ਸੰਗਤ ਮੰਡੀ, 2 ਅਪ੍ਰੈਲ (ਅੰਮਿ੍ਤਪਾਲ ਸ਼ਰਮਾ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਵੱਲੋਂ ਆਂਗਣਵਾੜੀ ਸੈਂਟਰਾਂ ਲਈ ਖ਼ਰੀਦੇ ਸਮਾਰਟ ਫੋਨ ਪੰਜਾਬ ਸਰਕਾਰ ਵੱਲੋਂ ਰੂਰਲ ਡਿਪਾਰਟਮੈਂਟ ਨੂੰ ਦੇਣ ਦਾ ਸਖ਼ਤ ਵਿਰੋਧ ਕੀਤਾ ਹੈ | ਯੂਨੀਅਨ ਦੀ ਬਲਾਕ ਪ੍ਰਧਾਨ ਲਾਭ ਕੌਰ ਪਥਰਾਲਾ ਅਤੇ ਜਰਨਲ ਸਕੱਤਰ ਪਰਮਜੀਤ ਕੌਰ ਰੁਲਦੂ ਵਾਲਾ ਨੇ ਕਿਹਾ ਕਿ ਸਰਕਾਰ ਨੇ ਜੋ ਸਮਾਰਟ ਫੋਨ ਆਂਗਣਵਾੜੀ ਪੋਸ਼ਣ ਅਭਿਆਨ ਦੇ ਅਧੀਨ ਆਂਗਣਵਾੜੀ ਸੈਂਟਰਾਂ ਵਿੱਚ ਦੇਣ ਲਈ ਖ਼ਰੀਦੇ ਸਨ ਉਹ ਫੋਨ ਹੁਣ ਸਰਵੇ ਕਰਨ ਲਈ ਰੂਰਲ ਡਿਵੈਲਪਮੈਂਟ ਮਹਿਕਮੇ ਨੂੰ ਦਿੱਤੇ ਜਾਣ ਦਾ ਉਨ੍ਹਾਂ ਦੀ ਜਥੇਬੰਦੀ ਵਿਰੋਧ ਕਰਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜੋ 13 ਅਪ੍ਰੈਲ ਨੂੰ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ, ਉਸ ਦੇ ਫਾਰਮ ਆਂਗਣਵਾੜੀ ਵਰਕਰਾਂ ਨੂੰ ਆਪਣੇ ਫੋਨਾਂ ਤੋਂ ਭਰਨ ਲਈ ਕਿਹਾ ਜਾ ਰਿਹਾ ਹੈ, ਜੋ ਆਂਗਣਵਾੜੀ ਵਰਕਰਾਂ ਆਪਣੇ ਨਿੱਜੀ ਫੋਨਾਂ ਤੋਂ ਨਹੀਂ ਭਰਨਗੀਆਂ | ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫੋਨ ਦੇਵੇਗੀ, ਜੋ ਪੋਸ਼ਣ ਅਭਿਆਨ ਦੇ ਅਧੀਨ ਉਨ੍ਹਾਂ ਲਈ ਖ਼ਰੀਦੇ ਗਏ ਸਨ, ਤਾਂ ਹੀ ਉਹ ਇਸ ਯੋਜਨਾ ਦੇ ਫਾਰਮ ਭਰਨਗੀਆਂ | ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਫਾਰਮਾਂ ਨੂੰ ਅੱਪਲੋਡ ਕਰਨ ਲਈ ਵੀ ਘੱਟੋ ਘੱਟ 100 ਰੁਪਏ ਪ੍ਰਤੀ ਫਾਰਮ ਆਂਗਣਵਾੜੀ ਵਰਕਰਾਂ ਨੂੰ ਦਿੱਤੇ ਜਾਣ | ਉਨ੍ਹਾਂ ਕਿਹਾ ਕਿ 'ਆਮ ਆਦਮੀ ਪਾਰਟੀ' ਵੱਲੋਂ ਸੱਤਾ 'ਚ ਆਉਣ ਤੋਂ ਪਹਿਲਾਂ ਆਂਗਣਵਾੜੀ ਮੁਲਾਜ਼ਮਾਂ ਨੂੰ ਮਾਣ-ਭੱਤਾ ਦੁੱਗਣਾ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਹੁਣ ਕੰਮ ਕਰਨ ਬਦਲੇ ਵੀ ਮਾਣ-ਭੱਤਾ ਨਾਂ ਦੇਣਾ ਬਹੁਤ ਹੀ ਦੁੱਖ ਦੀ ਗੱਲ ਹੈ |
ਆਂਗਣਵਾੜੀ ਸੈਂਟਰਾਂ ਲਈ ਖ਼ਰੀਦੇ ਸਮਾਰਟ ਫੋਨ ਰੂਰਲ ਡਿਪਾਰਟਮੈਂਟ ਨੂੰ ਦੇਣ ਦਾ ਆਂਗਣਵਾੜੀ ਮੁਲਾਜ਼ਮਾਂ ਵਲੋਂ ਵਿਰੋਧ <br/>
ਅਜੀਤ ਡੈਸਕ
03-04-2026