ਬਠਿੰਡਾ, 2 ਅਪ੍ਰੈਲ (ਅਵਤਾਰ ਸਿੰਘ ਕੈਂਥ)-ਬੀਤੇ ਦਿਨ ਗੜੇਮਾਰੀ ਹੋਣ ਕਾਰਨ ਅੱਜ ਇੱਥੇ ਵੱਖ-ਵੱਖ ਪਿੰਡਾਂ 'ਚ ਗੜੇਮਾਰੀ ਨਾਲ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਵਾਸਤੇ ਅਤੇ ਕਿਸਾਨਾਂ ਦੇ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਹਰਗੋਬਿੰਦ ਕੌਰ ਪਿੰਡਾਂ ਵਿਚ ਪਹੁੰਚੇ | ਉਨ੍ਹਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨਾਂ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਦੀਆਂ 70 ਤੋਂ ਲੈ ਕੇ 100 ਫੀਸਦੀ ਤੱਕ ਫ਼ਸਲਾਂ ਨਸ਼ਟ ਹੋ ਗਈਆਂ ਹਨ | ਪਸ਼ੂਆਂ ਲਈ ਹਰਾ ਚਾਰਾ ਤੱਕ ਵੀ ਨਹੀਂ ਬਚਿਆ | ਪਹਿਲਾਂ ਵੀ ਇਨ੍ਹਾਂ ਪਿੰਡਾਂ ਵਿਚ 2022 ਵਿਚ ਨਰਮੇ ਦੀ ਫ਼ਸਲ ਮਾਰੀ ਗਈ ਅਤੇ ਝੋਨੇ ਦੀ ਫ਼ਸਲ ਵੀ ਬਰਬਾਦ ਹੋ ਗਈ ਸੀ | ਉਦੋਂ ਵੀ ਭਗਵੰਤ ਮਾਨ ਸਰਕਾਰ ਵਲੋਂ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ | ਪ੍ਰਧਾਨ ਹਰਗੋਬਿੰਦ ਕੌਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਖ਼ਰਾਬ ਹੋਈਆਂ ਫ਼ਸਲਾਂ ਦਾ ਤੁਰੰਤ ਪੂਰਾ ਮੁਆਵਜ਼ਾ ਦਿੱਤਾ ਜਾਵੇ 2022 ਦੀਆਂ ਫ਼ਸਲਾਂ ਦਾ ਰਹਿੰਦਾ ਖ਼ਰਾਬਾ ਮੁਆਵਜ਼ਾ ਵੀ ਦਿੱਤਾ ਜਾਵੇ | ਸਾਉਣੀ ਦੀ ਫ਼ਸਲ ਲਈ ਡੀਏਪੀ ਤੇ ਯੂਰੀਆ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਈ ਜਾਵੇ, ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਦੇ ਸੁਸਾਇਟੀ ਅਤੇ ਬੈਂਕਾਂ ਦੇ ਕਰਜ਼ੇ ਮਾਫ਼ ਕਰੇ |