ਰਾਮਾਂ ਮੰਡੀ, 6 ਅਪ੍ਰੈਲ (ਤਰਸੇਮ ਸਿੰਗਲਾ)-ਸਥਾਨਕ ਹੋਲਸੇਲ ਸਬਜ਼ੀ ਮੰਡੀ ਵਿਚ ਦੁਕਾਨਾਂ ਨਾ ਹੋਣ ਕਾਰਨ ਜਿੱਥੇ ਸਬਜ਼ੀ ਕਾਰੋਬਾਰ ਦੇ ਆੜ੍ਹਤੀਆਂ ਨੂੰ ਭਾਰੀ ਪ੍ਰੇਸ਼ਾਨੀ ਵਿਚੋਂ ਲੰਘਣਾ ਪੈ ਰਿਹਾ ਹੈ, ਉਥੇ ਸਬਜ਼ੀ ਮੰਡੀ ਵਿਚ ਅਵਾਰਾ ਪਸ਼ੂ ਦਾਖ਼ਲ ਹੋ ਜਾਣ ਕਾਰਨ ਉਨ੍ਹਾਂ ਦੇ ਮਾਲ ਦਾ ਨੁਕਸਾਨ ਤਾਂ ਹੋ ਹੀ ਰਿਹਾ ਹੈ ਨਾਲ ਹੀ ਜਾਨੀ ਨੁਕਸਾਨ ਹੋਣ ਦਾ ਵੀ ਹਰ ਸਮੇਂ ਡਰ ਬਣਿਆ ਰਹਿੰਦਾ ਹੈ | ਯੂਨੀਅਨ ਦੇ ਸਾਬਕਾ ਪ੍ਰਧਾਨ ਪਵਨ ਕੁਮਾਰ ਚਲਾਣਾ ਨੇ ਕਿਹਾ ਕਿ ਸਬਜ਼ੀ ਮੰਡੀ ਵਿਚ ਦੁਕਾਨਾਂ ਨਾ ਹੋਣ ਕਾਰਨ ਉਨ੍ਹਾਂ ਨੂੰ ਮੌਸਮ ਦੀ ਮਾਰ ਗਰਮੀ, ਸਰਦੀ, ਮੀਂਹ, ਹਨੇਰੀ, ਝੱਖੜ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਦਾ ਮਾਲ ਵੀ ਖਰਾਬ ਹੋ ਰਿਹਾ ਹੈ | ਇਸ ਤੋਂ ਇਲਾਵਾ ਸਬਜ਼ੀ ਮੰਡੀ ਦੇ ਮੇਨ ਗੇਟ ਦੇ ਐਨ ਸਾਹਮਣੇ ਕੂੜੇ ਦਾ ਡੰਪ ਹੋਣ ਕਾਰਨ ਉੱਥੇ ਅਵਾਰਾ ਪਸ਼ੂ ਘੁੰਮਦੇ ਰਹਿੰਦੇ ਹਨ, ਜੋ ਕਈ ਵਾਰ ਰਾਹਗੀਰਾਂ ਦਾ ਹਾਦਸਿਆਂ ਕਾਰਨ ਵਾਹਨ ਅਤੇ ਸਰੀਰਕ ਨੁਕਸਾਨ ਕਰ ਚੁੱਕੇ ਹਨ | ਇਸ ਤੋਂ ਇਲਾਵਾ ਕੂੜੇ ਦੀ ਗੰਦਗੀ ਬਦਬੂ ਦੇ ਕਾਰਨ ਉਨ੍ਹਾਂ ਨੂੰ ਸਬਜ਼ੀ ਮੰਡੀ ਵਿਚ ਨੱਕ ਬੰਨ੍ਹ ਕੇ ਬੈਠਣਾ ਪੈਂਦਾ ਹੈ | ਸਬਜ਼ੀ ਵਿਕ੍ਰੇਤਾਵਾਂ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਟੱਪਰੀਵਾਸਾਂ ਵਾਲੀ ਬਣੀ ਹੋਈ ਹੈ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਸਬਜ਼ੀ ਮੰਡੀ ਵਿਚ ਦੁਕਾਨਾਂ ਬਣਾ ਕੇ ਕਿਰਾਏ 'ਤੇ ਦਿੱਤੀਆਂ ਜਾਣ | ਉਨ੍ਹਾਂ ਕਿਹਾ ਕਿ ਕਹਿਣ ਨੂੰ ਸਬਜ਼ੀ ਮੰਡੀ ਭਾਵੇਂ ਨਵੀਂ ਹੈ, ਪਰ ਹਾਲਤ ਪੁਰਾਣੀ ਮੰਡੀ ਨਾਲੋਂ ਕਈ ਗੁਣਾ ਮਾੜੀ ਹੈ |
ਬਦਲਾਅ ਕਹਿਣ ਨੂੰ ਸਬਜ਼ੀ ਮੰਡੀ ਨਵੀਂ, ਹਾਲਤ ਪੁਰਾਣੀ ਤੋਂ ਕਈ ਗੁਣਾ ਮਾੜੀ, ਸਬਜ਼ੀ ਆੜ੍ਹਤੀਆਂ ਦਾ ਟੱਪਰੀਵਾਸਾਂ ਵਾਲਾ ਹਾਲ <br/>
ਅਜੀਤ ਡੈਸਕ
07-04-2026