ਭੁੱਚੋ ਮੰਡੀ, 17 ਅਪ੍ਰੈਲ (ਪਰਵਿੰਦਰ ਸਿੰਘ ਜੌੜਾ)-ਲਹਿਰਾ ਬੇਗਾ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਵਲੋਂ ਕੇਂਦਰ ਸਰਕਾਰ ਦੀ ਕੈਸ਼ਲੈਸ ਟੋਲ ਪ੍ਰਣਾਲੀ ਖ਼ਿਲਾਫ਼ ਤਿੱਖਾ ਵਿਰੋਧ ਜਤਾਇਆ ਗਿਆ | ਇਸ ਦੌਰਾਨ ਲਹਿਰਾ ਬੇਗਾ ਟੋਲ ਪਲਾਜ਼ੇ ਨੂੰ ਤਿੰਨ ਘੰਟਿਆਂ ਲਈ ਟੋਲ ਮੁਕਤ ਕਰ ਦਿੱਤਾ ਗਿਆ, ਜਿਸ ਨਾਲ ਆਵਾਜਾਈ ਕਰਨ ਵਾਲੇ ਲੋਕਾਂ ਨੂੰ ਵੱਡੀ ਰਾਹਤ ਮਿਲੀ | ਯੂਨੀਅਨ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵਲੋਂ ਲਾਗੂ ਕੀਤੀ ਗਈ ਕੈਸ਼ਲੈਸ ਨੀਤੀ ਜ਼ਮੀਨੀ ਹਕੀਕਤਾਂ ਨਾਲ ਮੇਲ ਨਹੀਂ ਖਾਂਦੀ | ਉਨ੍ਹਾਂ ਦੱਸਿਆ ਕਿ ਦੇਸ਼ ਦੇ ਵੱਡੇ ਹਿੱਸੇ ਦੇ ਲੋਕ ਅਜੇ ਵੀ ਨਕਦ ਭੁਗਤਾਨ 'ਤੇ ਨਿਰਭਰ ਹਨ ਅਤੇ ਕਈ ਲੋਕ ਯੂਪੀਆਈ, ਨੈੱਟ ਬੈਂਕਿੰਗ ਜਾਂ ਡਿਜੀਟਲ ਭੁਗਤਾਨ ਸੇਵਾਵਾਂ ਵਰਤਣ ਵਿਚ ਅਸਮਰੱਥ ਹਨ | ਯੂਨੀਅਨ ਨੇ ਦਲੀਲ ਦਿੱਤੀ ਕਿ ਸਰਵਰ ਡਾਊਨ ਹੋਣ ਅਤੇ ਨੈੱਟਵਰਕ ਸਮੱਸਿਆਵਾਂ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ, ਜਿਸ ਨਾਲ ਆਮ ਜਨਤਾ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਤੋਂ ਇਲਾਵਾ ਕੈਸ਼ ਬੰਦ ਹੋਣ ਨਾਲ ਟੋਲ ਕਰਮਚਾਰੀਆਂ ਅਤੇ ਵਾਹਨ ਚਾਲਕਾਂ ਵਿਚਕਾਰ ਝਗੜਿਆਂ ਵਿਚ ਵੀ ਵਾਧਾ ਹੋਇਆ ਹੈ, ਜਿਸ ਨਾਲ ਕਰਮਚਾਰੀਆਂ ਦੀ ਸੁਰੱਖਿਆ ਖ਼ਤਰੇ ਵਿੱਚ ਪੈ ਰਹੀ ਹੈ | ਯੂਨੀਅਨ ਅਨੁਸਾਰ ਲੋਕਾਂ ਵਲੋਂ ਵੀ ਇਸ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਦੇਸ਼ ਦੀ ਆਪਣੀ ਕਰੰਸੀ ਨੂੰ ਸਵੀਕਾਰ ਨਾ ਕਰਨਾ ਭਾਰਤੀ ਸੰਵਿਧਾਨ ਦੀ ਉਲੰਘਣਾ ਬਰਾਬਰ ਹੈ | ਯੂਨੀਅਨ ਨੇ ਮੰਗ ਕੀਤੀ ਕਿ ਕੈਸ਼ਲੈਸ ਟੋਲ ਪ੍ਰਣਾਲੀ ਨੂੰ ਤੁਰੰਤ ਰੱਦ ਕੀਤਾ ਜਾਵੇ, ਟੋਲ ਪਲਾਜ਼ਿਆਂ 'ਤੇ ਕੈਸ਼ ਅਤੇ ਡਿਜੀਟਲ ਦੋਵਾਂ ਭੁਗਤਾਨ ਦੀ ਸਹੂਲਤ ਲਾਜ਼ਮੀ ਕੀਤੀ ਜਾਵੇ, ਟੋਲ ਕਰਮਚਾਰੀਆਂ ਦੀ ਸੁਰੱਖਿਆ ਲਈ ਪੁਲਿਸ ਸਹਾਇਤਾ ਅਤੇ ਪੱਕੇ ਪ੍ਰਬੰਧ ਕੀਤੇ ਜਾਣ, ਯੂਨੀਅਨ ਨਾਲ ਸੰਵਾਦ ਕਰਕੇ ਜ਼ਮੀਨੀ ਹਕੀਕਤਾਂ ਨੂੰ ਸਮਝਿਆ ਜਾਵੇ | ਇਸ ਪ੍ਰਦਰਸ਼ਨ ਦੌਰਾਨ ਕਿਸਾਨਾਂ, ਮਜ਼ਦੂਰ ਭਰਾਤਰੀ ਅਤੇ ਵੱਖ-ਵੱਖ ਲੋਕ ਇਨਸਾਫ ਜਥੇਬੰਦੀਆਂ ਵਲੋਂ ਭਰਪੂਰ ਸਹਿਯੋਗ ਦਿੱਤਾ ਗਿਆ | ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਵਲੋਂ ਕੈਸ਼ਲੈਸ ਪ੍ਰਣਾਲੀ ਨੂੰ ਵਾਪਸ ਨਹੀਂ ਲਿਆ ਜਾਂਦਾ ਤਾਂ ਆਉਣ ਵਾਲੇ ਸਮੇਂ ਵਿਚ ਟੋਲ ਪਲਾਜ਼ਿਆਂ ਨੂੰ ਅਣਮਿੱਥੇ ਸਮੇਂ ਲਈ ਮੁਫ਼ਤ ਕੀਤਾ ਜਾਵੇਗਾ | ਇਸ ਸਬੰਧੀ ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਤੋਂ ਮੰਗ ਕੀਤੀ ਗਈ ਹੈ ਕਿ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਜਲਦ ਫੈਸਲਾ ਕੀਤਾ ਜਾਵੇ | ਇਸ ਮੌਕੇ ਬੂਟਾ ਸਿੰਘ ਤੁੰਗਵਾਲੀ, ਸਰਬਜੀਤ ਸਿੰਘ ਜੈਦ ਤੁੰਗਵਾਲੀ, ਜਗਸੀਰ ਸਿੰਘ ਦੰਦੀਵਾਲ, ਬਹਾਦਰ ਸਿੰਘ ਚੋਟਕਾ ਅਤੇ ਹੋਰ ਹਾਜ਼ਰ ਸਨ |