ਸੰਗਤ ਮੰਡੀ, 12 ਅਪ੍ਰੈਲ (ਅੰਮਿ੍ਤਪਾਲ ਸ਼ਰਮਾ/ਸੁਖਤੇਜ ਧਾਲੀਵਾਲ)-ਨਿੱਜੀ ਕਿੜਾਂ ਕੱਢਣ ਲਈ ਸਿਆਸੀ ਆਗੂ ਦੇ ਦਬਾਅ ਹੇਠ ਜ਼ਲੀਲ ਕਰਕੇ ਬਦਲੀਆਂ ਕਰਨਾ ਅਤੇ ਸਰਕਾਰੀ ਅਧਿਕਾਰੀਆਂ ਦਾ ਮਨੋਬਲ ਡੇਗਣਾ ਸਰਕਾਰ ਦੇ ਮਾੜੇ ਦਿਨਾਂ ਦੀਆਂ ਨਿਸ਼ਾਨੀਆਂ ਸਾਬਿਤ ਹੋ ਰਹੀਆਂ ਹਨ, ਜਿਸ ਦਾ ਖ਼ਮਿਆਜ਼ਾ ਭਗਵੰਤ ਮਾਨ ਸਰਕਾਰ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਭੁਗਤਣਾ ਪਵੇਗਾ | ਇਹ ਗੱਲ ਕੇਕੇਸੀ ਵਿਭਾਗ ਪੰਜਾਬ ਅਤੇ ਦਲਿਤ ਮਹਾਂਪੰਚਾਇਤ ਪੰਜਾਬ ਦੇ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਕਿਰਨਜੀਤ ਸਿੰਘ ਗਹਿਰੀ ਨੇ ਆਖੀ | ਉਨ੍ਹਾਂ ਦੱਸਿਆ ਕਿ ਹਲਕਾ ਬਠਿੰਡਾ ਦਿਹਾਤੀ ਦੇ ਥਾਣਾ ਨੰਦਗੜ੍ਹ ਦੇ ਮੁਖੀ ਇੰਸਪੈਕਟਰ ਹਰਜੀਵਨ ਸਿੰਘ ਅਤੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੂੰ ਇਸ ਲਈ ਲਾਈਨ ਹਾਜ਼ਰ ਕਰਕੇ ਸਜਾ ਦਿੱਤੀ ਗਈ ਹੈ, ਕਿਉਂਕਿ ਉਨ੍ਹਾਂ ਵਲੋਂ ਸੱਤਾਧਾਰੀ ਪਾਰਟੀ ਦੇ ਸਿਆਸੀ ਆਗੂ ਦੀ ਮਰਜ਼ੀ ਅਨੁਸਾਰ ਵਿਰੋਧੀਆਂ 'ਤੇ ਚਿੱਟੇ ਦਾ ਝੂਠਾ ਪਰਚਾ ਦਰਜ਼ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਦੇ ਹੁਕਮਾਂ 'ਤੇ ਕੋਟਸ਼ਮੀਰ ਪੁਲਿਸ ਚੌਕੀ ਇੰਚਾਰਜ ਸਮੇਤ ਮੁਲਾਜ਼ਮਾਂ ਦੀ ਕੀਤੀ ਬਦਲੀ ਦਾ ਨਗਰ ਪੰਚਾਇਤ ਕੋਟਸ਼ਮੀਰ ਵਲੋਂ ਮਤਾ ਪਾ ਕੇ ਸਖ਼ਤ ਵਿਰੋਧ ਕੀਤਾ ਗਿਆ ਹੈ, ਜਿਸ ਦਾ ਸਰਕਾਰ ਨੂੰ ਕੰਧ 'ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਆਮ ਘਰਾਂ ਦੇ ਮੁੰਡੇ/ਕੁੜੀਆਂ ਅਖਵਾਉਣ ਵਾਲੇ ਅਖੌਤੀ ਆਗੂਆਂ ਦੇ ਕਾਰਨਾਮੇ ਲੋਕਾਂ ਸਾਹਮਣੇ ਕਿਵੇਂ ਜੱਗ-ਜ਼ਾਹਿਰ ਹੋ ਰਹੇ ਹਨ ਅਤੇ ਇਹ ਗੱਲ ਪੰਜਾਬ ਦੇ ਲੋਕ ਭਲੀਭਾਂਤ ਜਾਣ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਇੰਸਪੈਕਟਰ ਹਰਜੀਵਨ ਸਿੰਘ ਸਾਫ਼ ਸੁਥਰੇ ਅਕਸ ਵਾਲੇ ਪੁਲਿਸ ਅਫ਼ਸਰ ਮੰਨੇ ਜਾਂਦੇ ਹਨ, ਜੋ ਕਿਸੇ ਵੀ ਤਰ੍ਹਾਂ ਦੇ ਸਿਆਸੀ ਦਬਾਅ ਹੇਠ ਆ ਕੇ ਗਲਤ ਕੰਮ ਨਹੀਂ ਕਰਦੇ | ਉਨ੍ਹਾਂ ਕਿਹਾ ਕਿ ਸਿਆਸੀ ਦਖ਼ਲ ਅੰਦਾਜ਼ੀ ਹੇਠ ਪੁਲਿਸ ਅਤੇ ਹੋਰਨਾ ਸਰਕਾਰੀ ਅਧਿਕਾਰੀਆਂ 'ਤੇ ਦਬਾਅ ਪਾ ਕੇ ਨਿੱਜੀ ਕਿੜਾਂ ਕੱਢਣ ਵਾਲੀ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ 2027 ਦੀਆਂ ਚੋਣਾਂ 'ਚ ਪੰਜਾਬ ਦੇ ਲੋਕ ਇਸ ਦਾ ਭੋਗ ਪਾਉਣ ਲਈ ਤਿਆਰ ਬੈਠੇ ਹਨ | ਥਾਣਾ ਨੰਦਗੜ੍ਹ ਤੋਂ ਬਠਿੰਡਾ ਲਾਈਨ ਹਾਜ਼ਰ ਕੀਤੇ ਇੰਸਪੈਕਟਰ ਹਰਜੀਵਨ ਸਿੰਘ ਅਤੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਘੁੱਦਾ ਵਾਸੀ ਹਰਮਨ ਸਿੰਘ ਅਤੇ ਜਸਵਿੰਦਰ ਪਾਲ ਉਰਫ਼ ਪੋਪੀ ਦਰਮਿਆਨ 2023 'ਚ ਦਰਜ ਹੋਏ 42 ਮਰਲੇ ਜ਼ਮੀਨ ਦਾ ਮੁਕੱਦਮਾ ਮਾਨਯੋਗ ਅਦਾਲਤ 'ਚ ਚੱਲ ਰਿਹਾ ਹੈ, ਜਿਸ ਦਾ ਮਾਨਯੋਗ ਅਦਾਲਤ ਵੱਲੋਂ ਸਟੇਅ ਦਿੱਤਾ ਗਿਆ ਹੈ | ਇਸ ਮਾਮਲੇ ਨੂੰ ਲੈ ਕੇ ਬੀਤੀ 6 ਅਪ੍ਰੈਲ ਦੀ ਰਾਤ ਨੂੰ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਪਿੰਡ ਘੁੱਦਾ ਦੇ ਕੁੱਝ ਵਿਅਕਤੀ ਨਸ਼ੇ ਦੀ ਹਾਲਤ 'ਚ ਥਾਣਾ ਨੰਦਗੜ੍ਹ ਵਿਖੇ ਪੁੱਜੇ ਅਤੇ ਉਕਤ ਮਾਮਲੇ ਦੇ ਵਿਰੋਧੀਆਂ ਖ਼ਿਲਾਫ਼ ਚਿੱਟੇ ਦਾ ਝੂਠਾ ਪਰਚਾ ਦਰਜ ਕਰਾਉਣ ਦਾ ਦਬਾਅ ਬਣਾਉਣ ਲੱਗੇ ਤਾਂ ਉਨ੍ਹਾਂ ਵੱਲੋਂ ਸਾਫ਼ ਮਨ੍ਹਾਂ ਕਰਨ 'ਤੇ ਉਕਤ ਵਿਅਕਤੀਆਂ ਵੱਲੋਂ ਸੀਨੀਅਰ ਸਿਆਸੀ ਆਗੂ ਨੂੰ ਪੁਲਿਸ ਵੱਲੋਂ ਗੱਲ ਨਾ ਮੰਨਣ ਦਾ ਦੱਸਿਆ ਗਿਆ ਤਾਂ ਉਕਤ ਆਗੂ ਜੋ ਕਿਸੇ ਮਹਿਫ਼ਲ 'ਚ ਸੀ, ਸੱਤਾ ਦੇ ਨਸ਼ੇ 'ਚ ਪੁਲਿਸ ਨੂੰ ਸਬਕ ਸਿਖਾਉਣ ਲਈ ਥਾਣੇ ਪਹੁੰਚ ਗਿਆ ਅਤੇ ਥਾਣੇਦਾਰਾਂ ਨਾਲ ਤੂੰ-ਤੜਾਕ ਕਰਦਾ ਆਪਣੇ ਸਮਰਥਕਾਂ ਸਮੇਤ ਰਿਹਾਇਸ਼ੀ ਪੁਲਿਸ ਕੁਆਟਰਾਂ 'ਚ ਜਾ ਵੜਿਆ ਜਿੱਥੇ ਸਾਰੇ ਜਣੇ ਤਲਾਸ਼ੀ ਕਰਦੇ ਰਹੇ ਅਤੇ ਪੁਲਿਸ 'ਤੇ ਸ਼ਰਾਬ ਪੀਤੀ ਹੋਣ ਦੇ ਦੋਸ਼ ਲਗਾ ਕੇ ਰਾਤ ਡੇਢ ਵਜੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਦੀ ਜਬਰੀ ਮੈਡੀਕਲ ਜਾਂਚ ਕਰਵਾਈ ਗਈ | ਇੰਸਪੈਕਟਰ ਹਰਜੀਵਨ ਸਿੰਘ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਤੁਰੰਤ ਜਾਣਕਾਰੀ ਦਿੱਤੀ ਗਈ ਸੀ, ਪ੍ਰੰਤੂ ਸੱਤਾਧਾਰੀਆਂ ਵਲੋਂ ਝੂਠੀ ਸ਼ਾਨ ਬਰਕਰਾਰ ਰੱਖਣ ਲਈ ਕੀਤੀ ਬਦਲੀ ਦਾ ਉਨ੍ਹਾਂ ਨੂੰ ਕੋਈ ਅਫ਼ਸੋਸ ਨਹੀਂ ਹੈ |