ਤਲਵੰਡੀ ਸਾਬੋ, 12 ਅਪ੍ਰੈਲ (ਰਵਜੋਤ ਸਿੰਘ ਰਾਹੀ/ਰਣਜੀਤ ਸਿੰਘ ਰਾਜੂ)-ਵਿਸਾਖੀ ਦਾ ਪਾਵਨ ਦਿਹਾੜਾ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ (96 ਕਰੋੜੀ) ਦੇ ਮੁੱਖ ਅਸਥਾਨ ਗੁ: ਬੇਰ ਸਾਹਿਬ ਦੇਗਸਰ ਛਾਉਣੀ ਨਿਹੰਗ ਸਿੰਘਾਂ ਵਿਖੇ ਬੁੱਢਾ ਦਲ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਅਗਵਾਈ 'ਚ ਖਾਲਸਾਈ ਜਾਹੋ ਜਲਾਲ ਨਾਲ ਮਨਾਇਆ ਜਾ ਰਿਹਾ ਹੈ | ਅੱਜ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਬੁੱਢਾ ਦਲ ਮੁੱਖ ਅਸਥਾਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਅਰੰਭ ਕੀਤੇ ਗਏ | ਜਿੰਨ੍ਹਾਂ ਦੇ ਭੋਗ 14 ਅਪ੍ਰੈਲ ਨੂੰ ਪੈਣਗੇ ਅਤੇ ਏਸੇ ਤਰ੍ਹਾਂ ਹੀ 13 ਅਪ੍ਰੈਲ ਨੂੰ ਸ੍ਰੀ ਦਸਮ ਗ੍ਰੰਥ ਜੀ ਅਤੇ ਸ੍ਰੀ ਸਰਬਲੋਹ ਗ੍ਰੰਥ ਜੀ ਦੇ ਅਖੰਡ ਪਾਠ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ 15 ਅਪ੍ਰੈਲ ਨੂੰ ਪਾਏ ਜਾਣਗੇ | ਅੱਜ ਬੁੱਢਾ ਦਲ ਦੇ ਹੈਡਕੁਆਟਰ ਗੁ: ਬੇਰ ਸਾਹਿਬ ਦੇਗਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਕ ਅਰਦਾਸ ਬਾਬਾ ਸੁਖਵਿੰਦਰ ਸਿੰਘ ਮੌਰ ਨੇ ਕੀਤੀ ਅਤੇ ਬਾਬਾ ਮੱਘਰ ਸਿੰਘ ਮੁੱਖ ਗ੍ਰੰਥੀ ਬੁੱਢਾ ਦਲ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ | ਉਪਰੰਤ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਦਸਿਆ ਕਿ ਬੁੱਢਾ ਦਲ ਦੇ ਹੈੱਡਕੁਆਟਰ ਵਿਖੇ ਹਰ ਸਾਲ ਦੀ ਤਰ੍ਹਾਂ ਵਿਸਾਖੀ ਦੇ ਇਤਿਹਾਸਕ ਦਿਹਾੜੇ 'ਤੇ ਸਿੱਖ ਸ਼ਸ਼ਤਰ ਕਲਾ ਨਾਲ ਸਬੰਧਿਤ ਮਾਲਵਾ ਗੱਤਕਾ ਕੱਪ ਮੁਕਾਬਲੇ ਕਰਵਾਏ ਜਾਣਗੇ ਤੇ ਇਸ ਵਾਰ ਇਨ੍ਹਾਂ ਮੁਕਾਬਲਿਆਂ ਵਿਚ 20 ਦੇ ਕਰੀਬ ਨਾਮਵਰ ਟੀਮਾਂ ਭਾਗ ਲੈਣਗੀਆਂ | ਮੁਕਾਬਲਿਆਂ ਦੌਰਾਨ ਨਾਮਵਰ ਉੱਚ ਕੋਟੀ ਦੇ ਰੈਫਰੀ, ਗਤਕਾ ਉਸਤਾਦ, ਜੱਜਮੈਂਟ ਦੀ ਸੇਵਾ ਨਿਭਾਉਣਗੇ | ਉਨ੍ਹਾਂ ਕਿਹਾ ਕਿ ਸਿੱਖ ਪ੍ਰੰਪਰਾਵਾਂ ਵਿਚ ਸ਼ਸ਼ਤਰ ਕਲਾ ਦਾ ਅਹਿਮ ਸਥਾਨ ਹੈ ਇਸ ਲਈ ਇਸ ਕਲਾ ਦੀ ਪ੍ਰਫੁਲਤ ਕਰਨ ਲਈ ਅਜਿਹੇ ਯਤਨਾਂ ਦੀ ਅਹਿਮ ਲੋੜ ਹੈ | ਇਸੇ ਮਕਸਦ ਨੂੰ ਪੂਰਾ ਕਰਨ ਲਈ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਹਰ ਸਾਲ ਸਿੱਖ ਸ਼ਸ਼ਤਰ ਕਲਾ ਦੇ ਮੁਕਾਬਲੇ ਕਰਵਾਏ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਵਾਲੀਆਂ ਟੀਮਾਂ ਨੂੰ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਵਲੋਂ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਧਾਰਮਿਕ ਸਮਾਗਮਾਂ ਦੀ ਆਰੰਭਤਾ ਮੌਕੇ ਬਾਬਾ ਜੱਸਾ ਸਿੰਘ, ਬਾਬਾ ਬਲਦੇਵ ਸਿੰਘ ਢੋਡੀਵਿੰਡ, ਇੰਦਰਪਾਲ ਸਿੰਘ ਫੌਜੀ, ਬਾਬਾ ਗੁਰਮੁਖ ਸਿੰਘ, ਬਾਬਾ ਦਲੇਰ ਸਿੰਘ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਲਛਮਣ ਸਿੰਘ, ਬਾਬਾ ਸੁਖਦੇਵ ਸਿੰਘ ਸੁੱਖਾ, ਬਾਬਾ ਜੋਗਾ ਸਿੰਘ ਹਨੂੰਮਾਨਗੜ੍ਹ, ਭਾਈ ਮਾਨ ਸਿੰਘ ਲਿਖਾਰੀ, ਬਾਬਾ ਮੇਜਰ ਸਿੰਘ, ਬਾਬਾ ਦਲੇਰ ਸਿੰਘ ਤੋਂ ਇਲਾਵਾ ਸੰਗਤਾਂ ਮੌਜੂਦ ਸਨ |