ਬਠਿੰਡਾ, 7 ਮਾਰਚ (ਪ੍ਰੀਤਪਾਲ ਸਿੰਘ ਰੋਮਾਣਾ)-ਆਮ ਲੋਕਾਂ ਤੱਕ ਚੰਗੀਆਂ ਸਿਹਤ ਸੇਵਾਵਾਂ ਸਹੂਲਤਾਂ ਪਹੁੰਚਾਉਣ ਲਈ ਏਮਜ਼ ਬਠਿੰਡਾ ਵਿਖੇ ਪੀ.ਆਈ.ਸੀ.ਯੂ., ਆਈ.ਸੀ.ਟੀ.ਸੀ. ਡਿਜੀਟਲ ਐਕਸ-ਰੇ, ਅਮਿ੍ਤ ਫਾਰਮੇਸੀ ਅਤੇ ਮੋਬਾਇਲ ਕੈਂਸਰ ਵੈਨ ਦਾ ਉਦਘਾਟਨ ਪ੍ਰੋ. ਡਾ. ਨੀਰਜਾ ਭਾਟਲਾ ਅਤੇ ਕਾਰਜਕਾਰੀ ਨਿਰਦੇਸ਼ਕ ਪ੍ਰੋ. ਡਾ. ਰਤਨ ਗੁਪਤਾ ਵਲੋਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੀ ਮੌਜੂਦਗੀ ਵਿਚ ਹੋਇਆ | ਉਨ੍ਹਾਂ ਕਿਹਾ ਕਿ ਪੀਡਿਆਟਿ੍ਕ ਇੰਸੈਂਟਿਵ ਕੇਅਰ ਯੂਨਿਟ (ਪੀ.ਆਈ.ਸੀ.ਯੂ) ਉਦਘਾਟਨ ਨਾਲ ਬੱਚਿਆਂ ਨੂੰ ਆਧੁਨਿਕ ਅਤੇ ਵਿਸ਼ੇਸ਼ ਗੰਭੀਰ ਇਲਾਜ ਸੇਵਾਵਾਂ ਮੌਜੂਦ ਹੋਣਗੀਆਂ | ਮਰੀਜ਼ਾਂ ਨੂੰ ਜਲਦ ਅਤੇ ਬਿਹਤਰ ਜਾਂਚ ਸਹੂਲਤਾਂ ਦੇਣ ਲਈ ਡਿਜੀਟਲ ਐਕਸਰੇ ਸੇਵਾ ਦੀ ਵੀ ਸ਼ੁਰੂਆਤ ਕੀਤੀ ਗਈ ਹੈ | ਅ੍ਰਮਿਤ ਫਾਰਮੇਸੀ ਨਾਲ ਮਰੀਜ਼ਾਂ ਨੂੰ ਬਹੁਤ ਘੱਟ ਤੇ ਗੁਣਵੱਤਾ ਵਾਲੀਆ ਦਵਾਈਆਂ ਉਪਲਬਧ ਰਹਿਣਗੀਆਂ | ਇਸ ਮੌਕੇ ਐਚ.ਪੀ.ਵੀ. ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਗਈ ਹੈ | ਮੋਬਾਇਲ ਕੈਂਸਰ ਵੈਨ ਨੂੰ ਕੈਂਸਰ ਬਾਰੇ ਜਾਗਰੂਕਤਾ, ਸਕ੍ਰੀਨਿੰਗ ਅਤੇ ਸ਼ੁਰੂਆਤੀ ਪਛਾਣ ਨੂੰ ਉਤਸ਼ਾਹਿਤ ਕਰਨ ਲਈ ਰਵਾਨਾ ਕੀਤਾ ਗਿਆ |