ਤਲਵੰਡੀ ਸਾਬੋ, 7 ਮਾਰਚ (ਰਣਜੀਤ ਸਿੰਘ ਰਾਜੂ)-ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਪੰਜਾਬੀ ਵਿਭਾਗ ਵਲੋਂ ਬੜੇ ਉਤਸ਼ਾਹ ਨਾਲ ਕੌਮਾਂਤਰੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਕਰਕੇ ਅੰਤਰ-ਰਾਸ਼ਟਰੀ ਪੱਧਰ ਦਾ ਸੈਮੀਨਾਰ ਕਰਵਾਇਆ ਗਿਆ, ਜਿਸ 'ਚ 'ਪੰਜਾਬੀ ਸਾਹਿਤ ਸਭਾ' ਅਤੇ 'ਸਾਹਿਤ ਸਿਰਜਣਕਾਰੀ ਕਲੱਬ' ਦੁਆਰਾ ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਤਿੰਨ ਮਹਿਮਾਨ ਵਿਦਵਾਨਾਂ ਦੇ ਭਾਸ਼ਣ ਕਰਵਾਏ ਗਏ | ਯੂਨੀਵਰਸਿਟੀ ਪ੍ਰਬੰਧਕਾਂ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਉਕਤ ਸਮੁੱਚਾ ਪ੍ਰੋਗਰਾਮ ਅਕਾਲ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫ਼ੈਸਰ ਗੁਰਮੇਲ ਸਿੰਘ ਦੀ ਰਹਿਨੁਮਾਈ ਤੇ ਪ੍ਰਧਾਨਗੀ ਅਧੀਨ ਹੋਇਆ | ਪ੍ਰੋਗਰਾਮ ਦਾ ਆਰੰਭ ਸ਼ਬਦ ਗਾਇਨ ਨਾਲ ਹੋਇਆ | ਉਪਰੰਤ ਵਿਭਾਗੀ ਮੁਖੀ ਡਾ. ਗੁਰਜੀਤ ਸਿੰਘ ਨੇ ਪ੍ਰੋਗਰਾਮ 'ਚ ਪਹੁੰਚੇ ਉੱਪ ਕੁਲਪਤੀ, ਡੀਨ ਅਕਾਦਮਿਕ, ਵਿਦਵਾਨ ਬੁਲਾਰਿਆਂ, ਵਿਦਿਆਰਥੀਆਂ ਅਤੇ ਬਾਹਰੋਂ ਆਏ ਸਮੂਹ ਸ੍ਰੋਤਿਆਂ ਦਾ ਸਵਾਗਤ ਕੀਤਾ ਅਤੇ ਸਮੁੱਚੇ ਪ੍ਰੋਗਰਾਮ ਦੀ ਰੂਪਰੇਖਾ ਸਾਂਝੀ ਕੀਤੀ | ਸੈਮੀਨਾਰ ਦੇ ਪਹਿਲੇ ਮਹਿਮਾਨ ਵਿਦਵਾਨ ਬੁਲਾਰੇ ਸੁਖਦੇਵ ਸਿੰਘ ਬਾਂਸਲ ਸਨ, ਜੋ ਉੱਘੇ ਅਧਿਆਤਮਕ ਚਿੰਤਕ ਹਨ ਅਤੇ ਲੈਸਟਰ, ਯੂ.ਕੇ. ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਨੇ ਆਪਣੇ ਵਿਸ਼ੇ 'ਮਾਤ-ਭਾਸ਼ਾ ਦਾ ਅਧਿਆਤਮਿਕ ਖੇਤਰ' ਬਾਰੇ ਗਹਿਰ ਗੰਭੀਰ ਚਰਚਾ ਕੀਤੀ | ਉਨ੍ਹਾਂ ਨੇ ਇਕ ਅਕਾਲ ਪੁਰਖ ਦੇ ਸੰਕਲਪ ਨੂੰ ਗਹਿਰਾਈ ਨਾਲ ਸਮਝਾਇਆ ਅਤੇ ਇਸ ਵਿਸ਼ਾਲ ਸੰਕਲਪ ਵਿਚ ਭਾਸ਼ਾ ਦੀ ਹੋਂਦ ਤੇ ਪਰਿਵਰਤਨਸ਼ੀਲ ਸਰੂਪ ਨੂੰ ਪੇਸ਼ ਕੀਤਾ | ਉਸ ਤੋਂ ਬਾਅਦ ਪੰਜਾਬ ਕੇਂਦਰੀ ਯੂਨੀਵਰਸਿਟੀ ਤੋਂ ਆਏ ਦੂਜੇ ਮਹਿਮਾਨ ਬੁਲਾਰੇ ਪ੍ਰੋ. ਰਮਨਪ੍ਰੀਤ ਕੌਰ ਨੇ ਆਪਣੇ ਵਿਸ਼ੇ 'ਬਹੁ-ਭਾਸ਼ਾਈ ਸਿੱਖਿਆ: ਨੌਜਵਾਨਾਂ ਦੀ ਆਵਾਜ਼' ਬਾਰੇ ਬੜੇ ਰੋਚਕ ਅੰਦਾਜ਼ ਵਿਚ ਵਿਸ਼ਵ ਪੱਧਰੀ ਡਾਟੇ ਦੇ ਹਵਾਲੇ ਨਾਲ ਚਰਚਾ ਕੀਤੀ | ਉਪਰੰਤ ਪ੍ਰੋ. ਬਲਵਿੰਦਰ ਕੌਰ ਸਿੱਧੂ ਪੰਜਾਬੀ ਵਿਭਾਗ ਰੀਜਨਲ ਸੈਂਟਰ ਬਠਿੰਡਾ ਅਤੇ ਡੀਨ ਭਾਸ਼ਾਵਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 'ਪੰਜਾਬੀ ਭਾਸ਼ਾ ਦੇ ਦੈਵੀ ਅਤੇ ਦੁਨਿਆਵੀ ਪਾਸਾਰ' ਵਿਸ਼ੇ ਉੱਤੇ ਆਪਣੇ ਗੰਭੀਰ ਤੇ ਵਿਸਤਰਿਤ ਵਿਚਾਰ ਪੇਸ਼ ਕੀਤੇ | ਉਪ ਕੁਲਪਤੀ ਪ੍ਰੋਫ਼ੈਸਰ ਗੁਰਮੇਲ ਸਿੰਘ ਨੇ ਪ੍ਰਧਾਨਗੀ ਭਾਸ਼ਣ ਵਿਚ ਮਾਂ ਤੇ ਮਾਂ-ਬੋਲੀ ਦੇ ਡੂੰਘੇ ਤੇ ਮਹੱਤਵਪੂਰਨ ਰਿਸ਼ਤੇ ਬਾਰੇ ਆਪਣੇ ਨਿੱਜੀ ਅਨੁਭਵਾਂ ਨੂੰ ਭਾਸ਼ਾਈ, ਤਕਨੀਕੀ ਨੁਕਤਿਆਂ ਨੂੰ ਆਧਾਰ ਬਣਾ ਕੇ ਆਪਣੇ ਬਹੁਮੁੱਲੇ ਵਿਚਾਰ ਪੇਸ਼ ਕੀਤੇ | ਉਪਰੰਤ ਮਹਿਮਾਨ ਬੁਲਾਰਿਆਂ ਨੂੰ ਸਨਮਾਨਿਤ ਕਰਨ ਦੀ ਰਸਮ ਅਦਾ ਕੀਤੀ ਗਈ | ਅੰਤ ਵਿਚ ਡੀਨ ਅਕਾਦਮਿਕ ਮੇਜਰ ਜਨਰਲ (ਸੇਵਾਮੁਕਤ) ਡਾ. ਜੀ.ਐੱਸ ਲਾਂਬਾ ਨੇ ਪ੍ਰੋਗਰਾਮ 'ਚ ਆਏ ਮਹਿਮਾਨ ਬੁਲਾਰਿਆਂ ਦਾ ਧੰਨਵਾਦ ਕੀਤਾ |