ਬਠਿੰਡਾ, 3 ਮਾਰਚ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ 'ਚ ਚੋਰਾਂ ਨੇ ਜਿੱਥੇ ਹਾਜੀ ਰਤਨ ਚੌਂਕ ਮਾਰਕੀਟ ਤੋਂ ਏ.ਸੀ ਦਾ ਆਊਟਡੋਰ ਪਾਇਪਾਂ, ਪਾਵਰ ਹਾਊਸ ਰੋਡ ਨੇੜੇ ਸ਼ਿਵ ਮੰਦਿਰ ਵਾਲੀ ਗਲੀ ਵਿਖੇ ਇਕ ਘਰ 'ਚ ਸੋਲਰ ਪੈਨਲ ਦੇ ਅਰਥ ਵਾਲੀਆਂ ਤਾਰਾਂ ਨੂੰ ਚੋਰੀ ਕੀਤਾ ਗਿਆ ਹੈ | ਉੱਥੇ ਹੀ ਸਬਜ਼ੀ ਮੰਡੀ 'ਚ ਸਬਜ਼ੀ ਖ਼ਰੀਦਣ ਬਹਾਨੇ ਇਕ ਵਿਅਕਤੀ ਵਲੋਂ ਮੋਟਰਸਾਈਕਲ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਮੰਡੀ ਵਿਚ ਮੌਜੂਦ ਲੋਕਾਂ ਨੇ ਕਾਬੂ ਕਰਕੇ ਉਸ ਦੀ ਖੂਬ ਛਿੱਤਰ ਪਰੇਡ ਕਰਦੇ ਹੋਏ ਪੁਲਿਸ ਹਵਾਲੇ ਕੀਤਾ ਗਿਆ ਹੈ | ਦੱਸਣਾ ਬਣਦਾ ਹੈ, ਕਿ ਬਠਿੰਡਾ 'ਚ ਆਏ ਦਿਨ ਚੋਰਾਂ ਨੇ ਆਤੰਕ ਮਚਾਇਆ ਹੋਇਆ ਹੈ | ਲਗਾਤਾਰ ਚੋਰੀ ਅਤੇ ਲੁੱਟਾਂ ਖੋਹਾਂ ਦੀਆ ਵਾਰਦਾਤਾਂ ਨੇ ਪੁਲਿਸ ਦੀ ਢਿੱਲੀ ਕਾਰਵਾਈ 'ਤੇ ਕਈ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਹਨ | ਪੁਲਿਸ ਦੀ ਸੁਸਤ ਕਾਰਵਾਈ ਕਾਰਨ ਚੋਰਾਂ ਦੇ ਹੌਂਸਲੇ ਇੰਨਾ ਜ਼ਿਆਦਾ ਬੁਲੰਦ ਹੋ ਚੁੱਕੇ ਹਨ ਕਿ ਹੁਣ ਦੁਕਾਨਾਂ ਦੀਆਂ ਛੱਤਾਂ ਉੱਪਰ ਲੱਗੇ ਏ.ਸੀ ਦੇ ਆਊਟਡੋਰ, ਪਾਇਪਾਂ ਅਤੇ ਤਾਰਾਂ ਨੂੰ ਵੀ ਚੋਰੀ ਕਰਨ ਨੂੰ ਨਿਸ਼ਾਨਾ ਬਣਾ ਰਹੇ ਹਨ | ਪਹਿਲੇ ਮਾਮਲੇ 'ਚ ਹਾਜੀ ਰਤਨ ਚੌਂਕ ਮਾਰਕੀਟ 'ਚ ਅਮਿਤ ਜਨਰਲ ਸਟੋਰ ਦੇ ਮਾਲਕ ਅਮਿਤ ਬਾਂਸਲ ਨੇ ਦੱਸਿਆ ਕਿ ਪਿਛਲੇ ਸਾਲ ਉਸ ਦੇ ਏ.