ਸੰਗਤ ਮੰਡੀ, 6 ਅਪ੍ਰੈਲ (ਸੁਖਤੇਜ ਧਾਲੀਵਾਲ)-ਸੰਗਤ ਬਲਾਕ ਦੇ ਪਿੰਡ ਦੁਨੇਵਾਲਾ ਵਿਖੇ ਇਕ ਕਿਸਾਨ ਦੀ ਖੜੀ ਕਣਕ ਦੀ ਫ਼ਸਲ ਨੂੰ ਅੱਗ ਲੱਗ ਗਈ | ਜਿਸ ਦਾ ਕਾਰਨ ਉਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ 'ਚੋਂ ਹੋਇਆ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ | ਮਿਲੀ ਜਾਣਕਾਰੀ ਅਨੁਸਾਰ ਪਿੰਡ ਦੁਨੇਵਾਲਾ ਦੇ ਕਿਸਾਨ ਜੋਗਿੰਦਰ ਸਿੰਘ ਦੇ ਖੇਤਾਂ ਵਿਚੋਂ ਦੀ 24 ਘੰਟੇ ਬਿਜਲੀ ਸਪਲਾਈ ਲਾਈਨ ਲੰਘਦੀ ਹੈ | ਜਿਸ ਕਰਕੇ ਖੇਤ ਵਿਚ ਲੱਗੀ ਜੀਓ ਸਵਿੱਚ ਤੋਂ ਚੰਗਿਆੜੇ ਨਿਕਲਣ ਕਾਰਨ ਉਨ੍ਹਾਂ ਦੀ ਲੱਗਭਗ ਅੱਧਾ ਏਕੜ ਕਣਕ ਦੀ ਫ਼ਸਲ ਅੱਗ ਦੀ ਲਪੇਟ ਵਿਚ ਆਉਣ ਨਾਲ ਨੁਕਸਾਨੀ ਗਈ ਹੈ | ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦਾ ਪਤਾ ਲੱਗਦਿਆਂ ਹੈ ਵੱਡੀ ਗਿਣਤੀ ਵਿਚ ਪਿੰਡ ਦੇ ਲੋਕਾਂ ਵਲੋਂ ਪਹੁੰਚਕੇ ਅੱਗ 'ਤੇ ਕਾਬੂ ਪਾਇਆ ਗਿਆ, ਪਰ ਉਸ ਸਮੇਂ ਤੱਕ ਕਿਸਾਨ ਦੀ 5 ਕਨਾਲਾਂ ਕਣਕ ਅੱਗ ਲੱਗਣ ਨਾਲ ਸੜ ਕੇ ਰਾਖ ਹੋ ਗਈ | ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਸਕਦਾ ਸੀ | ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਪਏ ਮੀਂਹ ਕਾਰਨ ਕਣਕ ਦੀ ਫ਼ਸਲ ਗਿੱਲੀ ਹੋਣ ਕਰਕੇ ਵੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਹੈ |
ਬਿਜਲੀ ਦੇ ਸ਼ਾਰਟ ਸਰਕਟ ਨਾਲ ਅੱਧਾ ਏਕੜ ਕਣਕ ਦੀ ਫ਼ਸਲ ਅੱਗ ਦੀ ਲਪੇਟ 'ਚ ਆ ਕੇ ਸੜੀ
ਅਜੀਤ ਡੈਸਕ
07-04-2026