਾ ਵਿਖੇ ਪ੍ਰੈੱਸ ਕਾਨਫ਼ਰੰਸ ਕਰਨ ਉਪਰੰਤ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ |