ਮਾਨਸਾ, 3 ਮਾਰਚ (ਗੁਰਚੇਤ ਸਿੰਘ ਫੱਤੇਵਾਲੀਆ)-ਭਾਜਪਾ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਦੀ ਸਰਕਾਰ ਵਲੋਂ ਅਮਰੀਕਾ ਨਾਲ ਕੀਤੇ ਵਪਾਰਕ ਸਮਝੌਤੇ ਦੇਸ਼ ਦੇ ਖੇਤੀਬਾੜੀ ਖੇਤਰ ਲਈ ਵੱਡਾ ਸੰਕਟ ਹਨ | ਇਹ ਦੋਸ਼ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਇੱਥੇ ਪ੍ਰੈੱਸ ਕਾਨਫ਼ਰੰਸ ਮੌਕੇ ਲਗਾਏ | ਉਨ੍ਹਾਂ ਕਿਹਾ ਕਿ ਅਜਿਹੇ ਸਮਝੌਤੇ ਦੇਸ਼ ਦੀ ਖਾਦ ਸੁਰੱਖਿਆ ਅਤੇ ਪੇਂਡੂ ਜੀਵਨਯਾਪਨ ਲਈ ਖ਼ਤਰਨਾਕ ਸਾਬਤ ਹੋ ਸਕਦੇ ਹਨ | ਉਨ੍ਹਾਂ ਕਿਹਾ ਕਿ ਦੇਸ਼ ਦੀ ਅਰਥਵਿਵਸਥਾ ਅਤੇ ਕਿਸਾਨੀ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਨੀਤੀਆਂ ਨੂੰ ਲੈ ਕੇ ਲੋਕਾਂ ਵਿਚ ਗਹਿਰਾ ਅਸੰਤੋਸ਼ ਪੈਦਾ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਪੇਂਡੂ ਰੋਜ਼ਗਾਰ ਦੀਆਂ ਸੰਭਾਵਨਾਵਾਂ ਘਟਦੀਆਂ ਗਈਆਂ ਤਾਂ ਗਰੀਬ ਵਰਗ ਲਈ ਜੀਵਨ ਜਿਊਣਾ ਹੋਰ ਮੁਸ਼ਕਲ ਹੋ ਜਾਵੇਗਾ | ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਇਸ ਮਾਮਲੇ 'ਤੇ ਚੁੱਪ ਨਹੀਂ ਬੈਠੇਗੀ ਅਤੇ ਲੋਕਾਂ ਦੇ ਹੱਕਾਂ ਲਈ ਸੰਘਰਸ਼ ਜਾਰੀ ਰੱਖੇਗੀ | ਉਨ੍ਹਾਂ ਪੰਜਾਬ ਸਰਕਾਰ ਨੂੰ ਹਰ ਮੁਹਾਜ਼ 'ਤੇ ਫ਼ੇਲ੍ਹ ਦੱਸਿਆ | ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਕਿਹਾ ਕਿ ਅਗਲੇ ਦਿਨਾਂ 'ਚ ਜ਼ਿਲ੍ਹਾ ਵਾਸੀਆਂ ਨੂੰ ਆਪ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਸਬੰਧੀ ਜਾਗਰੂਕ ਕੀਤਾ ਜਾਵੇਗਾ | ਇਸ ਮੌਕੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਸਾਬਕਾ ਪ੍ਰਧਾਨ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ, ਬਿਕਰਮ ਸਿੰਘ ਮੋਫਰ, ਬਲਬੀਰ ਸਿੰਘ ਦੰਦੀਵਾਲ, ਸੱਤਪਾਲ ਸਿੰਘ ਮੂਲੇਵਾਲਾ, ਚਮਕੌਰ ਸਿੰਘ ਸਿੱਧੂ, ਬਲਕੌਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਵਿੱਕੀ, ਰਣਜੀਤ ਸਿੰਘ ਦੋਦੜਾ, ਹਰਬੰਸ ਸਿੰਘ ਖਿੱਪਲ, ਹਰਵਿੰਦਰਦੀਪ ਸਿੰਘ ਸਵੀਟੀ, ਅਮਰੀਕ ਸਿੰਘ ਢਿੱਲੋਂ, ਤਰਜੀਤ ਸਿੰਘ ਚਹਿਲ, ਸੁਖਦਰਸ਼ਨ ਸਿੰਘ ਖਾਰਾ, ਪਿ੍ਤਪਾਲ ਸਿੰਘ ਡਾਲੀ, ਖੇਮ ਸਿੰਘ ਜਟਾਣਾ, ਸੁਰੇਸ਼ ਕੁਮਾਰ ਨੰਦਗੜ੍ਹੀਆ, ਮਨਦੀਪ ਸਿੰਘ ਗੋਰਾ, ਬੀਰਇੰਦਰ ਸਿੰਘ ਧਾਲੀਵਾਲ, ਮਨਜੀਤ ਸਿੰਘ ਰਾਣਾ ਆਦਿ ਹਾਜ਼ਰ ਸਨ |