ਭਗਤਾ ਭਾਈਕਾ, 17 ਅਪ੍ਰੈਲ (ਸੁਖਪਾਲ ਸਿੰਘ ਸੋਨੀ)-'ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ' ਭਗਤਾ ਭਾਈਕਾ ਦੇ ਵਿਦਿਆਰਥੀ ਆਏ ਦਿਨ ਬੁਲੰਦੀਆਂ ਨੂੰ ਛੂਹਣ ਵਾਲੀਆਂ ਪ੍ਰਾਪਤੀਆਂ ਕਰਦੇ ਹਨ | ਇਸ ਸੰਸਥਾ ਦੇ ਵਿਦਿਆਰਥੀਆਂ ਨੇ ਇਸ ਵਾਰ ਵੀ ਦਸਵੀਂ ਜਮਾਤ ਦੇ ਨਤੀਜੇ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਦੇ ਹੋਏ ਪਿਛਲੇ ਸਾਲਾਂ ਦੇ ਰਿਕਾਰਡ ਨੂੰ ਮਾਤ ਪਾ ਦਿੱਤੀ ਹੈ | ਸਕੂਲ ਅਨੁਸਾਰ ਇਸ ਸਾਲ ਦਸਵੀਂ ਜਮਾਤ ਦੇ 154 ਵਿਦਿਆਰਥੀਆਂ ਨੇ 100 ਫੀਸਦੀ ਨਤੀਜਾ ਦਿੱਤਾ ਹੈ | ਸਕੂਲ ਪਿ੍ੰਸੀਪਲ ਰੂਪ ਲਾਲ ਬਾਂਸਲ ਨੇ ਦੱਸਿਆ ਕਿ ਦਸਵੀਂ ਜਮਾਤ ਦੇ 154 ਵਿਦਿਆਰਥੀਆਂ ਵਿਚੋਂ 87 ਵਿਦਿਆਰਥੀਆਂ ਨੇ ਪੰਜਾਬੀ, 28 ਵਿਦਿਆਰਥੀਆਂ ਨੇ ਸੋਸ਼ਲ ਸਾਇੰਸ, 21 ਵਿਦਿਆਰਥੀਆਂ ਨੇ ਅੰਗਰੇਜ਼ੀ, 18 ਵਿਦਿਆਰਥੀਆਂ ਨੇ ਸਾਇੰਸ, 11 ਵਿਦਿਆਰਥੀਆਂ ਨੇ ਗਣਿਤ, 32 ਵਿਦਿਆਰਥੀਆਂ ਨੇ ਆਈ. ਟੀ. ਅਤੇ 10 ਵਿਦਿਆਰਥੀਆਂ ਨੇ ਹਿੰਦੀ ਨੇ ਵਿਸ਼ੇ ਵਿਚੋਂ 90 ਫੀਸਦੀ ਤੋਂ ਉੱਪਰ ਅੰਕ ਪ੍ਰਾਪਤ ਕਰਕੇ ਆਪਣੇ ਅਧਿਆਪਕਾਂ, ਮਾਪਿਆਂ ਅਤੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਪੰਜਾਬੀ ਵਿਸ਼ੇ ਵਿਚੋਂ 10 ਵਿਦਿਆਰਥੀਆਂ ਨੇ 100/100 ਅੰਕ, ਸਾਇੰਸ ਵਿਸ਼ੇ ਵਿਚੋਂ 3 ਵਿਦਿਆਰਥੀਆਂ 99/100 ਅੰਕ, ਸੋਸ਼ਲ ਸਾਇੰਸ ਵਿਸ਼ੇ ਵਿਚੋਂ 3 ਵਿਦਿਆਰਥੀਆਂ 99/100 ਅੰਕ, ਹਿੰਦੀ ਵਿਸ਼ੇ ਵਿਚੋਂ 1 ਵਿਦਿਆਰਥੀ 98/100 ਅੰਕ, ਅੰਗਰੇਜ਼ੀ ਵਿਸ਼ੇ ਵਿਚੋਂ 5 ਵਿਦਿਆਰਥੀਆਂ ਨੇ 97/100 ਅੰਕ, ਗਣਿਤ ਵਿਸ਼ੇ ਵਿਚੋਂ 1 ਵਿਦਿਆਰਥੀ ਨੇ 97/100 ਅੰਕ , ਆਈ.ਟੀ. ਵਿਸ਼ੇ ਵਿਚੋਂ 8 ਵਿਦਿਆਰਥੀ ਨੇ 97/100 ਅੰਕ ਪ੍ਰਾਪਤ ਕਰਕੇ ਆਪਣੀ ਮਿਹਨਤ ਨੂੰ ਚਾਰ ਚੰਦ ਲਗਾਏ ਹਨ | ਉਨ੍ਹਾਂ ਦੱਸਿਆ ਕਿ ਉਕਤ ਪ੍ਰੀਖਿਆ ਵਿਚੋਂ ਹੋਣਹਾਰ ਵਿਦਿਆਰਥਣ ਜਸਮੀਨ ਕੌਰ ਪੁੱਤਰੀ ਸੁਖਚੈਨ ਸਿੰਘ ਵਾਸੀ ਜੀਦਾ ਨੇ 98.40 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਹਰਿਤੀ ਸਿੰਗਲਾ ਪੁੱਤਰੀ ਨਵੀਨ ਕੁਮਾਰ ਵਾਸੀ ਭਗਤਾ ਭਾਈਕਾ ਅਤੇ ਮਨਵੀਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮੱਲਾ ਨੇ 98 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ, ਅਭਿਨੂਰ ਕੌਰ ਪੁੱਤਰੀ ਬਲਵੰਤ ਸਿੰਘ ਵਾਸੀ ਕੋਠੇ ਮਹਿਲਰ ਫਤਹਿਗੜ੍ਹ ਨੇ 97.60 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕਰਦੇ ਸੰਸਥਾ ਦਾ ਨਾਮ ਚਮਕਾਇਆ ਹੈ | ਸਕੂਲ ਦੇ 9 ਵਿਦਿਆਰਥੀਆਂ ਨੇ 95 ਫੀਸਦੀ ਤੋਂ ਉਪਰ ਅੰਕ ਪ੍ਰਾਪਤ ਕੀਤੇ ਹਨ | ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥੀਆਂ ਦੀ ਰਿਕਾਰਡ ਤੋੜ ਸਫ਼ਲਤਾ ਪ੍ਰਾਪਤ ਕਰਨ ਤੇ ਸ਼ਲਾਘਾ ਕੀਤੀ | ਸਕੂਲ ਦਾ ਸ਼ਾਨਦਾਰ ਨਤੀਜਾ ਆਉਣ ਦੀ ਖੁਸ਼ੀ ਵਿੱਚ ਸਕੂਲ ਵਿਚ ਸ਼ਨੀਵਾਰ ਦੀ ਛੁੱਟੀ ਦਾ ਐਲਾਨ ਕੀਤਾ ਗਿਆ | ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ 'ਸ਼ੈਰੀ ਢਿੱਲੋਂ' (ਵਾਈਸ ਚੇਅਰਮੈਨ), ਰਾਜਵਿੰਦਰ ਸਿੰਘ ਸੋਢੀ (ਜਨਰਲ ਸਕੱਤਰ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਨੇ ਪਿ੍ੰਸੀਪਲ, ਕੋਆਰਡੀਨੇਟਰਜ਼ ਅਤੇ ਸਮੂਹ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ |