ਸੰਗਤ ਮੰਡੀ, 7 ਮਾਰਚ (ਅੰਮਿ੍ਤਪਾਲ ਸ਼ਰਮਾ)-ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਪੰਜਾਬੀ ਵਿਭਾਗ ਵਲੋਂ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ 'ਬਹੁ-ਭਾਸ਼ਾਵਾਂ ਦੇ ਸੰਸਾਰ ਵਿਚ ਮਾਤ-ਭਾਸ਼ਾ ਦੀ ਮਹੱਤਤਾ' ਵਿਸ਼ੇ 'ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ | ਮੁੱਖ ਵਕਤਾ ਦੇ ਤੌਰ 'ਤੇ ਡਾ: ਸੁਰਜੀਤ ਸਿੰਘ (ਪ੍ਰੋ. ਪੰਜਾਬੀ ਵਿਭਾਗ, ਪੰਜਾਬੀ ਯੂਨੀ. ਪਟਿਆਲਾ) ਨੇ ਸ਼ਿਰਕਤ ਕੀਤੀ | ਇਸ ਵਿਚ ਡਾ: ਰਵਿੰਦਰ ਘੁੰਮਣ (ਪ੍ਰੋ: ਪੰਜਾਬੀ, ਯੂਨੀ: ਕਾਲਜ ਘਨੌਰ) ਅਤੇ ਡਾ: ਅਮਨਦੀਪ ਬਰਾੜ (ਪ੍ਰੋ: ਪੰਜਾਬੀ ਵਿਭਾਗ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ) ਵੀ ਸ਼ਾਮਲ ਹੋਏ | ਪ੍ਰੋਗਰਾਮ ਦੀ ਸ਼ੁਰੂ ਵਿਚ ਯੂਨੀਵਰਸਿਟੀ ਦੇ ਡਾ: ਨੀਤੂ ਵਲੋਂ ਪਹੁੰਚੇ ਮਹਿਮਾਨਾਂ ਰਸਮੀ ਸਵਾਗਤ ਕੀਤਾ ਗਿਆ | ਪ੍ਰੋਗਰਾਮ ਦਾ ਵਿਧੀਪੂਰਵਕ ਸੰਚਾਲਨ ਕਰਦਿਆਂ ਡਾ. ਰਵਿੰਦਰ ਘੁੰਮਣ ਨੇ ਮਾਤ-ਭਾਸ਼ਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਮਾਤ-ਭਾਸ਼ਾ ਕੀ ਹੁੰਦੀ ਹੈ? ਭਾਸ਼ਾ ਅਤੇ ਧਰਮ ਦਾ ਆਪਸੀ ਸੰਬੰਧ ਕੀ ਹੁੰਦਾ ਹੈ? ਬਸਤੀਵਾਦ ਨੇ ਪੰਜਾਬੀ ਭਾਸ਼ਾ ਉੱਪਰ ਕੀ ਪ੍ਰਭਾਵ ਪਾਇਆ ਆਦਿ ਨੁਕਤਿਆਂ 'ਤੇ ਧਿਆਨ ਕੇਂਦਰਿਤ ਕੀਤਾ | ਮੁੱਖ ਵਕਤਾ ਦੇ ਤੌਰ ਤੇ ਪਹੁੰਚੇ ਡਾ. ਸੁਰਜੀਤ ਸਿੰਘ ਨੇ ਮਾਤ-ਭਾਸ਼ਾ ਦੇ ਅਰਥਾਂ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ 'ਮਾਤ-ਭਾਸ਼ਾ ਉਹ ਨਹੀਂ ਹੁੰਦੀ ਜੋ ਅਸੀਂ ਆਪਣੀ ਮਾਂ ਤੋਂ ਸਿੱਖਦੇ ਹਾਂ ਬਲਕਿ ਮਾਤ-ਭਾਸ਼ਾ ਉਹ ਹੁੰਦੀ ਹੈ ਜੋ ਅਸੀਂ ਆਪਣੇ ਆਲੇ-ਦੁਆਲੇ ਅਤੇ ਆਪਣੀ ਜ਼ਮੀਨ ਤੋਂ ਸਿੱਖਦੇ ਹਾਂ | ਉਨ੍ਹਾਂ ਦੱਸਿਆ ਕਿ ਕੋਈ ਵੀ ਭਾਸ਼ਾ ਹੀਣ ਨਹੀਂ ਹੁੰਦੀ ਸਗੋਂ ਹਰ ਭਾਸ਼ਾ ਗਿਆਨ ਦਾ ਸਰੋਤ ਹੁੰਦੀ ਹੈ | ਪੰਜਾਬੀ ਭਾਸ਼ਾ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਬਸਤੀਵਾਦ ਅੰਗਰੇਜ਼ੀ ਭਾਸ਼ਾ ਦੇ ਗ਼ਲਬੇ ਜ਼ਰੀਏ ਗਿਆਨ ਫੈਲਾਉਣ ਦੇ ਉਲਟ ਗਿਆਨ ਰੋਕਣ ਦਾ ਕੰਮ ਕਰ ਰਿਹਾ ਹੈ | ਡਾ. ਅਮਨਦੀਪ ਬਰਾੜ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਪੰਜਾਬੀ ਗੀਤਕਾਰਾਂ ਦੇ ਹਵਾਲੇ ਨਾਲ ਦੱਸਿਆ ਕਿ ਪੰਜਾਬੀ ਦੇ ਫੈਲਾਅ ਵਿਚ ਇਨ੍ਹਾਂ ਦੀ ਅਹਿਮ ਭੂਮਿਕਾ ਹੈ | ਪ੍ਰੋਗਰਾਮ ਦੇ ਅਖ਼ੀਰ 'ਚ ਕਾਲਜ ਦੇ ਪਿ੍ੰਸੀਪਲ ਪ੍ਰੋ. ਕਮਲਜੀਤ ਸਿੰਘ ਨੇ ਪਹੁੰਚੇ ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਹੋਰਨਾਂ ਵਿਭਾਗਾਂ ਦੇ ਅਧਿਆਪਕ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਦੇ ਰਿਸਰਚ ਸਕਾਲਰ ਵੀ ਹਾਜ਼ਰ ਰਹੇ | ਮੰਚ ਸੰਚਾਲਨ ਡਾ. ਅਮਨਪ੍ਰੀਤ ਕੌਰ ਵੱਲੋਂ ਕੀਤਾ ਗਿਆ |