ਬਠਿੰਡਾ, 2 ਮਾਰਚ (ਪ੍ਰੀਤਪਾਲ ਸਿੰਘ ਰੋਮਾਣਾ)-ਪੁੱਡਾ ਕੰਪਲੈਕਸ ਦੇ ਵਿਚ ਬਣੇ ਕੋਰੀਡੋਰ ਉਪਰ ਕੀਤੇ ਗਏ ਨਜਾਇਜ਼ ਕਬਜ਼ਿਆਂ 'ਤੇ ਪੁੱਡਾ ਵਿਭਾਗ ਵਲੋਂ ਪੀਲਾ ਪੰਜਾ ਚਲਾ ਕੇ ਢਾਹੁਣ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ | ਪੁੱਡਾ ਵਿਭਾਗ ਦੀ ਇਸ ਕਾਰਵਾਈ ਦਾ ਕਈ ਲੋਕਾਂ ਵਲੋਂ ਵਿਰੋਧ ਕੀਤਾ ਗਿਆ | ਜਿਸ ਦੇ ਬਾਦ ਪੁੱਡਾ ਨੇ ਇਸ ਕਾਰਵਾਈ ਨੂੰ ਰੋਕਦੇ ਹੋਏ ਬੇਰੰਗ ਪਰਤਣਾ ਪਿਆ | ਇਸ ਮੌਕੇ ਹਰਮਨ ਨਾਮ ਦੇ ਇਕ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਦੀ ਪੁੱਡਾ ਕੰਪਲੈਕਸ ਅੰਦਰ ਇਕ ਦੁਕਾਨ ਹੈ | ਇਸ ਕੰਪਲੈਕਸ ਦੇ ਪਿਛਲੇ ਹਿੱਸੇ 'ਚ ਸਾਰੇ ਲੋਕਾ ਵਲੋਂ ਆਪਣੀ ਸੁਰੱਖਿਆ ਲਈ ਲੋਹੇ ਦੇ ਜਾਲ ਲਗਾਏ ਗਏ ਹਨ | ਪੁੱਡਾ ਵਿਭਾਗ ਵਲੋਂ ਇਨ੍ਹਾਂ ਨੂੰ ਜਾਲ ਹਟਾਉਣ ਲਈ ਉਨ੍ਹਾਂ ਨੂੰ ਨੋਟਿਸ ਭੇਜੇ ਗਏ ਸਨ | ਉਨ੍ਹਾਂ ਕਿਹਾ ਕਿ ਅਸੀ ਪੁੱਡਾ ਵਿਭਾਗ ਤੋਂ ਸਮਾਂ ਮੰਗਿਆ ਗਿਆ ਸੀ, ਪਰ ਉਨ੍ਹਾਂ ਨੂੰ ਸਮਾਂ ਨਾ ਦੇ ਕੇ ਜੇਸੀਬੀ ਮਸ਼ੀਨ ਨਾਲ ਢਾਹਿਆ ਗਿਆ ਹੈ | ਉਨ੍ਹਾਂ ਪੁੱਡਾ ਵਿਭਾਗ ਦੇ ਅਧਿਕਾਰੀਆਂ 'ਤੇ ਦੋਸ ਲਗਾਏ ਕਿ ਉਨ੍ਹਾਂ ਨੇ ਸਿਰਫ਼ ਕੁਝ ਲੋਕਾਂ ਨੂੰ ਹੀ ਨਿਸ਼ਾਨਾਂ ਬਣਾ ਕੇ ਜੇਸੀਬੀ ਮਸ਼ੀਨ ਨਾਲ ਢਾਹੁਣ ਦੀ ਕਾਰਵਾਈ ਕੀਤੀ ਗਈ ਹੈ | ਉਨ੍ਹਾਂ ਵਲੋਂ ਪੁੱਡਾ ਦੀ ਇਸ ਕਾਰਵਾਈ ਦਾ ਵਿਰੋਧ ਕੀਤਾ ਜਾਂਦਾ ਹੈ | ਉਧਰ ਇਸ ਮਾਮਲੇ ਸੰਬੰਧੀ ਉਪ ਮੰਡਲ ਮੈਜਿਸਟਰੇਟ ਬਲਕਰਨ ਸਿੰਘ ਮਾਹਲ ਨੇ ਕਿਹਾ ਕਿ ਪੁੱਡਾ ਮਾਰਕੀਟ 'ਚ ਕੋਰੀਡੋਰ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਹਨ, ਪਰ ਕਈ ਲੋਕਾਂ ਨੇ ਕੋਰੀਡੋਰ ਉਪਰ ਲੋਹੇ ਦੇ ਜਾਲ ਲਗਾ ਕੇ ਨਜਾਇਜ਼ ਕਬਜ਼ੇ ਕੀਤੇ ਗਏ ਹਨ | ਉਨ੍ਹਾਂ ਵਲੋਂ ਇਨ੍ਹਾਂ ਕਬਜ਼ਿਆਂ ਨੂੰ ਹਟਾਉਣ ਲਈ ਦੋ ਦਿਨ ਦਾ ਸਮਾਂ ਦਿੰਦੇ ਹੋਏ ਨੋਟਿਸ ਭੇਜੇ ਗਏ ਸਨ, ਪਰ ਕਿਸੇ ਨੇ ਵੀ ਕੋਰੀਡੋਰ ਉੱਪਰ ਕਬਜ਼ਿਆਂ ਨੂੰ ਹਟਾਇਆ ਨਹੀ ਗਿਆ | ਜਿਸ ਕਾਰਨ ਉਨ੍ਹਾਂ ਵਲੋਂ ਜੇਸੀਬੀ ਮਸ਼ੀਨ ਭੇਜ ਕੇ ਕਾਰਵਾਈ ਕੀਤੀ ਗਈ ਹੈ | ਇਸ ਕਾਰਵਾਈ ਦੌਰਾਨ ਕੁਝ ਲੋਕਾਂ ਨੇ ਉਨ੍ਹਾਂ ਤੋਂ ਸਮਾਂ ਮੰਗਿਆ ਗਿਆ ਹੈ ਕਿ ਉਹ ਖ਼ੁਦ ਹੀ ਹਟਾ ਲੈਣਗੇ, ਉਨ੍ਹਾਂ ਕਿਹਾ ਕਿ ਜੇਕਰ ਦੁਬਾਰਾ ਉਨ੍ਹਾਂ ਲੋਕਾਂ ਨੇ ਕੋਰੀਡੋਰ ਉਪਰ ਕੀਤੇ ਕਬਜ਼ੇ ਨੂੰ ਹਟਾਇਆ ਨਾ ਗਿਆ ਤਾਂ ਉਨ੍ਹਾਂ ਵਲੋਂ ਮੁੜ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇਗਾ |
ਪੁੱਡਾ ਕੰਪਲੈਕਸ ਦੇ ਕੋਰੀਡੋਰ ਉੱਪਰ ਹੋਏ ਨਾਜਾਇਜ਼ ਕਬਜ਼ਿਆਂ 'ਤੇ ਚੱਲਿਆ ਪੀਲਾ ਪੰਜਾ
ਅਜੀਤ ਡੈਸਕ
03-03-2026