ਸੰਗਤ ਮੰਡੀ, 6 ਅਪ੍ਰੈਲ (ਅੰਮਿ੍ਤਪਾਲ ਸ਼ਰਮਾ, ਸੁਖਤੇਜ ਧਾਲੀਵਾਲ)- ਲਸਾੜਾ ਡਰੇਨ ਟੁੱਟਣ ਦੇ ਡਰ ਤੋਂ ਪਿੰਡ ਪਥਰਾਲਾ ਵਾਸੀਆਂ ਲਈ ਖ਼ਤਰੇ ਦੀ ਘੰਟੀ ਵੱਜ ਚੁੱਕੀ ਹੈ ਅਤੇ ਪਿੰਡ ਵਾਸੀ ਸੇਮ ਨਾਲੇ ਦੇ ਬੰਨ੍ਹ ਉੱਚੇ ਕਰਨ ਲਈ ਅੱਡੀ ਚੋਟੀ ਦਾ ਜੋਰ ਲਗਾ ਰਹੇ ਹਨ ਕਿਉਂਕਿ ਹੋਰ ਮੀਂਹ ਪੈਣ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ | ਬੰਨ੍ਹ ਦਾ ਜਾਇਜ਼ਾ ਲੈਣ ਲਈ ਪੁੱਜੇ ਹਲਕਾ ਵਿਧਾਇਕ ਅਮਿਤ ਰਤਨ ਕੋਟਫੱਤਾ ਵਲੋਂ ਪਿੰਡ ਦੀ ਪੰਚਾਇਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਪੰਜਾਬ ਸਰਕਾਰ ਨੂੰ ਲਸਾੜਾ ਸੇਮ ਨਾਲੇ ਦਾ ਪੱਕਾ ਹੱਲ ਕਰਨ ਲਈ ਕਈ ਵਾਰ ਪੱਤਰ ਲਿਖੇ ਜਾ ਚੁੱਕੇ ਹਨ ਅਤੇ ਇਲਾਕੇ ਦੇ ਪਿੰਡਾਂ ਦੀ ਇਸ ਵੱਡੀ ਸਮੱਸਿਆ ਨੂੰ ਹੱਲ ਕਰਾਉਣ ਲਈ ਉਹ ਲਗਾਤਾਰ ਯਤਨਸ਼ੀਲ ਹਨ | ਪਿੰਡ ਦੀ ਸਰਪੰਚ ਚਰਨਜੀਤ ਕੌਰ ਦੇ ਪਤੀ ਹਰਬੰਸ ਸਿੰਘ ਨੇ ਦੱਸਿਆ ਕਿ ਉਹ ਪਿੰਡ ਪੰਚਾਇਤ ਸਮੇਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੂੰ ਮਿਲ ਕੇ ਸੇਮ ਨਾਲੇ ਦੀ ਸਮੱਸਿਆ ਹੱਲ ਕਰਨ ਲਈ ਮੰਗ ਪੱਤਰ ਵੀ ਦੇ ਚੁੱਕੇ ਹਨ ਪ੍ਰੰਤੂ ਅਜੇ ਤੱਕ ਸਮੱਸਿਆ ਜਿਉਂ ਦੀ ਤਿਉਂ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਦਿਲੀਂ ਪਏ ਭਾਰੀ ਮੀਂਹ ਤੋਂ ਬਾਅਦ ਸੇਮ ਨਾਲੇ ਅੰਦਰ ਚੱਲ ਰਹੇ ਪਾਣੀ ਦਾ ਪੱਧਰ ਕਾਫੀ ਵਧ ਗਿਆ ਹੈ, ਇਸ ਲਈ ਪਿੰਡ ਵਾਸੀ ਆਪਣੇ ਤੌਰ 'ਤੇ ਸੇਮ ਨਾਲੇ ਦੀਆਂ ਪੱਟੜੀਆਂ 'ਤੇ ਮਿੱਟੀ ਪਾ ਕੇ ਉੱਚੀਆਂ ਕਰ ਰਹੇ ਹਨ ਤਾਂ ਜੋ ਪਿੰਡ ਵਾਸੀ ਕਿਸੇ ਪ੍ਰੇਸ਼ਾਨੀ ਤੋਂ ਬਚੇ ਰਹਿਣ | ਹਲਕਾ ਵਿਧਾਇਕ ਵੱਲੋਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਉਹ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਸਾੜਾ ਸੇਮ ਨਾਲੇ ਦੇ ਗੰਦੇ ਪਾਣੀ ਤੋਂ ਪਿੰਡ ਵਾਸੀਆਂ ਨੂੰ ਨਿਜਾਤ ਦਿਵਾਉਣ ਲਈ ਫ਼ੌਰੀ ਤੌਰ 'ਤੇ ਢੁਕਵੇਂ ਕਦਮ ਚੁੱਕਣ ਲਈ ਕਹਿਣਗੇ |