ਬਠਿੰਡਾ, 4 ਅਪ੍ਰੈਲ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਸ਼ਹਿਰ 'ਚ ਵੱਖ-ਵੱਖ ਸਮੇਂ 'ਤੇ ਅੱਧੀ ਦਰਜਨ ਦੁਕਾਨਾਂ ਨੂੰ ਨਿਸ਼ਾਨ ਬਣਾ ਕੇ ਚੋਰੀਆਂ ਕਰਨ ਵਾਲੇ ਗਰੋਹ ਦੇ ਇਕ ਮੈਂਬਰ ਨੂੰ ਥਾਣਾ ਕੋਤਵਾਲੀ ਦੀ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ, ਜਦਕਿ ਗਰੋਹ ਦੇ ਦੋ ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ | ਥਾਣਾ ਕੋਤਵਾਲੀ ਦੇ ਮੁੱਖ ਅਧਿਕਾਰੀ ਇੰਸ. ਪਰਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਥਾਣਾ ਕੋਤਵਾਲੀ ਦੇ ਖੇਤਰ ਵਿਚ ਅੱਧੀ ਦਰਜਨ ਦੁਕਾਨਾਂ 'ਚ ਚੋਰੀਆਂ ਹੋਈਆਂ ਸਨ, ਜਿਨ੍ਹਾਂ ਨੂੰ ਅੰਜਾਮ ਦੇਣ ਵਾਲਿਆਂ ਦੀ ਪੁਲਿਸ ਟੀਮਾਂ ਵਲੋਂ ਲਗਾਤਾਰ ਭਾਲ ਕੀਤੀ ਜਾ ਰਹੀ ਸੀ ਤਾਂ ਇਸ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਬੀਤੇ ਦਿਨੀਂ ਸਥਾਨਕ ਖਟੀਕਾਂ ਵਾਲਾ ਮੁਹੱਲੇ 'ਚ ਰਹਿਣ ਵਾਲੀ ਸੰਤੋਸ਼ ਦੇ ਘਰ ਚੋਰੀ ਕਰਨ ਦੇ ਮਾਮਲੇ 'ਚ ਇਕ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਗਿਆ, ਜੋ ਉਕਤ ਚੋਰੀਆਂ ਕਰਨ ਵਾਲੇ ਗਰੋਹ ਦਾ ਮੈਂਬਰ ਨਿਕਲਿਆ | ਥਾਣਾ ਮੁਖੀ ਨੇ ਦੱਸਿਆ ਕਿ ਕਥਿਤ ਦੋਸ਼ੀ ਦੀ ਪਹਿਚਾਣ ਕੁਲਦੀਪ ਕੁਮਾਰ ਉਰਫ਼ ਗੰਜ਼ੂ ਵਾਸੀ ਵਾਰਡ ਨੰਬਰ 13 ਬੁਢਲਾਡਾ (ਮਾਨਸਾ) ਵਜੋਂ ਹੋਈ ਹੈ, ਜਿਸ ਸਮੇਤ ਉਸ ਦੇ ਸਾਥੀ ਅਜੇ ਕੁਮਾਰ ਉਰਫ਼ ਚੀਕੂ ਅਤੇ ਤੀਜੇ ਨਾਬਾਲਗ ਸਾਥੀ ਦੇ ਖਿਲਾਫ ਥਾਣਾ ਕੋਤਵਾਲੀ 'ਚ ਮੁਕੱਦਮਾ ਦਰਜ ਕੀਤਾ ਹੈ | ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੇ ਮੁੱਢਲੀ ਪੁੱਛ-ਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਨੇ ਬਠਿੰਡਾ ਦੇ ਪੁਰਾਣੇ ਥਾਣੇ ਕੋਲ ਕੱਪੜੇ ਦੀ ਦੁਕਾਨ, ਦਾਣਾ ਮੰਡੀ 'ਚ ਸ਼ਮਸ਼ਾਨਘਾਟ ਰੋਡ 'ਤੇ ਦੁਕਾਨ, ਮਾਲ ਰੋਡ 'ਤੇ ਕਰਿਆਨਾ ਦੁਕਾਨ, ਗੋਨਿਆਣਾ ਰੋਡ 'ਤੇ ਆਟੋ ਰਿਪੇਅਰ ਦੁਕਾਨ, ਪ੍ਰਤਾਪ ਨਗਰ 'ਚ ਮੈਡੀਕਲ ਅਤੇ ਇੱਥੇ ਹੀ ਆਂਡਿਆਂ ਦੀ ਦੁਕਾਨ 'ਚ ਚੋਰੀ ਨੂੰ ਅੰਜਾਮ ਦਿੱਤਾ ਸੀ ਤੇ ਉਹ ਚੋਰੀਆਂ ਕਰਨ ਲਈ ਰਾਤ ਨੂੰ ਬੁਢਲਾਡਾ ਤੋਂ ਰੇਲ ਗੱਡੀ ਚੜ੍ਹਦੇ ਸਨ ਤੇ ਬਠਿੰਡਾ ਪਹੁੰਚ ਕੇ ਸੁੰਨਸਾਨ ਇਲਾਕੇ ਦੀਆਂ ਦੁਕਾਨਾਂ ਨੂੰ ਚੋਰੀ ਦਾ ਨਿਸ਼ਾਨਾ ਬਣਾਉਂਦੇ ਸਨ ਤੇ ਚੋਰੀ ਕਰਨ ਉਪਰੰਤ ਰਾਤ ਨੂੰ ਰੇਲ ਗੱਡੀ ਰਾਹੀਂ ਮੁੜ ਬੁਢਲਾਡਾ ਚਲੇ ਜਾਂਦੇ ਸੀ | ਉਨ੍ਹਾਂ ਕਿਹਾ ਕਿ ਗੰਜੂ ਦੇ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ ਤੇ ਹੋਰ ਪੁੱਛ-ਗਿੱਛ ਲਈ ਉਸ ਦਾ ਅਦਾਲਤ ਤੋਂ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤੇ ਇਸ ਦੇ ਸਾਥੀ ਵੀ ਛੇਤੀ ਦਬੋਚ ਲਏ ਜਾਣਗੇ |