ਭਗਤਾ ਭਾਈਕਾ, 17 ਅਪ੍ਰੈਲ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਰਮੋਰ ਸੰਸਥਾ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ ਵਿਚ ਵਿਸਾਖੀ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਰੌਣਕ ਨਾਲ ਮਨਾਇਆ ਗਿਆ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਗੁਰਿੰਦਰ ਕੌਰ ਦੀ ਅਗਵਾਈ ਹੇਠ ਵੱਖ-ਵੱਖ ਗਤੀਵਿਧੀਆਂ ਹੋਈਆਂ | ਜੂਨੀਅਰ ਵਿੰਗ ਦੇ ਵਿਦਿਆਰਥੀਆਂ ਵਲੋਂ ਵਿਸਾਖੀ ਸਬੰਧੀ ਖੂਬਸੂਰਤ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ | ਨਰਸਰੀ ਤੋਂ ਯੂ. ਕੇ. ਜੀ. ਤੱਕ ਦੇ ਬੱਚੇ ਪੰਜਾਬੀ ਪਹਿਰਾਵੇ ਵਿਚ ਸਜੇ ਹੋਏ ਬਹੁਤ ਹੀ ਸੁਹਣੇ ਲੱਗ ਰਹੇ ਸਨ | ਇਨ੍ਹਾਂ ਛੋਟੇ-ਛੋਟੇ ਬੱਚਿਆਂ ਨੇ ਵਿਸਾਖੀ ਨਾਲ ਸਬੰਧਿਤ ਪੰਜਾਬੀ ਕਵਿਤਾਵਾਂ ਵੀ ਬੜੇ ਆਤਮ-ਵਿਸ਼ਵਾਸ ਨਾਲ ਸੁਣਾਈਆਂ | ਜਮਾਤ ਪਹਿਲੀ ਅਤੇ ਦੂਜੀ ਦੇ ਮੁੰਡਿਆਂ ਨੇ ਕੁਰਤਾ-ਪਜਾਮਾ ਅਤੇ ਕੇਸਰੀ ਦਸਤਾਰ ਪਹਿਨ ਕੇ ਅਤੇ ਕੁੜੀਆਂ ਨੇ ਪੰਜਾਬੀ ਸੂਟ ਪਹਿਨ ਕੇ ਸਮਾਗਮ ਦੀ ਰੌਣਕ ਵਧਾਈ | ਇਨ੍ਹਾਂ ਵਿਦਿਆਰਥੀਆਂ ਵਲੋਂ ਰੰਗਾਰੰਗ ਗਤੀਵਿਧੀਆਂ ਪੇਸ਼ ਕੀਤੀਆਂ ਗਈਆਂ ਅਤੇ ਵਿਸਾਖੀ ਬਾਰੇ 4-5 ਲਾਈਨਾਂ ਵੀ ਬੋਲੀਆਂ ਗਈਆਂ | ਇਸ ਮੌਕੇ ਬਾਰ੍ਹਵੀਂ ਦੀ ਵਿਦਿਆਰਥਣ ਗਗਨਦੀਪ ਕੌਰ ਵਲੋਂ ਵਿਸਾਖੀ ਦੇ ਮਹੱਤਵ ਬਾਰੇ ਭਾਸ਼ਣ ਪੇਸ਼ ਕੀਤਾ ਅਤੇ ਵਿਸਾਖੀ ਨਾਲ ਸਬੰਧਿਤ ਜਾਣਕਾਰੀ ਦਿੱਤੀ | ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿਚ ਐਕਟੀਵਿਟੀ ਇੰਚਾਰਜ ਸ੍ਰੀਮਤੀ ਅਮਨਦੀਪ ਕੌਰ ਅਤੇ ਸ੍ਰੀਮਤੀ ਰਾਜੀਵ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ | ਪਿ੍ੰਸੀਪਲ ਗੁਰਿੰਦਰ ਕੌਰ ਨੇ ਵਿਦਿਆਰਥੀਆਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਬੱਚਿਆਂ ਨੂੰ ਸੱਭਿਆਚਾਰਕ ਅਤੇ ਸੰਸਕਿ੍ਤੀ ਨਾਲ ਜੋੜਿਆ ਜਾਂਦਾ ਹੈ |