ਸੰਗਤ ਮੰਡੀ, 17 ਅਪ੍ਰੈਲ (ਅੰਮਿ੍ਤਪਾਲ ਸ਼ਰਮਾ)-ਸੰਗਤ ਮੰਡੀ ਵਿਖੇ ਇੰਡੇਨ ਗੈਸ ਏਜੰਸੀ ਦੀ ਖੱਜਲ-ਖੁਆਰੀ ਵਿਰੁੱਧ ਲੋਕ ਲਾਮਬੰਦ ਹੋਣ ਲੱਗੇ ਹਨ ਅਤੇ ਉਨ੍ਹਾਂ ਵੱਲੋਂ ਇਥੇ ਹੋਰਨਾ ਕੰਪਨੀਆਂ ਦੀਆਂ ਗੈਸ ਏਜੰਸੀਆਂ ਖੋਲੇ੍ਹ ਜਾਣ ਦੀ ਮੰਗ ਜੋਰ ਫੜ੍ਹਨ ਲੱਗੀ ਹੈ | ਨਗਰ ਕੌਂਸਲ ਸੰਗਤ ਦੇ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ, ਕਾਂਗਰਸੀ ਆਗੂ ਰੋਹਿਤ ਕੁਮਾਰ ਗੋਗੀ, ਰਾਹੁਲ ਗੋਇਲ, ਸੀਨੀਅਰ ਅਕਾਲੀ ਆਗੂ ਰੇਸ਼ਮ ਸਿੰਘ ਸੰਗਤ, ਕਾਮਰੇਡ ਦਰਸ਼ਨ ਸਿੰਘ ਫੁੱਲੋ ਮਿੱਠੀ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਿੱਠੂ ਸਿੰਘ ਘੁੱਦਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਰਸ਼ਨ ਸਿੰਘ ਸੰਗਤ ਤੇ ਗੁਰਨਾਮ ਸਿੰਘ ਸਿਵੀਆਂ, ਸਮਾਜਸੇਵੀ ਬਲਵੀਰ ਸਿੰਘ ਬੀਰਾ ਅਤੇ ਸੁਖਤੇਜ ਸਿੰਘ ਧਾਲੀਵਾਲ ਕੋਟਗੁਰੂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੰਗਤ ਮੰਡੀ ਵਿਖੇ ਹੋਰਨਾ ਪੈਟਰੌਲੀਅਮ ਕੰਪਨੀਆਂ ਐਚ.ਪੀ. ਅਤੇ ਭਾਰਤ ਗੈਸ ਕੰਪਨੀ ਦੀਆਂ ਗੈਸ ਏਜੰਸੀਆਂ ਵੀ ਖੋਲ੍ਹੀਆਂ ਜਾਣ | ਉਨ੍ਹਾਂ ਦੱਸਿਆ ਕਿ ਸੰਗਤ ਮੰਡੀ ਦੀ ਇੰਡੇਨ ਗੈਸ ਏਜੰਸੀ ਕੋਲ ਇਲਾਕੇ ਦੇ 56 ਪਿੰਡਾਂ ਦੇ ਲੋਕਾਂ ਵੱਲੋਂ ਗੈਸ ਕੁਨੈਕਸ਼ਨ ਲਏ ਹੋਏ ਹਨ, ਜਿਸ ਦੀ ਪਹਿਲਾਂ ਨਿਰਵਿਘਨ ਗੈਸ ਸਪਲਾਈ ਇਲਾਕੇ ਦੇ ਲੋਕਾਂ ਨੂੰ ਮਿਲ ਰਹੀ ਸੀ ਪ੍ਰੰਤੂ ਚਾਰ ਮਹੀਨੇ ਪਹਿਲਾਂ ਇਹ ਗੈਸ ਏਜੰਸੀ ਇਸੇ ਕੰਪਨੀ ਦੇ ਕਿਸੇ ਰਿਟਾਇਰਡ ਧਨਾਢ ਅਧਿਕਾਰੀ ਵੱਲੋਂ ਕਰੋੜਾਂ ਰੁਪਏ 'ਚ ਮੁੱਲ ਖ਼ਰੀਦ ਲਏ ਜਾਣ ਤੋਂ ਬਾਅਦ ਸਮੱਸਿਆ ਪੈਦਾ ਹੋਈ ਹੈ | ਜਿਥੇ ਪਹਿਲਾਂ ਗਲੀ-ਗਲੀ ਲੋਕਾਂ ਦੇ ਘਰਾਂ ਮੂਹਰੇ ਜਾ ਕੇ ਸਪੀਕਰਾਂ ਰਾਹੀਂ ਮੁਨਾਦੀ ਕਰਕੇ ਗੈਸ ਸਿਲੰਡਰ ਦਿੱਤੇ ਜਾਂਦੇ ਸਨ, ਉਥੇ ਉਕਤ ਅਫ਼ਸਰ ਦੀਆਂ ਨੀਤੀਆਂ ਕਾਰਨ ਲੋਕਾਂ ਨੂੰ ਗੈਸ ਏਜੰਸੀ ਮੂਹਰੇ ਲਾਈਨਾਂ 'ਚ ਖੜ੍ਹੇ ਹੋਣ ਲਈ ਮਜ਼ਬੂਰ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਥੇ ਹੀ ਬੱਸ ਨਹੀਂ ਸਗੋਂ ਗੈਸ ਏਜੰਸੀ ਦੇ ਧਨਾਢ ਅਧਿਕਾਰੀ ਵੱਲੋਂ ਕੰਪਨੀ ਦੇ ਨਿਯਮਾਂ ਦੀ ਘੋਰ ਉਲੰਘਣਾ ਕਰਕੇ ਏਜੰਸੀ ਦਾ ਰਿਕਾਰਡ ਲਕੋਇਆ ਜਾ ਰਿਹਾ ਹੈ, ਜਿਸ ਕਾਰਨ ਗੈਸ ਏਜੰਸੀ ਅਤੇ ਗੋਦਾਮ ਦੇ ਬਾਹਰ ਸਟਾਕ ਬੋਰਡ ਵੀ ਨਹੀਂ ਲਗਾਏ ਗਏ, ਤਾਂ ਜੋ ਲੋਕਾਂ ਨੂੰ ਇਹ ਨਾ ਪਤਾ ਲੱਗ ਸਕੇ ਕਿ ਏਜੰਸੀ ਕੋਲ ਖਾਲੀ ਜਾਂ ਭਰੇ ਹੋਏ ਸਿਲੰਡਰਾਂ ਦੀ ਅਸਲ ਸਥਿਤੀ ਕੀ ਹੈ, ਸਗੋਂ ਲੋਕਾਂ ਨੂੰ ਗੈਸ ਖ਼ਤਮ ਹੋਣ ਦਾ ਕਹਿ ਕੇ ਵਾਪਿਸ ਮੋੜ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਇਹ ਸਭ ਸਬੰਧਿਤ ਗੈਸ ਕੰਪਨੀ ਦੇ ਅਤੇ ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨ੍ਹਾਂ ਹੋਣਾ ਸੰਭਵ ਹੀ ਨਹੀਂ ਜਾਪਦਾ ਹੈ | ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਉਕਤ ਗੈਸ ਏਜੰਸੀ ਦੇ ਰਿਕਾਰਡ ਦੀ ਜਾਂਚ ਕਰਵਾ ਕੇ ਇਲਾਕੇ ਦੇ ਲੋਕਾਂ ਨੂੰ ਰਾਹਤ ਦਿਵਾਈ ਜਾਵੇ | ਇਸ ਮੌਕੇ ਇਲਾਕੇ ਦੇ ਵੱਡੀ ਗਿਣਤੀ ਲੋਕ ਉਥੇ ਮੌਜੂਦ ਸਨ |