ਬਠਿੰਡਾ, 17 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ): ਕੇਂਦਰ ਸਰਕਾਰ ਵਲੋਂ ਲੋਕ ਸਭਾ ਵਿਚ ਮਹਿਲਾ ਰਿਜ਼ਰਵੇਸ਼ਨ ਬਿੱਲ ਪਾਸ ਕੀਤੇ ਜਾਣ 'ਤੇ ਭਾਰਤੀ ਜਨਤਾ ਪਾਰਟੀ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਇਸਨੂੰ ਦੇਸ਼ ਦੀਆਂ ਮਹਿਲਾਵਾਂ ਲਈ ਇਤਿਹਾਸਕ ਉਪਲਬਧੀ ਕਰਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਮਹਿਲਾਵਾਂ ਨੂੰ ਰਾਜਨੀਤਿਕ ਤੌਰ 'ਤੇ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗਾ | ਸਿੰਗਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ | ਉਨ੍ਹਾਂ ਕਿਹਾ ਕਿ ਕਾਫੀ ਸਮੇਂ ਤੋਂ ਲੰਬਿਤ ਇਸ ਬਿੱਲ ਦੇ ਪਾਸ ਹੋਣ ਨਾਲ ਹੁਣ ਲੋਕ ਸਭਾ ਅਤੇ ਵਿਧਾਨ ਸਭਾ ਵਿਚ ਮਹਿਲਾਵਾਂ ਦੀ ਭਾਗੀਦਾਰੀ ਵਧੇਗੀ, ਜਿਸ ਨਾਲ ਦੇਸ਼ ਦੀ ਲੋਕਤੰਤਰਿਕ ਪ੍ਰਣਾਲੀ ਹੋਰ ਮਜ਼ਬੂਤ ਹੋਵੇਗੀ | ਉਨ੍ਹਾਂ ਕਿਹਾ ਕਿ ਭਾਰਤੀ ਸੰਸਕਿ੍ਤੀ ਵਿਚ ਮਹਿਲਾਵਾਂ ਨੂੰ ਹਮੇਸ਼ਾ ਸਨਮਾਨ ਦਿੱਤਾ ਗਿਆ ਅਤੇ ਇਹ ਬਿੱਲ ਉਸੇ ਪਰੰਪਰਾ ਨੂੰ ਅੱਗੇ ਵਧਾਉਣ ਦਾ ਕੰਮ ਕਰੇਗਾ | ਸਿੰਗਲਾ ਨੇ ਵਿਸ਼ਵਾਸ ਜਤਾਇਆ ਕਿ ਆਉਣ ਵਾਲੇ ਸਮੇਂ ਵਿਚ ਮਹਿਲਾਵਾਂ ਰਾਜਨੀਤੀ ਵਿਚ ਹੋਰ ਸਰਗਰਮ ਭੂਮਿਕਾ ਨਿਭਾਉਂਦੀਆਂ ਹੋਈਆਂ ਸਮਾਜ ਦੇ ਵਿਕਾਸ ਵਿਚ ਅਹਿਮ ਯੋਗਦਾਨ ਪਾਉਣਗੀਆਂ | ਉਨ੍ਹਾਂ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਫ਼ੈਸਲਾ ਨਾਰੀ ਸ਼ਕਤੀ ਨੂੰ ਸਮਰਪਿਤ ਹੈ ਅਤੇ ਉਨ੍ਹਾਂ ਪਾਰਟੀ ਵਰਕਰਾਂ ਅਤੇ ਸ਼ਹਿਰ ਵਾਸੀਆਂ ਨੂੰ ਵੀ ਇਸ ਇਤਿਹਾਸਕ ਫ਼ੈਸਲੇ ਦਾ ਸਵਾਗਤ ਕਰਨ ਦੀ ਅਪੀਲ ਕੀਤੀ | ਸਿੰਗਲਾ ਨੇ ਕਿਹਾ ਕਿ ਮਹਿਲਾ ਰਿਜ਼ਰਵੇਸ਼ਨ ਬਿੱਲ ਦੇ ਲਾਗੂ ਹੋਣ ਨਾਲ ਦੇਸ਼ ਦੀ ਅੱਧੀ ਆਬਾਦੀ ਨੂੰ ਉਨ੍ਹਾਂ ਦਾ ਹੱਕ ਮਿਲੇਗਾ ਅਤੇ ਭਾਰਤ ਵਿਕਾਸ ਦੇ ਨਵੇਂ ਮਾਪਦੰਡ ਸਥਾਪਿਤ ਕਰੇਗਾ |