ਸੰਗਤ ਮੰਡੀ, 7 ਮਾਰਚ (ਅੰਮਿ੍ਤਪਾਲ ਸ਼ਰਮਾ)-ਪ੍ਰਧਾਨ ਮੰਤਰੀ ਗਰੀਬ ਆਵਾਸ ਯੋਜਨਾ ਤਹਿਤ ਕੱਚੇ ਘਰਾਂ ਨੂੰ ਪੱਕੇ ਕਰਨ ਲਈ ਕੀਤੀ ਸ਼ਨਾਖ਼ਤ ਦੌਰਾਨ ਪਿੰਡ ਚੱਕ ਰੁਲਦੂ ਸਿੰਘ ਵਾਲਾ ਦੇ ਲੋੜਵੰਦ ਵਿਅਕਤੀ ਵੱਲੋਂ ਡੀ.ਸੀ. ਬਠਿੰਡਾ ਨੂੰ ਮੰਗ ਪੱਤਰ ਭੇਜਿਆ ਹੈ | ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਮਿੱਠੂ ਸਿੰਘ ਘੁੱਦਾ ਦੇ ਨਾਲ ਆਏ ਪਿੰਡ ਚੱਕ ਰੁਲਦੂ ਸਿੰਘ ਵਾਲਾ ਦੇ ਸੁਰਜੀਤ ਸਿੰਘ ਪੁੱਤਰ ਸੱਜਣ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗਰੀਬ ਆਵਾਸ ਯੋਜਨਾ ਤਹਿਤ ਕੱਚੇ ਘਰਾਂ ਨੂੰ ਪੱਕੇ ਕਰਨ ਲਈ ਪਿੰਡ ਦੇ ਦੋ ਮਨਰੇਗਾ ਮੇਟ ਕਰਮਵੀਰ ਕੌਰ ਅਤੇ ਸੁਮਨਦੀਪ ਕੌਰ ਤੋਂ ਇਲਾਵਾ ਮੌਜੂਦਾ ਪੰਚ ਗੁਰਮੇਲ ਕੌਰ ਅਤੇ ਪਿੰਡ ਵਾਸੀ ਨਿੰਦੀ ਖਾਨ ਵੱਲੋਂ ਬੀਤੀ 16 ਜਨਵਰੀ ਨੂੰ ਕੱਚੇ ਘਰਾਂ ਦੀ ਸ਼ਨਾਖ਼ਤ ਕੀਤੀ ਗਈ ਸੀ, ਜਦੋਂ ਕਿ ਉਨ੍ਹਾਂ ਦੇ ਨਾਲ ਹੋਰ ਕੋਈ ਵੀ ਸਰਕਾਰੀ ਕਰਮਚਾਰੀਆਂ ਮੌਜੂਦ ਨਹੀਂ ਸੀ | ਉਨ੍ਹਾਂ ਦੱਸਿਆ ਕਿ ਕੱਚੇ ਘਰਾਂ ਦੀ ਭੇਜੀ ਲਿਸਟ 'ਚ ਉਨ੍ਹਾਂ ਦਾ ਨਾਮ ਨਾ ਹੋਣ ਕਾਰਨ ਪਿੰਡ ਦੀ ਸਰਪੰਚ ਸੁਖਦੇਵ ਕੌਰ ਨੂੰ ਦੱਸਿਆ ਤਾਂ ਉਨ੍ਹਾਂ ਦੇ ਲੜਕੇ ਦਿਲਬਾਗ ਸਿੰਘ ਨੇ ਇਹ ਕਹਿ ਕੇ ਵਾਪਿਸ ਭੇਜ ਦਿੱਤਾ ਕਿ ਤੁਹਾਡਾ ਨਾਮ ਵੀ ਲਿਸਟ 'ਚ ਪਾ ਦਿੱਤਾ ਜਾਵੇਗਾ ਪ੍ਰੰਤੂ ਸ਼ਨਾਖ਼ਤ ਕੀਤੇ ਘਰਾਂ ਦੀ ਲਿਸਟ 'ਚ ਉਨ੍ਹਾਂ ਦੇ ਘਰ ਨੂੰ ਸ਼ਾਮਿਲ ਨਹੀਂ ਕੀਤਾ ਗਿਆ, ਜਦੋਂ ਕਿ ਉਨ੍ਹਾਂ ਦਾ ਪਰਿਵਾਰ ਪੂਰੀ ਤਰ੍ਹਾਂ ਲੋੜਵੰਦ ਹੈ ਅਤੇ ਘਰ 'ਚ ਕਮਾਈ ਕਰਨ ਵਾਲਾ ਕੋਈ ਵੀ ਮੌਜੂਦ ਨਹੀਂ ਹੈ | ਉਨ੍ਹਾਂ ਦੱਸਿਆ ਕਿ ਉਹ 80 ਸਾਲ ਤੋਂ ਵੱਧ ਉਮਰ ਭੋਗ ਚੁੱਕੇ ਹਨ, ਇਕ ਲੜਕੇ ਦੀ ਮੌਤ ਹੋ ਚੁੱਕੀ ਹੈ ਅਤੇ ਦੂਜਾ ਮੰਦਬੁੱਧੀ ਹੈ, ਜਦੋਂ ਕਿ ਬਿਮਾਰ ਪਤਨੀ ਮੰਜੇ 'ਤੇ ਪਈ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ | ਉਨ੍ਹਾਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਦੀ ਆਰਥਿਕ ਮਦਦ ਤੋਂ ਇਲਾਵਾ ਕੱਚੇ ਘਰਾਂ ਨੂੰ ਪੱਕੇ ਕਰਨ ਦੀ ਲਿਸਟ 'ਚ ਉਨ੍ਹਾਂ ਦਾ ਨਾਮ ਪਾਇਆ ਜਾਵੇ |