ਸੀ ਦੀਆਂ ਪਾਇਪਾਂ ਚੋਰੀ ਹੋ ਗਈਆਂ ਸਨ | ਥਾਣਾ ਕੋਤਵਾਲੀ ਪੁਲਿਸ ਨੇ ਜਲਦ ਚੋਰਾਂ ਨੂੰ ਕਾਬੂ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ ਹੁਣ ਫਿਰ ਉਸ ਦੀ ਦੁਕਾਨ ਦੀ ਛੱਤ ਉੱਪਰ ਲੱਗੇ ਏ.ਸੀ ਦਾ ਆਊਟਡੋਰ ਤੇ ਪਾਇਪਾਂ ਚੋਰੀ ਹੋ ਗਈਆਂ ਹਨ | ਉਨ੍ਹਾਂ ਕਿਹਾ ਕਿ ਹਾਜੀ ਰਤਨ ਚੌਂਕ 'ਚ ਪੁਲਿਸ ਪੋਕਿਟ ਵੀ ਬਣੀ ਹੋਈ ਹੈ | ਜਿੱਥੇ ਹਰ ਸਮੇਂ ਪੁਲਿਸ ਵਲੋਂ ਦਿਨ ਅਤੇ ਰਾਤ ਨੂੰ ਨਾਕੇ ਵੀ ਲਗਾਏ ਜਾਂਦੇ ਹਨ, ਪਰ ਚੋਰਾਂ ਨੇ ਪੁਲਿਸ ਦੀ ਢਿੱਲ ਨੂੰ ਦੇਖਦੇ ਹੋਏ ਉਸ ਦੇ ਏ.ਸੀ ਦਾ ਆਊਟਡੋਰ ਚੋਰੀ ਕੀਤਾ ਗਿਆ ਹੈ | ਉੱਥੇ ਹੀ ਪਾਵਰ ਹਾਊਸ ਰੋਡ ਸ਼ਿਵ ਮੰਦਿਰ ਵਾਲੀ ਗਲੀ 'ਚ ਇਕ ਘਰ ਉੱਪਰ ਲੱਗੇ ਸੋਲਰ ਪੈਨਲ ਨੂੰ ਅਰਥ ਦੇਣ ਲਈ ਪਾਇਆ ਤਾਰਾਂ ਨੂੰ ਇਕ ਚੋਰ ਵਲੋਂ ਚੋਰੀ ਕੀਤਾ ਗਿਆ ਹੈ, ਜਿਸ ਦੀ ਫੁਟੇਜ ਗਲੀ 'ਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਚੁੱਕੀ ਹੈ | ਇਸੇ ਤਰ੍ਹਾਂ ਤੀਸਰੇ ਮਾਮਲੇ 'ਚ ਸਬਜ਼ੀ ਮੰਡੀ ਵਿਖੇ ਨਰੰਗ ਪਿੰਡ ਦਾ ਰਹਿਣ ਵਾਲਾ ਚਰਨਜੀਤ ਸਿੰਘ ਸਬਜ਼ੀ ਖ਼ਰੀਦ ਕਰਨ ਦੇ ਬਹਾਨੇ ਮੋਟਰਸਾਈਕਲ ਚੋਰੀ ਕਰਦਾ ਹੋਇਆ ਮੌਜੂਦ ਲੋਕਾਂ ਨੇ ਕਾਬੂ ਕੀਤਾ ਗਿਆ ਹੈ, ਜਿਸ ਦੀ ਛਿੱਤਰ ਪਰੇਡ ਕਰਦੇ ਹੋਏ ਉਸ ਨੂੰ ਪੁਲਿਸ ਹਵਾਲੇ ਕੀਤਾ ਗਿਆ ਹੈ | ਸ਼ਹਿਰ ਦੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਚੋਰਾਂ ਅਤੇ ਲੁਟੇਰਿਆਂ ਉੱਪਰ ਨੱਥ ਪਾਈ ਜਾਵੇ |