ਬਠਿੰਡਾ, 7 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਥਾਨਕ ਸ਼ੁਸ਼ਾਂਤ ਸਿਟੀ-2 ਰਿਹਾਇਸ਼ੀ ਕਾਲੋਨੀ ਵਿਖੇ ਦੋ ਰੋਜ਼ਾ ਚੌਥਾ 'ਬਠਿੰਡਾ ਫਲਾਵਰ ਫੈਸਟੀਵਲ' ਅੱਜ ਧੂਮ-ਧਾਮ ਨਾਲ ਸ਼ੁਰੂ ਹੋਇਆ | ਟ੍ਰੀ ਲਵਰ ਸੁਸਾਇਟੀ ਬਠਿੰਡਾ ਵੱਲੋਂ ਲਗਾਏ ਮੇਲੇ ਦੌਰਾਨ ਵੱਡੇ ਪਾਰਕ ਦੇ ਅੰਦਰ 65 ਤੋਂ ਜ਼ਿਆਦਾ ਵੱਖ-ਵੱਖ ਫੁੱਲਾਂ ਦੀਆਂ ਕਿਸਮਾਂ ਨੂੰ ਕੁਦਰਤੀ ਤੌਰ 'ਤੇ ਉਗਾਇਆ ਗਿਆ ਹੈ | ਇਸ ਤੋਂ ਇਲਾਵਾ ਫੁੱਲਾਂ, ਪੰਛੀਆਂ ਅਤੇ ਹੋਰ ਕੁਦਰਤੀ ਜੀਵ ਜੰਤੂਆਂ ਨਾਲ ਸਬੰਧਿਤ ਵਿਸ਼ੇਸ਼ ਪਾਰਕ ਵੀ ਤਿਆਰ ਕੀਤੇ ਗਏ ਹਨ | ਮੇਲੇ ਵਿਚ ਮੁੱਖ ਮਹਿਮਾਨ ਵਜੋਂ ਭਾਰਤੀ ਫ਼ੌਜ ਦੇ ਲੈਫ਼ਟੀਨੈਂਟ ਜਨਰਲ ਸ਼ਮਸ਼ੇਰ ਸਿੰਘ ਵਿਰਕ ਜੀਓਸੀ 10 ਸੀਓਆਰਪੀਐੱਸ ਸ਼ਾਮਲ ਹੋਏ, ਜਦੋਂ ਕਿ ਮਿੱਤਲ ਗਰੁੱਪ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਕੁਸ਼ਲ ਮਿੱਤਲ ਆਪਣੇ ਪਰਿਵਾਰ ਸਮੇਤ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪਹੁੰਚੇ | ਮਹਿਮਾਨਾਂ ਨੇ ਵੱਖ ਵੱਖ ਤਰ੍ਹਾਂ ਦੀਆਂ ਲਗਾਈਆਂ ਸਟਾਲਾਂ ਤੋਂ ਇਲਾਵਾ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਪੰਜਾਬ ਦੇ ਰਿਵਾਇਤੀ ਰੁੱਖਾਂ ਨਾਲ ਸਬੰਧਿਤ ਟ੍ਰੀ ਮਿਊਜ਼ੀਅਮ, ਜੀਵ ਜੰਤੂਆਂ ਅਤੇ ਪੰਛੀਆਂ ਨਾਲ ਸਬੰਧਿਤ ਬਰਡ ਮਿਊਜ਼ੀਅਮ ਤੋਂ ਇਲਾਵਾ ਬਟਰ-ਫਲਾਈ ਗਾਰਡਨ ਅਤੇ ਬੋਨਸਾਈ ਗਾਰਡਨ ਨੂੰ ਦੇਖਿਆ ਗਿਆ | ਇਸ ਮੌਕੇ ਬੋਲਦਿਆਂ ਲੈਫ਼ਟੀਨੈਂਟ ਜਨਰਲ ਐੱਸਐੱਸ ਵਿਰਕ ਨੇ ਮੇਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਇਨਸਾਨ ਨੂੰ ਕੁਦਰਤ ਦੇ ਹੋਰ ਨੇੜੇ ਕਰਦੇ ਹਨ | ਮਿੱਤਲ ਗਰੁੱਪ ਦੇ ਜੁਆਇੰਟ ਐਮ.ਡੀ ਕੁਸ਼ਲ ਮਿੱਤਲ ਨੇ ਕਿਹਾ ਕਿ ਇਹ ਸਾਡੇ ਲਈ ਵੀ ਮਾਣ ਵਾਲੀ ਗੱਲ ਹੈ ਕਿ ਸ਼ੁਸਾਂਤ ਸਿਟੀ ਕਾਲੋਨੀ ਦੇ ਇਸ ਵੱਡੇ ਪਾਰਕ ਵਿਖੇ ਕੁਦਰਤ ਦੇ ਐਨੇ ਨਜ਼ਾਰੇ ਖਿੜੇ ਹੋਏ ਹਨ | ਮੇਲੇ ਦੌਰਾਨ ਖੇਤੀ ਵਿਰਾਸ਼ਤ ਮਿਸ਼ਨ ਤੋਂ ਉਮੇਂਦਰ ਦੱਤ, ਫਲਾਵਰ ਮੈਨ ਆਫ਼ ਇੰਡੀਆ ਵਜੋਂ ਜਾਣੇ ਜਾਂਦੇ ਡਾ. ਰਾਮ ਜੀ ਜੈਮੱਲ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ | ਟ੍ਰੀ ਲਵਰ ਸੁਸਾਇਟੀ ਦੇ ਪ੍ਰਧਾਨ ਸੁਸ਼ੀਲ ਬਾਂਸਲ ਅਤੇ ਸਕੱਤਰ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਮੇਲੇ 'ਚ ਪਾਰਕ ਅੰਦਰ ਲਗਾਏ ਗਏ ਦਰਜਨਾਂ ਕਿਸਮਾਂ ਦੇ ਕੁਦਰਤੀ ਫੁੱਲਾਂ ਤੋਂ ਇਲਾਵਾ ਸ਼ਹਿਰ ਦੇ ਲੋਕਾਂ ਵੱਲੋਂ ਆਪਣੇ ਤੌਰ 'ਤੇ ਤਿਆਰ ਕੀਤੇ ਗਏ ਗਮਲੇ ਵੀ ਲਿਆਂਦੇ ਗਏ ਹਨ | ਇਸ ਮੌਕੇ ਸ਼ਹਿਰ ਨਾਲ ਸਬੰਧਿਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਗਿੱਧਾ-ਭੰਗੜਾ ਅਤੇ ਹੋਰ ਡਾਂਸ ਮੁਕਾਬਲੇ ਵੀ ਕਰਵਾਏ ਗਏ | ਜੇਤੂ ਟੀਮਾਂ ਨੂੰ ਮਹਿਮਾਨਾਂ ਨੇ ਸਨਮਾਨਿਤ ਕੀਤਾ |