ਤਲਵੰਡੀ ਸਾਬੋ, 2 ਅਪ੍ਰੈਲ (ਰਣਜੀਤ ਸਿੰਘ ਰਾਜੂ): ਮਰਹੂਮ ਸਿੱਖ ਆਗੂ ਸੰਦੀਪ ਸਿੰਘ 'ਦੀਪ ਸਿੱਧੂ' ਦੇ ਜਨਮ ਦਿਨ ਮੌਕੇ ਅੱਜ ਅਕਾਲੀ ਦਲ 'ਵਾਰਿਸ ਪੰਜਾਬ ਦੇ' ਦੀ ਪੂਰੀ ਟੀਮ ਵਲੋਂ ਸ਼ਰਧਾ ਅਤੇ ਸਤਿਕਾਰ ਤਹਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋ ਕੇ ਜਿੱਥੇ ਗੁਰੂ ਸਾਹਿਬ ਦਾ ਆਸ਼ੀਰਵਾਦ ਹਾਸਿਲ ਕੀਤਾ ਗਿਆ, ਉੱਥੇ ਅਰਦਾਸ ਵੀ ਕਰਵਾਈ ਗਈ | ਇਸ ਮੌਕੇ ਮਰਹੂਮ ਆਗੂ ਸੰਦੀਪ ਸਿੰਘ 'ਦੀਪ ਸਿੱਧੂ' ਦੇ ਭਰਾ ਅਤੇ ਮਨਦੀਪ ਸਿੰਘ ਸਿੱਧੂ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਦੇ ਪਿਤਾ ਭਾਈ ਤਰਸੇਮ ਸਿੰਘ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਸਮਾਗਮ ਦੌਰਾਨ ਸੰਗਤਾਂ ਵਲੋਂ ਸ਼ਹੀਦ ਦੀਪ ਸਿੰਘ ਸਿੱਧੂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਸੰਘਰਸ਼ਮਈ ਜੀਵਨ, ਪੰਜਾਬ ਅਤੇ ਪੰਥ ਲਈ ਕੀਤੀਆਂ ਕੁਰਬਾਨੀਆਂ ਅਤੇ ਨੌਜਵਾਨਾਂ ਨੂੰ ਜਾਗਰੂਕ ਕਰਨ ਵਾਲੀ ਸੋਚ ਨੂੰ ਨਮਨ ਕੀਤਾ ਗਿਆ | ਵੱਖ-ਵੱਖ ਆਗੂਆਂ ਨੇ ਇਸ ਮੌਕੇ ਕਿਹਾ ਕਿ ਸ਼ਹੀਦ ਦੀਪ ਸਿੰਘ ਸਿੱਧੂ ਨੇ ਨੌਜਵਾਨ ਪੀੜ੍ਹੀ ਨੂੰ ਆਪਣੇ ਹੱਕਾਂ ਲਈ ਖੜ੍ਹਾ ਹੋਣਾ ਸਿਖਾਇਆ ਅਤੇ ਆਪਣੀ ਪਛਾਣ ਨੂੰ ਸਾਂਭਣ ਦਾ ਸੰਦੇਸ਼ ਦਿੱਤਾ | ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਨੌਜਵਾਨਾਂ ਲਈ ਉਨ੍ਹਾਂ ਦੇ ਵਿਚਾਰ ਬਹੁਤ ਹੀ ਪ੍ਰੇਰਣਾਦਾਇਕ ਹਨ ਅਤੇ ਸਾਨੂੰ ਉਨ੍ਹਾਂ ਦੇ ਦਿਖਾਏ ਰਾਹ 'ਤੇ ਚੱਲਣ ਦੀ ਲੋੜ ਹੈ | ਇਸ ਮੌਕੇ ਵਾਰਿਸ ਪੰਜਾਬ ਦੇ ਜਥੇਬੰਦੀ ਤੋਂ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ, ਸੀਨੀਅਰ ਆਗੂ ਪਰਮਪ੍ਰੀਤ ਸਿੰਘ ਮਾਨਸ਼ਾਹੀਆ, ਤਲਵੰਡੀ ਸਾਬੋ ਤੋਂ ਸੀਨੀਅਰ ਆਗੂ ਪ੍ਰਦੀਪ ਸਿੰਘ ਸੋਨੀ ਬਾਬਾ, ਬਠਿੰਡਾ ਤੋਂ ਗੁਰਤੇਜ ਫ਼ੌਜੀ, ਮੌੜ ਤੋਂ ਭਿੰਦਰ ਸਿੰਘ, ਮਨਦੀਪ ਸਿੱਧੂ ਦੇ ਸਾਥੀ ਜਗਰੂਪ ਸਿੰਘ, ਗੱਤਕਾ ਦਲ ਪੰਜਾਬ ਦੇ ਪ੍ਰਧਾਨ ਭਾਈ ਸਰਬਜੀਤ ਸਿੰਘ ਤਲਵੰਡੀ ਸਾਬੋ, ਮਨਪ੍ਰੀਤ ਸਿੰਘ, ਬਲਵੰਤ ਸਿੰਘ ਅਤੇ ਗੁਰਪ੍ਰੀਤ ਸਿੰਘ ਪਿ੍ੰਸ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਮੌਜੂਦ ਸਨ, ਜਿਨ੍ਹਾਂ ਨੇ ਆਪਣੇ ਹੱਥਾਂ 'ਚ ਮਰਹੂਮ ਦੀਪ ਸਿੱਧੂ ਦੀਆਂ ਤਸਵੀਰਾਂ ਫੜੀਆਂ ਹੋਈਆਂ ਸਨ | ਅੰਤ ਵਿਚ ਸਮੂਹ ਸੰਗਤ ਵਲੋਂ ਪੰਜਾਬ ਦੀ ਚੜ੍ਹਦੀ ਕਲਾ, ਕੌਮ ਦੀ ਖ਼ੁਸ਼ਹਾਲੀ ਅਤੇ ਨੌਜਵਾਨਾਂ ਨੂੰ ਸਹੀ ਰਾਹ 'ਤੇ ਚੱਲਣ ਦੀ ਬਲ ਬੁੱਧੀ ਲਈ ਅਰਦਾਸ ਕਰਵਾਈ ਗਈ |