ਬਠਿੰਡਾ, 2 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਨੰਬਰਦਾਰ ਯੂਨੀਅਨ ਵਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਪੰਜਾਬ ਸਰਕਾਰ ਦੇ ਨਾਂਅ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ-ਪੱਤਰ ਸੌਂਪਿਆ ਗਿਆ | ਇਸ ਮੌਕੇ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਨੰਬਰਦਾਰ ਦਰਸ਼ਨ ਸਿੰਘ ਮਾਲਵਾ ਅਤੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਨੰਬਰਦਾਰ ਭਾਕਰ ਸਿੰਘ ਕਣਕਵਾਲ ਨੇ ਕਿਹਾ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੇ ਨੰਬਰਦਾਰੀ ਨੂੰ ਜੱਦੀ-ਪੁਸ਼ਤੀ ਕਰਨ ਅਤੇ ਨੰਬਰਦਾਰਾਂ ਦਾ ਮਾਣ-ਭੱਤਾ ਵਧਾਉਣ ਲਈ ਸਾਡੇ ਨਾਲ ਦੋ ਗਰੰਟੀਆਂ ਕੀਤੀਆਂ ਸਨ, ਜਿਸ ਦੇ ਚੱਲਦਿਆਂ ਪੰਜਾਬ ਭਰ ਦੇ ਨੰਬਰਦਾਰਾਂ ਨੇ ਆਪ ਦੀ ਮੱਦਦ ਕੀਤੀ ਸੀ ਪਰ ਬੜੇ ਅਫ਼ਸੋਸ ਦੀ ਗੱਲ ਹੀ ਆਪ ਦੇ ਸੱਤਾ 'ਚ ਆਉਣ ਤੋਂ ਬਾਅਦ ਚਾਰ ਸਾਲ ਬੀਤ ਚੁੱਕੇ ਹਨ ਪਰ ਅਜੇ ਤੱਕ ਉਕਤ ਦੋਵੇਂ ਗਰੰਟੀਆਂ ਸਰਕਾਰ ਨੇ ਪੂਰੀਆਂ ਨਹੀਂ ਕੀਤੀਆਂ ਤੇ ਇਸ ਕਾਰਨ ਨੰਬਰਦਾਰ ਭਾਈਚਾਰੇ ਵਿਚ ਰੋਸ ਹੈ | ਨੰਬਰਦਾਰਾਂ ਨੇ ਦੋਸ਼ ਲਗਾਏ ਕਿ ਪਿਛਲੀਆਂ ਸਰਕਾਰਾਂ 'ਚ ਉਨ੍ਹਾਂ ਨੰੂ ਪੂਰਨ ਮਾਣ-ਸਨਮਾਨ ਮਿਲਦਾ ਰਿਹਾ ਹੈ ਤੇ ਹਰ ਮੰਗ ਪੂਰੀ ਹੁੰਦੀ ਰਹੀ ਹੈ ਪਰ ਮੌਜੂਦਾ ਸਰਕਾਰ ਨੇ ਹੱਕ ਨਾ ਦੇ ਕੇ ਉਨਾਂ ਨੂੰ ਬੇ-ਆਸ ਕੀਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਨੰਬਰਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੇ ਦਿਸ਼ਾ-ਨਿਦਰੇਸ਼ ਅਨੁਸਾਰ ਅੱਜ ਪੰਜਾਬ ਭਰ 'ਚ ਨੰਬਰਦਾਰਾਂ ਵਲੋਂ ਪੰਜਾਬ ਸਰਕਾਰ ਦੇ ਨਾਂਅ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ-ਪੱਤਰ ਸੌਂਪੇ ਗਏ ਹਨ | ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਨਾਲ ਕੀਤੀਆਂ ਉਕਤ ਗ੍ਰੰਟੀਆਂ ਛੇਤੀ ਪੂਰੀਆਂ ਨਾ ਕੀਤੀਆਂ ਤਾਂ ਉਹ ਸਾਲ 2027 'ਚ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ 'ਆਪ' ਦਾ ਡੱਟਵਾਂ ਵਿਰੋਧ ਕਰਨਗੇ |