ਮਹਿਮਾ ਸਰਜਾ, 7 ਅਪ੍ਰੈਲ (ਬਲਦੇਵ ਸੰਧੂ)-ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਦੀ ਅਗਵਾਈ ਵਿੱਚ ਬਠਿੰਡਾ ਤੋਂ ਸ੍ਰੀ ਮੁਕਤਸਰ ਹਾਈਵੇਅ 'ਤੇ ਅਣਮਿੱਥੇ ਸਮੇਂ ਲਈ ਧਰਨਾ ਲਾ ਕੇ ਕਿਸਾਨਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਕਿਸਾਨ ਜ਼ਿਲ੍ਹਾ ਬਠਿੰਡਾ ਦੇ ਪਿੰਡ ਅਬਲੂ, ਕੋਠੇ ਲਾਲ ਸਿੰਘ, ਕਿਲੀ ਨਿਹਾਲ ਸਿੰਘ ਵਾਲਾ, ਚੁੱਘੇ ਕਲਾ, ਬੱਲੂਆਣਾ, ਕੋਠੇ ਫੂਲਾ ਸਿੰਘ ਵਾਲੇ, ਕੋਠੇ ਚੇਤ ਸਿੰਘ ਵਾਲੇ, ਦਾਨ ਸਿੰਘ ਵਾਲਾ, ਕੋਠੇ ਲਾਲ ਸਿੰਘ ਵਾਲੇ, ਕੋਠੇ ਕੌਰ ਸਿੰਘ ਵਾਲੇ, ਕੋਠੇ ਸੰਧੂਵਾਂ ਵਾਲੇ, ਮਹਿਮਾ ਸਰਕਾਰੀ, ਗੰਗਾ ਵਿਖੇ ਤਿੰਨ ਮਾਰਚ ਨੂੰ ਹੋਈ ਭਾਰੀ ਮੀਹ ਝੱਖੜ ਅਤੇ ਗੜ੍ਹੇਮਾਰੀ ਕਾਰਨ ਕਣਕ ਦੀ ਪੱਕੀ ਫ਼ਸਲ ਤਬਾਹ ਹੋ ਗਈ ਹੈ | ਜਿਸ ਦੀ ਗਿਰਦਾਵਰੀ ਜਲਦ ਗਰਦਾਵਰੀ ਕਰਾਉਣ ਦੀ ਮੰਗ ਕਰ ਰਹੇ ਸਨ | ਇਸ ਦੌਰਾਨ ਸੜਕ ਤੇ ਵੱਡਾ ਜਾਮ ਲੱਗ ਗਿਆ | ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਹੱਥਾਂ ਪੈਰਾਂ ਦੀ ਬਣ ਗਈ | ਜਿੱਥੇ ਭੁੱਚੋ ਦੇ ਡੀਐਸਪੀ ਪਿ੍ਤਪਾਲ ਸਿੰਘ ਗੱਲਬਾਤ ਕਰਨ ਲਈ ਪਹੁੰਚੇ | ਕਿਸਾਨਾਂ ਦਾ ਕਹਿਣਾ ਸੀ ਕਿ ਗੜੇਮਾਰੀ ਹੋਈ ਨੂੰ ਚੌਥਾ ਦਿਨ ਹੋ ਗਿਆ ਹੈ, ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀ ਬਰਬਾਦ ਹੋਈ ਕਣਕ ਦੀ ਫ਼ਸਲ ਦੀ ਗਿਰਦਾਵਰੀ ਕਰਨ ਵਿਚ ਸਿਰਫ਼ ਦਰਜਨਾਂ ਪਿੰਡਾਂ ਦੇ ਖੇਤਾਂ 'ਚ ਦੋ ਪਟਵਾਰੀ ਹੀ ਲਗਾਏ ਗਏ ਹਨ, ਜਦੋਂ ਕਿ ਸੈਂਕੜੇ ਏਕੜ ਰਕਬੇ ਲਈ ਦੋ ਪਟਵਾਰੀ ਕਾਫੀ ਨਹੀਂ ਹਨ | ਉਨ੍ਹਾਂ ਕਿਹਾ ਕਿ ਘੱਟ ਤੋਂ ਘੱਟ ਇਸ ਖੇਤਰ ਲਈ 8 ਪਟਵਾਰੀਆਂ ਦੀ ਟੀਮ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕੱਲ੍ਹ ਤੱਕ ਗਿਰਦਾਵਰੀ ਹੋਣੀ ਚਾਹੀਦੀ ਹੈ | ਜਿਸ 'ਤੇ ਡੀਐੱਸਪੀ ਭੁੱਚੋ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਿਸ ਵਿਚ ਕੋਠੇ ਲਾਲ ਸਿੰਘ ਵਾਲਾ, ਅਬਲੂ, ਕੋਠੇ ਸੰਧਵਾਂ ਵਾਲਾ, ਕੋਠੇ ਚੇਤ ਸਿੰਘ ਵਾਲਾ, ਕੋਠੇ ਫੂਲਾ ਸਿੰਘ ਵਾਲਾ, ਕੋਠੇ ਕੌਰ ਸਿੰਘ ਵਾਲਾ ਨੂੰ ਚਾਰ ਪਟਵਾਰੀ ਅਤੇ ਚਾਰ ਏ.ਡੀ.ਓ. ਕਿਸਾਨਾਂ ਦੀ ਖ਼ਰਾਬ ਹੋਈ ਕਣਕ ਦੀ ਫ਼ਸਲ ਦਾ ਸਰਵੇ ਕਰਕੇ ਸਪੈਸ਼ਲ ਗਰਦਾਵਰੀ ਲਈ ਹੁਕਮ ਦਿੱਤੇ ਗਏ ਹਨ | ਇਸ ਤੋਂ ਇਲਾਵਾ ਗੜ੍ਹੇਮਾਰੀ ਸੰਬੰਧਿਤ ਪਿੰਡਾਂ ਵਿਚ ਪਟਵਾਰੀਆਂ ਦੀ ਅਤੇ ਏਡੀਓ ਦੀ ਗਿਣਤੀ ਵਿਚ ਵਾਧਾ ਕੀਤਾ ਗਿਆ ਹੈ | ਡੀਐਸਪੀ ਪਿ੍ਤਪਾਲ ਸਿੰਘ ਭੁੱਚੋ ਵਲੋਂ ਉਕਤ ਭਰੋਸਾ ਦੇਣ ਤੋਂ ਬਾਅਦ ਕਿਸਾਨਾਂ ਵਲੋਂ ਧਰਨਾ ਚੁੱਕਿਆ ਗਿਆ | ਇਸ ਮੌਕੇ ਬਲਾਕ ਪ੍ਰਧਾਨ ਕੁਲਵੰਤ ਸਿੰਘ ਨੇਹੀਆਂ ਵਾਲਾ, ਸਕੱਤਰ ਗੁਰਦੀਪ ਸਿੰਘ ਮਹਿਮਾ ਸਰਜਾ, ਯੂਥ ਕਿਸਾਨ ਆਗੂ ਅੰਗਰੇਜ਼ ਸਿੰਘ ਸੰਦੋਹਾ, ਸ਼ਿੰਦਰਪਾਲ ਸਿੰਘ ਕੋਠੇ ਚੇਤ ਸਿੰਘ ਵਾਲੇ ਅਤੇ ਬਲਾਕ ਦੇ ਪਿੰਡਾਂ ਦੇ ਇਕਾਈ ਪ੍ਰਧਾਨ ਮੌਜੂਦ ਸਨ |